October 14, 2011 admin

ਕੇਂਦਰੀ ਸੁਧਾਰ ਘਰ ਗੁੰਮਟਾਲਾ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਵਿਸ਼ੇਸ਼ ਨਾਟਕ ਦਾ ਮੰਚਨ

ਸਮਾਜਿਕ ਬੁਰਾਈਆਂ ਵਿਰੁੱਧ ਨਾਟਕਾਂ ਦੇ ਜਰੀਏ ਜਾਗਰੂਕਤਾ ਫੈਲਾਉਣ ਦਾ ਸਿਲਸਲਾ ਲਗਾਤਾਰ ਜਾਰੀ ਰੱਖਿਆ ਜਾਵੇਗਾ- ਪ੍ਰੋ: ਲਕਸ਼ਮੀ ਕਾਂਤਾ ਚਾਵਲਾ
ਅੰਮ੍ਰਿਤਸਰ – ਕੇਂਦਰੀ ਸੁਧਾਰ ਘਰ ਗੁੰਮਟਾਲਾ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਵਿਸ਼ੇਸ਼ ਨਾਟਕ ”ਸਿਖ਼ਰ ਦੁਪਹਿਰੇ ਰਾਤ” ਦਾ ਮੰਚਨ ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਥੀਏਟਰ ਪਰਸਨਜ਼ ਗਰੁੱਪ ਰਾਹੀਂ  ਕਰਵਾਇਆ ਗਿਆ। ਇਸ ਮੌਕੇ ਪ੍ਰੋ: ਲਕਸ਼ਮੀ ਕਾਂਤਾ ਚਾਵਲਾ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ। ਤਕਰੀਬਨ 45 ਮਿੰਟ ਚੱਲੀ ਇਸ ਦਿਲ  ਟੁੰਬਵੀਂ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਨਾ ਸਿਰਫ ਕੀਲੀ ਰੱਖਿਆ ਬਲਕਿ ਨਸ਼ਿਆਂ ਦੀ ਲਾਹਨਤ ਤੋਂ ਬਚਣ ਲਈ ਪ੍ਰੇਰਿਆ। ਭਰਪੂਰ ਮਨੋਰੰਜਕ ਅਤੇ ਪ੍ਰੇਰਨਾਦਾਇਕ ਪੇਸ਼ਕਾਰੀ ਪ੍ਰਤੀ ਆਪਣੀ ਪ੍ਰਤੀਕਿਰਿਆ ਕੈਦੀਆਂ ਨੇ ਜੋਰਦਾਰ ਤਾਲੀਆਂ ਦੀ ਗੜਗੜਾਹਟ ਨਾਲ ਪ੍ਰਗਟ ਕੀਤੀ। ਨਾਟਕ ਦੇ ਮੰਚਨ ਉਪਰੰਤ ਪੱਤਰਕਾਰਾਂ ਨਾਲ ਗੈਰਰਸਮੀ ਗੱਲਬਾਤ ਕਰਦਿਆਂ ਸਮਾਜਿਕ ਸੁਰੱਖਿਆ ਮੰਤਰੀ ਪੰਜਾਬ ਨੇ ਦੱਸਿਆ ਕਿ ਸਮੇਂ ਦੀ ਲੋੜ ਹੈ ਕਿ ਸਮਾਜਿਕ ਬੁਰਾਈਆਂ ਵਿਰੁੱਧ ਲੋਕ ਲਹਿਰ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਸਮਾਜ ਵਿੱਚ ਚੇਤੰਨਤਾ ਲਿਆਉਣ ਲਈ ਯੋਜਨਾਬੱਧ ਢੰਗ ਨਾਲ ਸਮਾਜਿਕ ਬੁਰਾਈਆਂ ਵਿਰੁੱਧ ਨਾਟਕਾਂ ਦੀ ਪੇਸ਼ਕਾਰੀ ਕਰਵਾਈ ਜਾਵੇਗੀ। ਕੇਂਦਰੀ ਸੁਧਾਰ ਘਰ ਵਿੱਚ ਨਾਟਕ ਦੇ ਮੰਚਨ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਮ ਤੌਰ ਤੇ ਬਹੁਤੇ ਅਪਰਾਧ ਅਤੇ ਦੁਰਘਟਨਾਵਾਂ ਨਸ਼ੇ ਦੀ ਹਾਲਤ ਵਿੱਚ ਹੁੰਦੀਆਂ ਹਨ, ਇਸ ਲਈ ਨਸ਼ਾ ਵਿਰੋਧੀ ਨਾਟਕ ਕੇਂਦਰੀ ਜੇਲ ਵਿੱਚ ਪੇਸ਼ ਕਰਕੇ ਕੈਦੀਆਂ ਨੂੰ ਇਸ ਲਾਹਨਤ ਤੋਂ ਭਵਿੱਖ ਵਿੱਚ ਦੂਰ ਰਹਿਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।  ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਨੇਕ ਮੰਤਵ ਲਈ ਨੇਕ ਨੀਅਤ ਨਾਲ  ਇਹ ਉਪਰਾਲਾ ਆਰੰਭਿਆ ਗਿਆ ਹੈ ਇਸ ਲਈ ਇਸ ਦੇ ਸਿੱਟੇ ਜਰੂਰ ਚੰਗੇ ਨਿਕਲਣਗੇ। ਇਸ ਮੌਕੇ ਕੇਂਦਰੀ ਸੁਧਾਰ ਘਰ ਵਿੱਚ ਵੱਡੀ ਤਾਦਾਦ ਵਿੱਚ ਉਮਰ ਦਰਾਜ ਕੈਦੀਆਂ ਨੂੰ ਵੇਖ ਕੇ ਪ੍ਰੋ: ਚਾਵਲਾ ਨੇ ਸੁਪਰਡੰਟ ਜੇਲ ਨੂੰ ਹਦਾਇਤ ਕੀਤੀ ਕਿ 70 ਸਾਲਾਂ ਤੋਂ ਵੱਧ ਉਮਰ ਦੇ ਕੈਦੀਆਂ ਦਾ ਵੇਰਵਾ ਤਿਆਰ ਕਰਕੇ ਸਰਕਾਰ ਪਾਸ ਭੇਜਿਆ ਜਾਵੇ ਤਾਂ ਜੋ ਉਮਰ ਆਖਰੀ ਪੜਾਅ ਵਿੱਚ ਜਿੰਦਗੀ ਬਤੀਤ ਕਰ ਰਹੇ ਬਜੁਰਗਾਂ ਦੇ ਕੇਸਾਂ ਪ੍ਰਤੀ ਸਰਕਾਰ ਹਮਦਰਦੀ ਨਾਲ ਗੌਰ ਕਰ ਸਕੇ। ਸ੍ਰ ਟੀ:ਐਸ:ਮੌਰ, ਸੁਪਰੰਡਟ ਕੇਂਦਰੀ ਸੁਧਾਰ ਘਰ ਗੁੰਮਟਾਲਾ ਨੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਚੇਤੰਨਤਾ ਫੈਲਾਉਣ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ  ਦੱਸਿਆ ਕਿ ਜੇਲ ਪ੍ਰਸਾਸ਼ਨ ਵੱਲੋਂ ਵੀ ਦੀਵਾਲੀ ਦੇ ਮੌਕੇ ਕੈਦੀਆਂ ਲਈ ਮਨੋਰੰਜਨ ਭਰਪੂਰ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ। Îਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜਿਕ ਸੁਰੱਖਿਆ ਅਫਸਰ ਸ੍ਰ ਨਰਿੰਦਰਜੀਤ ਸਿੰਘ ਪਨੂੰ, ਪ੍ਰੋਗਰਾਮ ਅਫਸਰ ਸ੍ਰੀਮਤੀ ਗੁਰਿੰਦਰਜੀਤ ਕੌਰ, ਵੱਖ ਵੱਖ ਬਲਾਕਾਂ ਦੇ ਬਾਲ ਵਿਕਾਸ ਪ੍ਰਾਜੈਕਟ ਅਫਸਰ, ਸ੍ਰੀ ਪਵਨ ਕੁੰਦਰਾ, ਡਾ: ਰਾਕੇਸ਼ ਸ਼ਰਮਾ ਵੀ ਹਾਜਰ ਸਨ।

Translate »