*ਲਿਫਟਿੰਗ ਪ੍ਰਕਿਰਿਆ ਤੇ ਕੀਤਾ ਤਸੱਲੀ ਦਾ ਪ੍ਰਗਟਾਵਾ
*ਕਿਹਾ ਸੂਬਾ ਸਰਕਾਰ ਵੱਲੋਂ ਝੋਨੇ ਦੀ ਖਰੀਦ ਪ੍ਰਕਿਰਿਆ ਨੂੰ ਦਿੱਤੀ ਜਾ ਰਹੀ ਪਰਮ ਅਗੇਤ
*ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਕੀਤੀ ਜਾਵੇਗੀ ਸਖਤ ਕਾਰਵਾਈ-ਗੁਰੂ
ਅੰਮ੍ਰਿਤਸਰ – ਸ੍ਰ ਦਰਬਾਰਾ ਸਿੰਘ ਗੁਰੂ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਪੰਜਾਬ ਨੇ ਅੱਜ ਜਿਲ੍ਹਾ ਅੰਮ੍ਰਿਤਸਰ ਦੀਆਂ ਭਕਨਾ, ਅਟਾਰੀ, ਭਗਤਾਂ ਵਾਲਾ, ਜੰਡਿਆਲਾ ਅਤੇ ਰਈਆ ਮੰਡੀਆਂ ਦਾ ਦੌਰਾ ਕੀਤਾ ਤੇ ਖਰੀਦ, ਅਦਾਇਗੀ ਅਤੇ ਜਿਣਸ ਦੀ ਚੁਕਾਈ ਪ੍ਰਬੰਧਾਂ ਦਾ ਨਰੀਖਣ ਕੀਤਾ। ਵੱਖ ਵੱਖ ਮੰਡੀਆਂ ਵਿੱਚ ਆਪਣੀ ਫੇਰੀ ਦੌਰਾਨ ਸ੍ਰ ਗੁਰੂ ਨੇ ਕਿਸਾਨਾਂ ਤੇ ਆੜਤੀਆਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਪਾਸੋਂ ਖਰੀਦ ਪ੍ਰਬੰਧਾਂ ਦੀ ਜਮੀਨੀ ਹਕੀਕਤ ਦੀ ਜਾਣਕਾਰੀ ਲਈ।
ਨਰੀਖਣ ਉਪਰੰਤ ਪੱਤਰਕਾਰਾਂ ਨਾਲ ਗੈਰਰਸਮੀ ਗੱਲਬਾਤ ਕਰਦਿਆਂ ਸ੍ਰ ਗੁਰੂ ਨੇ ਦੱਸਿਆ ਕਿ ਇਸ ਸਾਲ ਤਕਰੀਬਨ 133 ਲੱਖ ਮੀਟਰਕ ਟਨ ਝੋਨਾ ਸੂਬੇ ਦੀਆਂ ਵੱਖ ਵੱਖ ਮੰਡੀਆਂ ਵਿੱਚ ਆਉਣ ਦੀ ਸੰਭਾਵਨਾ ਹੈ ਜਦ ਕਿ ਪਿਛਲੇ ਸਾਲ ਤਕਰੀਬਨ 131 ਲੱਖ ਮੀਟਰਕ ਟਨ ਝੋਨਾ ਮੰਡੀਆਂ ਵਿੱਚ ਆਇਆ ਸੀ। ਉਨ੍ਹਾਂ ਦੱਸਿਆ ਕਿ ਝੋਨੇ ਦੀ ਅਨੁਮਾਨਤ ਆਮਦ ਵਿੱਚੋਂ 22 ਫੀਸਦੀ ਭਾਵ 27.50 ਲੱਖ ਮੀਟਰਕ ਟਨ ਝੋਨਾ ਮੰਡੀਆਂ ਵਿੱਚ ਆ ਚੁੱਕਾ ਹੈ ਅਤੇ ਇਸ ਵਿੱਚੋਂ 25 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਵੀ (ਭਾਵ 95 ਫੀਸਦੀ ਖਰੀਦ) ਕੀਤੀ ਜਾ ਚੁੱਕੀ ਹੈ। ਉਨ੍ਹਾ ਕਿਹਾ ਕਿ ਅੰਕੜਿਆਂ ਤੋਂ ਸਪਸ਼ਟ ਹੈ ਕਿ ਮੰਡੀਆਂ ਵਿੱਚ ਪਹੁੰਚ ਰਹੇ ਝੋਨੇ ਦੀ ਨਿਰਵਿਘਨ ਖਰੀਦ ਹੋ ਰਹੀ ਹੈ ਅਤੇ ਕਿਸੇ ਵੀ ਕਿਸਾਨ ਨੂੰ ਆਪਣੀ ਜਿਣਸ ਨੂੰ ਵੇਚਣ ਲਈ ਮੰਡੀ ਵਿੱਚ ਇਕ ਦਿਨ ਤੋਂ ਵੱਧ ਇੰਤਜਾਰ ਨਹੀਂ ਕਰਨਾ ਪੈਂਦਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮੰਡੀਆਂ ਵਿੱਚ ਝੋਨੇ ਦੀ ਆਮਦ ਜਿਆਦਾ ਹੋਈ ਹੈ।
ਅਦਾਇਗੀ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ੍ਰ ਗੁਰੂ ਨੇ ਦੱਸਿਆ ਕਿ ਸਰਕਾਰ ਵੱਲੋਂ ਹੁਣ ਤੱਕ 1900 ਕਰੋੜ ਰੁਪਏ ਦੀ ਜਿਣਸ ਖਰੀਦੀ ਜਾ ਚੁੱਕੀ ਹੈ ਜਿਸ ਵਿੱਚੋਂ ਬੀਤੀ ਸ਼ਾਮ ਤੱਕ 1700 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫੌਰੀ ਅਦਾਇਗੀ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ 18,600 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ , ਜਿਸ ਸਦਕਾ ਰਾਜ ਦੀਆਂ 1750 ਤੋਂ ਵੱਧ ਮੰਡੀਆਂ ਵਿੱਚੋਂ ਖਰੀਦ ਕੀਤੇ ਝੋਨੇ ਦੀ ਫੌਰੀ ਅਦਾਇਗੀ ਯਕੀਨੀ ਬਣਾÂਂੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ ਪਰਕਾਸ਼ ਸਿੰਘ ਬਾਦਲ ਦੀਆਂ ਹਦਾਇਤਾਂ ਅਨੁਸਾਰ ਹਰ ਜਿਲ੍ਹੇ ਵਿੱਚ ਕਿਸਾਨਾਂ ਨੂੰ 48 ਘੰਟੇ ਦੇ ਅੰਦਰ ਅੰਦਰ ਜਿਣਸ ਦੀ ਅਦਾਇਗੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੱਡੀ ਮਾਤਰਾ ਵਿੱਚ ਝੋਨਾ ਮੰਡੀਆਂ ਵਿੱਚ ਆਉਣ ਦੀ ਸੰਭਾਵਨਾ ਹੈ ਜਿਸ ਦੇ ਮੱਧੇ ਨਜ਼ਰ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਖਰੀਦ ਏਜੰਸੀਆਂ ਨੂੰ ਸਰਕਾਰ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਮੰਡੀਆਂ ਵਿੱਚੋਂ ਜਲਦੀ ਤੋਂ ਜਲਦੀ ਲਿਫਟਿੰਗ ਯਕੀਨੀ ਬਣਾਈ ਜਾਵੇ।
ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਸ੍ਰ ਗੁਰੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਪਰਕਾਸ਼ ਸਿੰਘ ਬਾਦਲ ਵੱਲੋਂ ਝੋਨੇ ਦੀ ਖਰੀਦ ਪ੍ਰਕਿਰਿਆ ਨੂੰ ਪਰਮ ਅਗੇਤ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਸਬੰਧਤ ਅਫਸਰਾਂ ਪਾਸੋਂ ਰੋਜਾਨਾ ਰਾਜ ਦੀਆਂ ਵੱਖ ਵੱਖ ਮੰਡੀਆਂ ਵਿੱਚ ਝੋਨੇ ਦੀ ਆਮਦ, ਖਰੀਦ, ਚੁਕਾਈ ਅਤੇ ਅਦਾਇਗੀ ਬਾਰੇ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ। ਸ੍ਰ ਗੁਰੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਖਰੀਦ ਨਾਲ ਸਬੰਧਤ ਸਾਰੇ ਅਮਲ ਨੂੰ ਨਿਰਵਿਘਨ ਜਾਰੀ ਰੱਖਿਆ ਜਾਵੇਗਾ ਅਤੇ ਇਸ ਕੰਮ ਵਿੱਚ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਜਾਣ ਬੁੱਝ ਕੇ ਕੀਤੀ ਅਣਗਹਿਲੀ ਅਤੇ ਗੈਰਜਿੰਮੇਵਰਾਨਾ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ੍ਰ ਗੁਰੂ ਨੇ ਦੱਸਿਆ ਕਿ ਮੰਡੀਆਂ ਵਿੱਚੋਂ ਝੋਨੇ ਦੀ ਨਿਰਵਿਘਨ ਖਰੀਦ, ਅਦਾਇਗੀ ਅਤੇ ਚੁਕਾਈ ਯਕੀਨੀ ਬਣਾਊਣ ਲਈ ਸੂਬੇ ਨੂੰ 6 ਸੈਕਟਰਾਂ ਵਿੱਚ ਵੰਡਿਆਂ ਗਿਆ ਹੈ ਜਿੰਨਾਂ ਦੀ ਨਿਰਗਾਨੀ 4 ਡਵੀਜਨਲ ਕਮਿਸ਼ਨਰ ਅਤੇ 2 ਸਪੈਸ਼ਲ ਸਕੱਤਰ ਰੈਂਕ ਦੇ ਸੀਨੀਅਰ ਆਈ:ਏ:ਐਸ: ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਮੰਡੀ ਵਿੱਚ ਦੂਰ ਦੁਰਾਡੇ ਤੋਂ ਪੁੱਜੇ ਕਿਸਾਨਾਂ ਨਾਲ ਗੱਲਬਾਤ ਕਰਨ ਉਪਰੰਤ ਸ੍ਰ ਗੁਰੂ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਬਹੁਤੇ ਕਿਸਾਨ ਆਪਣੀ ਜਿਣਸ ਬੀਤੀ ਸ਼ਾਮ ਜਾਂ ਅੱਜ ਸਵੇਰੇ ਲਿਆਏ ਅਤੇ ਉਨ੍ਹਾਂ ਵੱਲੋਂ ਲਿਆਏ ਝੋਨੇ ਦੀ ਸਫਾਈ ਉਪਰੰਤ ਖਰੀਦ ਦਾ ਕੰਮ ਚੱਲ ਰਿਹਾ ਹੈ। ਸ੍ਰ ਗੁਰੂ ਨੇ ਕਿਹਾ ਕਿ ਮੰਡੀਆਂ ਵਿੱਚ ਚੱਲ ਰਹੀ ਖਰੀਦ ਪ੍ਰਕਿਰਿਆ ਵਿੱਚੋਂ ਜਿਣਸ ਦੀ ਸਫਾਈ ਅਤੇ ਸਮੇਂ ਸਿਰ ਖਰੀਦ ਤੇ ਅਦਾਇਗੀ ਦਾ ਸਿੱਧਾ ਅਸਰ ਕਿਸਾਨ ‘ਤੇ ਹੁੰਦਾ ਹੈ ਇਸ ਲਈ ਮੰਡੀ ਬੋਰਡ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਣਸ ਦੀ ਮੰਡੀ ਵਿੱਚ ਆਮਦ ਉਪਰੰਤ ਫੌਰਨ ਉਸ ਦੀ ਸਫਾਈ ਦੇ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਜੋ ਕਿਸਾਨ ਉਸ ਨੂੰ ਸਮੇਂ ਸਿਰ ਵੇਚ ਕੇ ਬਿਨਾਂ ਕਿਸੇ ਖੱਜਲ ਖੁਆਰੀ ਤੋਂ ਆਪਣੀ ਜਿਣਸ ਦਾ ਸਹੀ ਮੁੱਲ ਹਾਸਲ ਕਰ ਸਕੇ।
ਖਰੀਦ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਰਾਜ ਦੀਆਂ ਮੰਡੀਆਂ ਵਿੱਚ ਹੁਣ ਤੱਕ ਆਏ ਝੋਨੇ ਵਿੱਚੋਂ 25.50 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਅਤੇ 2 ਲੱਖ ਮੀਟਰਕ ਟਨ ਵਪਾਰੀਆਂ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਝੋਨੇ ਲਈ ਲੋੜੀਂਦੀ ਮਾਤਰਾ ਵਿੱਚ ਬਾਰਦਾਨੇ ਦਾ ਪ੍ਰਬੰਧ ਕੀਤਾ ਗਿਆ ਹੈ। ਸ੍ਰ ਗੁਰੂ ਨੇ ਕਿਹਾ ਕਿ ਸਰਕਾਰੀ ਏਜੰਸੀਆਂ ਨੂੰ ਬਾਰਦਾਨੇ ਦੀਆਂ ਤਕਰੀਬਨ 7 ਲੱਖ 20 ਹਜ਼ਾਰ ਗੱਠਾਂ ਦੀ ਲੋੜ ਪੈਣ ਦੀ ਸੰਭਾਵਨਾ ਹੈ ਅਤੇ ਪ੍ਰਾਈਵੇਟ ਖਰੀਦਦਾਰਾਂ ਦੀਆਂ ਲੋੜਾਂ ਨੂੰ ਵੀ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਬਾਰਦਾਨੇ ਦੀਆਂ 8 ਲੱਖ ਗੱਠਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਭਗਤਾਂ ਵਾਲਾ ਮੰਡੀ ਦੀ ਚੈਕਿੰਗ ਸਮੇਂ ਕੁਝ ਦੁਕਾਨਦਾਰਾਂ ਵੱਲੋਂ ਸ੍ਰ ਗੁਰੂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਮੰਡੀ ਦੇ ਨਜਦੀਕ ਕੂੜੇ ਦਾ ਡੰਪ ਹੋਣ ਕਾਰਨ ਬਹੁਤ ਸਾਰੇ ਲੋਕਾਂ ਵੱਲੋਂ ਕੂੜਾ ਮੰਡੀ ਵਿੱਚ ਸੁਟਿਆ ਜਾ ਰਿਹਾ ਹੈ, ਜਿਸ ਨਾਲ ਦੁਕਾਨਦਾਰਾਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਸਮੱਸਿਆ ਦੇ ਹੱਲ ਲਈ ਸ੍ਰ ਗੁਰੂ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਸ੍ਰੀ ਧਰਮਪਾਲ ਗੁਪਤਾ, ਕਮਿਸ਼ਨਰ ਨਗਰ ਨਿਗਮ ਅਤੇ ਜਿਲ੍ਹਾ ਮੰਡੀ ਅਫਸਰ ਦੀ ਅਗਵਾਈ ਵਿੱਚ ਇਕ ਕਮੇਟੀ ਮੌਕੇ ਤੇ ਹੀ ਗਠਿਤ ਕੀਤੀ ਜਿਸ ਵੱਲੋਂ ਮੰਡੀ ਦਾ ਨਰੀਖਣ ਕਰਕੇ ਇਸ ਸਮੱਸਿਆ ਦਾ ਢੁਕਵਾਂ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਮੇਟੀ ਲੋੜ ਮਹਿਸੂਸ ਕਰੇ ਤਾਂ ਮੰਡੀ ਦੀ ਚਾਰ ਦੀਵਾਰੀ ਬਣਾਉਣ ਲਈ ਕੇਸ ਪੰਜਾਬ ਮੰਡੀ ਬੋਰਡ ਨੂੰ ਭੇਜ ਦਿੱਤਾ ਜਾਵੇਗਾ।
ਇਸ ਮੌਕੇ ਸ੍ਰੀ ਅਨੁਰਾਗ ਵਰਮਾ, ਕਮਿਸ਼ਨਰ ਜਲੰਧਰ ਡਵੀਜਨ, ਸ੍ਰੀ ਰਜਤ ਅਗਰਵਾਲ, ਡਿਪਟੀ ਕਮਿਸ਼ਨਰ, ਸ੍ਰੀ ਦਰਨੇਸ਼ ਸ਼ਰਮਾ, ਡਿਪਟੀ ਡਾਇਰੈਕਟਰ, ਖੁਰਾਕ ਸਪਲਾਈ ਜਲੰਧਰ, ਸ੍ਰੀ ਗੁਰਮੀਤ ਸਿੰਘ ਚੌਹਾਨ, ਐਸ:ਐਸ:ਪੀ: ਅੰਮ੍ਰਿਤਸਰ ਦਿਹਾਤੀ ਅਤੇ ਸਬੰਧਤ ਉਪ ਮੰਡਲ ਮੈਜਿਸਟਰੇਟਾਂ ਤੋਂ ਇਲਾਵਾ ਡਾ: ਰਾਕੇਸ਼ ਸਿੰਗਲਾ, ਜਿਲ੍ਹਾ ਖੁਰਾਕ ਸਪਲਾਈ ਕੰਟਰੋਲਰ, ਜਿਲ੍ਹਾ ਮੈਨੇਜਰ ਪੰਜਾਬ ਐਗਰੋ, ਸ੍ਰ ਸੁਖਮਿੰਦਰ ਸਿੰਘ ਖਹਿਰਾ, ਜਿਲ੍ਹਾ ਮੈਨੇਜਰ ਪਨਸਪ, ਸ੍ਰ ਜਸਬੀਰ ਸਿੰਘ, ਜਿਲ੍ਹਾ ਮੈਨੇਜਰ ਸ੍ਰ ਤਰਲੋਕ ਸਿੰਘ, ਜਿਲ੍ਹਾ ਮੈਨੇਜਰ ਵੇਅਰ ਹਾਊਸ ਸ੍ਰ ਮਲਕੀਤ ਸਿੰਘ, ਸਕੱਤਰ ਮਾਰਕੀਟ ਕਮੇਟੀ ਸ੍ਰ ਬਲਜੀਤ ਸਿੰਘ ਜੌਹਲ ਅਤੇ ਵੱਖ ਵੱਖ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਮੌਜੂਦ ਸਨ।