ਫਿਰੋਜ਼ਪੁਰ ਸ਼ਹਿਰੀ ਹਲਕੇ ਵਿਚ 9ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਲੜਕੀਆਂ ਨੂੰ 2200 ਮੁੱਫਤ ਸਾਈਕਲ ਦਿੱਤੇ ਜਾਣਗੇ: ਨੰਨੂ
ਫਿਰੋਜ਼ਪੁਰ – ਪੰਜਾਬ ਸਰਕਾਰ ਵੱਲੋਂ ਲੜਕੀਆਂ ਨੂੰ ਹੋਰ ਜਿਆਦਾ ਸਿੱਖਿਅਤ ਕਰਨ ਲਈ ਬਲਾਕ ਪੱਧਰ ਤੇ ਲੜਕੀਆਂ ਦੇ ਹੋਸਟਲਾਂ ਦੀ ਉਸਾਰੀ ਕੀਤੀ ਜਾ ਰਹੀ ਹੈ; ਜਿਸ ਵਿਚ ਪੇਂਡੂ ਖੇਤਰ ਦੀਆਂ ਵਿੱਦਿਆਰਥਣਾਂ ਲਈ ਮੁੱਫਤ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਵੀ ਹੋਵੇਗਾ। ਇਹ ਜਾਣਕਾਰੀ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸ੍ਰ ਸ਼ੇਰ ਸਿੰਘ ਘੁਬਾਇਆ ਨੇ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਵਿਖੇ 44 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਲੜਕੀਆਂ ਦੇ ਹੋਸਟਲ ਦਾ ਉਦਘਾਟਨ ਕਰਨ ਮੌਕੇ ਅਧਿਆਪਕਾਂ, ਅਧਿਕਾਰੀਆਂ, ਵਿਦਿਆਰਥੀਆਂ ਤੇ ਇਲਾਕਾ ਨਿਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਦਿੱਤੀ। ਇਸ ਸਮਾਗਮ ਵਿਚ ਮੁੱਖ ਸੰਸਦੀ ਸਕੱਤਰ ਸ੍ਰ ਸੁਖਪਾਲ ਸਿੰਘ ਨੰਨੂ, ਸ੍ਰੀਮਤੀ ਨਰੇਸ਼ ਕੁਮਾਰੀ ਜ਼ਿਲ੍ਹਾ ਸਿੱਖਿਆ ਅਫਸਰ ਸੰਕੈਡਰੀ ਸਮੇਤ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਸ਼ਹਿਰ ਦੇ ਪੰਤਵੰਤੇ ਹਾਜਰ ਸਨ।
ਆਪਣੇ ਸੰਬੋਧਨ ਵਿਚ ਮੈਂਬਰ ਲੋਕ ਸਭਾ ਸ੍ਰ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਦਾ ਇੱਕੋ-ਇੱਕ ਮਨੋਰਥ ਰਾਜ ਦਾ ਚੁੰਹ ਪੱਖੀ ਵਿਕਾਸ ਕਰਨਾਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ, ਸਿਹਤ ਤੇ ਬੁਨਿਆਦੀ ਢਾਂਚੇ ਦਾ ਵਿਕਾਸ ਤਰਜੀਹੀ ਆਧਾਰ ਤੇ ਕੀਤਾ ਜਾ ਰਿਹਾ । ਉਨ੍ਹਾ ਕਿਹਾ ਕਿ ਰਾਜ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਵਿਚ 1100 ਤੋਂ ਵੱਧ ਪ੍ਰਾਇਮਰੀ,ਮਿਡਲ ਤੇ ਹਾਈ ਸਕੂਲਾਂ ਨੂੰ ਅੱਪਗਰੇਡ ਕਰਕੇ ਉਥੇ ਲੋੜੀਂਦੇ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਹਰੇਕ ਬਲਾਕ ਵਿਚ ਆਦਰਸ਼ ਤੇ ਮਾਡਲ ਸਕੂਲ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਹਰੇਕ ਬਲਾਕ ਵਿਚ ਲੜਕੀਆਂ ਲਈ ਹੋਸਟਲ ਬਨਣ ਨਾਲ ਪੇਂਡੂ ਖੇਤਰ ਦੀਆਂ ਉਨ੍ਹਾਂ ਵਿਦਿਆਰਥਣਾਂ ਨੂੰ ਭਾਰੀ ਮੱਦਦ ਮਿਲੇਗੀ ਜੋਂ ਮਜਬੂਰੀ ਵੱਸ ਆਪਣੀ ਪੜਾਈ ਛੱਡ ਦਿੰਦਿਆ ਸਨ। ਉਨ੍ਹਾ ਕਿਹਾ ਕਿ ਇਨ੍ਹਾ ਹੋਸਟਲਾ ਵਿਚ ਪੇਂਡੂ ਖੇਤਰ ਦੀਆਂ ਵਿਦਿਆਰਥਣਾਂ ਨੂੰ ਮੁੱਫਤ ਰਿਹਾਇਸ਼ ਖਾਣਾ ਤੇ ਸਿੱਖਿਆ ਦਿੱਤੀ ਜਾਵੇਗੀ। ਉਨ੍ਹਾ ਆਪਣੇ ਅਖਤਿਆਰੀ ਫੰਡ ਵਿੱਚੋਂ ਸਕੂਲ ਨੂੰ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਲ ਵੀ ਕੀਤਾ।
ਮੁੱਖ ਸੰਸਦੀ ਸਕੱਤਰ ਸ੍ਰ ਸੁਖਪਾਲ ਸਿੰਘ ਨੰਨੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਸਰਵਪੱਖੀ ਵਿਕਾਸ ਕਰਕੇ ਇਸ ਨਾਲੋਂ ਪੱਛੜਿਆ ਸ਼ਬਦ ਲਾਹ ਦਿੱਤਾ ਹੈ। ਉਨ੍ਹਾ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਵਿਚ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ 9 ਵੀਂ ਤੋਂ 12 ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ 2200 ਸਾਈਕਲ ਮੁੱਫਤ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਸਕੂਲ ਆਉਣ-ਜਾਣ ਲਈ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾ ਕਿਹਾ ਕਿ ਸਮਾਜ ਦੀ ਤਰੱਕੀ ਲਈ ਲੜਕੀਆਂ ਦਾ ਸਿੱਖਿਅਤ ਹੋਣਾ ਬਹੁਤ ਜਰੂਰੀ ਹੈ ਤੇ ਪੰਜਾਬ ਸਰਕਾਰ ਇਸ ਲਈ ਪੂਰੀ ਤਰਾਂ ਯਤਨਸ਼ੀਲ ਹੈ।
ਸਟੇਟ ਐਵਾਰਡੀ ਲੈਕਚਰਾਰ ਤੇ ਸਕੂਲ ਦੇ ਕਾਮਰਸ ਵਿਭਾਗ ਦੇ ਮੁੱਖੀ ਡਾ.ਸਤਿੰਦਰ ਸਿੰਘ ਤੇ ਪ੍ਰਿਸੀਪਲ ਸ਼੍ਰੀਮਤੀ ਹਰਿਕਿਰਨ ਕੌਰ ਨੇ ਸਕੂਲ ਦੀਆਂ ਸਿੱਖਿਆ ਦੇ ਖੇਤਰ ਵਿਚ ਪ੍ਰਾਪਤੀ ਅਤੇ ਮੰਗਾ ਬਾਰੇ ਜਾਣਕਾਰੀ ਦਿੱਤੀ। ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਨਰੇਸ਼ ਕੁਮਾਰੀ ਨੇ ਮਹਿਮਾਨਾ ਦਾ ਧੰਨਵਾਦ ਕਰਦਿਆ ਦੱਸਿਆ ਕਿ ਫਿਰੋਜ਼ਪੁਰ/ਫਾਜ਼ਿਲਕਾ ਜ਼ਿਲ੍ਹਿਆ ਦੇ 6 ਬਲਾਕਾ ਵਿਚ ਲੜਕੀਆਂ ਲਈ ਹੋਸਟਲ ਬਣਾਏ ਜਾ ਰਹੇ ਹਨ। ਸਮਾਗਮ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਨਤਿੰਦਰ ਮੁਖੀਜਾ, ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਦਵਿੰਦਰ ਕਪੂਰ, ਉਪ ਪ੍ਰਧਾਨ ਸ੍ਰ ਦਲਜੀਤ ਸਿੰਘ, ਸ੍ਰੀ ਸੰਦੀਪ ਕੁਮਾਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ, ਸ੍ਰੀ ਅਸ਼ਵਨੀ ਗਰੋਵਰ, ਸ੍ਰੀ ਦਿਆਲ ਸਰੂਪ ਕਾਲੀਆ, ਲੈਕਚਰਾਜ ਸ੍ਰ ਗੁਰਚਰਨ ਸਿੰਘ, ਸ੍ਰ ਸੁਖਦੇਵ ਸਿੰਘ ਬਰਾੜ, ਸ੍ਰੀ ਦਰਸ਼ਨ ਲਾਲ ਸ਼ਰਮਾ, ਸ੍ਰੀ ਨਰਿੰਦਰ ਜੋਸ਼ਨ, ਸ੍ਰ ਦਿਲਬਾਗ ਸਿੰਘ ਵਿਰਕ, ਸ੍ਰ ਪਰਮਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਤੇ ਵਿਦਿਆਰਥੀ ਵੀਹ ਹਾਜਰ ਸਨ।
25 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਲਾਇਬਰੇਰੀ ਦਾ ਨੀਂਹ ਪੱਥਰ ਰੱਖਿਆ
ਇਸ ਤੋਂ ਪਹਿਲਾਂ ਮੈਂਬਰ ਲੋਕ ਸਭਾ ਸ੍ਰ ਸ਼ੇਰ ਸਿੰਘ ਘੁਬਾਇਆ ਤੇ ਮੁੱਖ ਸੰਸਦੀ ਸਕੱਤਰ ਸ੍ਰ ਸੁਖਪਾਲ ਸਿੰਘ ਨੰਨੂ ਨੇ ਸਥਾਨਕ ਟਾਊਨ ਹਾਲ ਵਿਖੇ ਨਵੇਂ ਬਣੇ ਪਾਰਕ ਵਿਚ ਲਾਇਬਰੇਰੀ ਦਾ ਨੀਂਹ ਪੱਥਰ ਰੱਖਿਆ। ਸ੍ਰ ਸ਼ੇਰ ਸਿੰਘ ਘੁਬਾਇਆ ਨੇ ਇਸ ਲਾਇਬਰੇਰੀ ਲਈ 5 ਲੱਖ ਰੁਪਏ ਦੀ ਮਾਲੀ ਮੱਦਦ ਦਾ ਐਲਾਨ ਵੀ ਕੀਤਾ। ਮੁੱਖ ਸੰਸਦੀ ਸਕੱਤਰ ਸ੍ਰ ਸੁਖਪਾਲ ਸਿੰਘ ਨੰਨੂ ਨੇ ਇਸ ਮੌਕੇ ਦੱਸਿਆ ਕਿ ਇਸ ਲਾਇਬਰੇਰੀ ਤੇ ਕੁੱਲ 25 ਲੱਖ ਰੁਪਏ ਖਰਚ ਆਉਣ ਦੀ ਉਮੀਦ ਹੈ; ਜਿਸ ਵਿਚੋਂ ਮੈਂਬਰ ਰਾਜ ਸਭਾ ਸ੍ਰੀ ਅਵਿਨਾਸ਼ ਰਾਏ ਖੰਨਾ ਵੱਲੋਂ 8 ਲੱਖ ਰੁਪਏ ਦਾ ਯੋਗਦਾਨ ਦਿੱਤਾ ਜਾ ਚੁੱਕਾ ਹੈ। ਉਨ੍ਹਾ ਕਿਹਾ ਕਿ ਇਹ ਲਾਇਬਰੇਰੀ ਸ਼ਹਿਰ ਵਾਸੀਆਂ ਲਈ ਵੱਡਾ ਤੋਹਫਾ ਹੈ। ਇਸ ਮੌਕੇ ਸ੍ਰੀ ਦਵਿੰਦਰ ਕਪੂਰ ਪ੍ਰਧਾਨ ਨਗਰ ਕੌਂਸਲ , ਸ੍ਰ ਦਲਜੀਤ ਸਿੰਘ ਉਪ ਪ੍ਰਧਾਨ ਸਮੇਤ ਸਮੂੰਹ ਮੈਂਬਰ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਨਤਿੰਦਰ ਮੁਖੀਜਾ ਸਮੇਤ ਵੱਡੀ ਗਿਣਤੀ ਵਿਚ ਸ਼ਹਿਰਵਾਸੀ ਹਾਜਰ ਸਨ।