ਹੁਸ਼ਿਆਰਪੁਰ – ਪੰਜਾਬ ਸਰਕਾਰ ਸੂਬੇ ਦਾ ਸਰਵਪੱਖੀ ਵਿਕਾਸ ਅਤੇ ਪ੍ਰਸ਼ਾਸ਼ਨਿਕ ਸੁਧਾਰ ਕਰਦਿਆਂ ਵਿਵਸਥਾ ਵਿੱਚ ਪ੍ਰੀਵਰਤਨ ਲਿਆਉਣ ਵਿੱਚ ਕਾਮਯਾਬ ਹੋਈ ਹੈ। ਇਹ ਪ੍ਰਗਟਾਵਾ ਸ੍ਰੀ ਤੀਕਸ਼ਨ ਸੂਦ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਨੇ ਅੱਜ ਇਥੇ ਕਰਨ ਵਿਕਰਮ ਪੈਲਸ ਵਿਖੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕਰਵਾਏ ਗਏ ਇੱਕ ਰਾਜ ਪੱਧਰੀ ਸਮਾਗਮ ਵਿੱਚ ਪੰਜਾਬ ਦੀਆਂ 102 ਨਗਰ ਕੌਂਸਲਾਂ ਨੂੰ ਵਿਕਾਸ ਕੰਮਾਂ ਲਈ 317 ਕਰੋੜ ਰੁਪਏ ਦੇ ਚੈਕ ਤਕਸੀਮ ਕਰਨ ਉਪਰੰਤ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਤਰਫੋਂ ਉਨ੍ਹਾਂ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ।
ਸ੍ਰੀ ਸੂਦ ਨੇ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਨਗਰ ਕੌਂਸਲਾਂ ਦੇ ਆਧੁਨਿਕੀਕਰਨ ਲਈ 914 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ 317 ਕਰੋੜ ਰੁਪਏ ਹੋਰ ਖਰਚ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਅੱਜ ਚੈਕ ਵੰਡੇ ਗਏ ਹਨ। ਇਸੇ ਤਰ੍ਹਾਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਸ਼ਹੀਦ ਭਗਤ ਸਿੰਘ ਨਗਰ ਅਤੇ ਪਟਿਆਲਾ ਦੇ ਨਗਰ ਨਿਗਮਾਂ ਦੇ ਵਿਕਾਸ ਲਈ 450 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ 1100 ਕਰੋੜ ਰੁਪਏ ਹੋਰ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ 83 ਸ਼ਹਿਰਾਂ ਵਿੱਚ ਜਲ ਸਪਲਾਈ ਅਤੇ ਸੀਵਰੇਜ਼ ਪਲਾਂਟਾਂ ਉਪਰ 4042 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸੇ ਤਰ੍ਹਾਂ ਸੂਬੇ ਦੇ 75 ਸ਼ਹਿਰਾਂ ਲਈ ਮਾਸਟਰ ਪਲਾਨ ਬਣਾਏ ਗਏ ਹਨ ਅਤੇ 16 ਸ਼ਹਿਰਾਂ ਲਈ ਮਾਸਟਰ ਪਲਾਨ ਨੋਟੀਫਾਇਡ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਅੰਦਰ ਸ਼ਹਿਰਾਂ ਦੇ ਵਿਕਾਸ ਲਈ 4893 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਥੇ ਕਿਤੇ ਵਿਕਾਸ ਦੀ ਲੋੜ ਪਈ, ਉਥੇ ਸਰਕਾਰ ਨੇ ਪਹਿਲ ਦੇ ਆਧਾਰ ਤੇ ਵਿਕਾਸ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਅਤੇ ਖਾਸ ਕਰਕੇ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ, ਪੀਣ ਵਾਲਾ ਪਾਣੀ, ਸਾਫ਼-ਸਫ਼ਾਈ, ਸੀਵਰੇਜ਼ ਅਤੇ ਸੜਕਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਥੇ ਵੱਡੇ ਪ੍ਰੋਜੈਕਟ ਲਾਉਣ ਦੀ ਲੋੜ ਪਈ, ਉਥੇ ਵੱਡੇ ਪ੍ਰੋਜੈਕਟ ਲਗਾ ਕੇ ਵਿਕਾਸ ਕੀਤਾ ਅਤੇ ਜਿਥੇ ਛੋਟੇ ਵਿਕਾਸ ਪ੍ਰੋਜੈਕਟ ਉਲੀਕੇ ਗਏ , ਉਨ੍ਹਾਂ ਨੂੰ ਮੁਕੰਮਲ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਦੀਆਂ ਨਗਰ ਕੌਂਸਲਾਂ ਦੇ ਸਮੂਹ ਪ੍ਰਧਾਨਾਂ, ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰਾਂ ਦੇ ਵਿਕਾਸ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਓ ਅਤੇ ਵਿਕਾਸ ਕੰਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਪਾਰਦਰਸ਼ੀ ਢੰਗ ਨਾਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਦੇਰੀ ਕਰਨ ਵਾਲੇ ਜਾਂ ਅਣ-ਗਹਿਲੀ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੇਵਾ ਦਾ ਅਧਿਕਾਰ ਕਾਨੂੰਨ ਲਾਗੂ ਕਰਕੇ ਵਿਵਸਥਾ ਵਿੱਚ ਇੱਕ ਕ੍ਰਾਂਤੀਕਾਰੀ ਪ੍ਰੀਵਰਤਨ ਲਿਆਂਦਾ ਹੈ।
ਇਸ ਮੌਕੇ ਤੇ ਸ੍ਰੀ ਅਸ਼ਵਨੀ ਸ਼ਰਮਾ ਪ੍ਰਧਾਨ ਭਾਜਪਾ ਪੰਜਾਬ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਸਮੂਚੇ ਪੰਜਾਬ ਦੇ ਵਿਕਾਸ ਦੀ ਸਰਕਾਰ ਹੈ ਜਿਸ ਨੇ ਲੋਕਾਂ ਦੀ ਉਨਤੀ ਅਤੇ ਖੁਸ਼ਹਾਲੀ ਲਈ ਵਿਸ਼ੇਸ਼ ਪਹਿਲ ਕਦਮੀਆਂ ਕਰਦਿਆਂ ਨਵੇਂ ਮੁਕਾਮ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸੂਬੇ ਅੰਦਰ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 80 ਹਜ਼ਾਰ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ।
ਇਸ ਮੌਕੇ ਤੇ ਸਰਵਸ੍ਰੀ ਬਲਰਾਮ ਜੀ ਦਾਸ ਟੰਡਨ ਸਾਬਕਾ ਮੰਤਰੀ ਪੰਜਾਬ, ਬੀਬੀ ਮਹਿੰਦਰ ਕੌਰ ਜੋਸ਼, ਦੇਸ ਰਾਜ ਸਿੰਘ ਧੁੱਗਾ (ਦੋਨੋਂ ਮੁੱਖ ਸੰਸਦੀ ਸਕੱਤਰ), ਬੀਬੀ ਜਗੀਰ ਕੌਰ, ਕਮਲ ਸ਼ਰਮਾ, ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਭਾਜਪਾ, ਲਖਬੀਰ ਸਿੰਘ ਲੋਧੀ ਨੰਗਲ, ਸੋਮ ਪ੍ਰਕਾਸ਼ ਭਾਜਪਾ ਆਗੂ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ ਅਤੇ ਕਮਲਜੀਤ ਸੇਤੀਆ ਜਨਰਲ ਸਕੱਤਰ ਜ਼ਿਲ੍ਹਾ ਭਾਜਪਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਸਰਵਸ੍ਰੀ ਮਾਸਟਰ ਮੋਹਨ ਲਾਲ ਵਿਧਾਇਕ ਪਠਾਨਕੋਟ, ਜਗਦੀਸ਼ ਸਾਹਨੀ ਵਿਧਾਇਕ ਬਟਾਲਾ, ਦਿਨੇਸ਼ ਬੱਬੂ ਮੁੱਖ ਸੰਸਦੀ ਸਕੱਤਰ (ਵਿਧਾਇਕ ਸੁਜਾਨਪੁਰ), ਸਰਬਜੀਤ ਸਿੰਘ ਮੱਕੜ ਵਿਧਾਇਕ ਆਦਮਪੁਰ, ਇਕਬਾਲ ਸਿੰਘ ਵਿਧਾਇਕ ਧੂਰੀ, ਸੁਰਜੀਤ ਸਿੰਘ ਰਾਜਪੂਤ ਸਪੈਸ਼ਲ ਸੈਕਟਰੀ ਸਥਾਨਕ ਸਰਕਾਰਾਂ, ਸੁਮੀਰ ਕੁਮਾਰ ਡਾਇਰੈਕਟਰ ਸਥਾਨਕ ਸਰਕਾਰਾਂ, ਵਿਨੇ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ), ਕੈਪਟਨ ਕਰੈਨਲ ਸਿੰਘ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਜਲੰਧਰ, ਚੌਧਰੀ ਸਵਰਨਾ ਰਾਮ, ਮਹਿੰਦਰਪਾਲ ਮਾਨ, ਸੁਖਪਾਲ ਸਿੰਘ ਨੰਨੂ, ਰਣਧੀਰ ਸਿੰਘ ਰੱਖੜਾ ਚੇਅਰਮੈਨ ਐਗਰੋ ਫੂਡ ਗਰੇਨ ਕਾਰਪੋਰੇਸ਼ਨ, ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਪਵਨ ਟਿੰਨੂ, ਰਮੇਸ਼ ਜ਼ਾਲਮ, ਸਤਵਿੰਦਰ ਪਾਲ ਸਿੰਘ ਢੱਟ, ਯਸ਼ਪਾਲ ਸ਼ਰਮਾ, ਵਿਨੋਦ ਪਰਮਾਰ, ਅਸ਼ਵਨੀ ਓਹਰੀ, ਪਰਮਜੀਤ ਸਿੰਘ, ਪਵਨ ਸ਼ਰਮਾ, ਸਤੀਸ਼ ਬਾਵਾ, ਸੁਰੇਸ਼ ਭਾਟੀਆ, ਅਨੰਦਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮਨੋਜ ਕੈਨੇਡੀ, ਪੰਜਾਬ ਦੀਆਂ 102 ਨਗਰ ਕੌਂਸਲਾਂ ਦੇ ਪ੍ਰਧਾਨ, ਕਾਰਜਸਾਧਕ ਅਫ਼ਸਰ, ਕੌਂਸਲਰ ਅਤੇ ਹੋਰ ਪਤਵੰਤੇ ਹਾਜ਼ਰ ਸਨ।