ਅੰਮ੍ਰਿਤਸਰ – ਪੰਜਾਬ ਦੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਅੱਜ ਸਥਾਨਕ ਭਰਾਵਾਂ ਵਾਲਾ ਢਾਬਾ ਚੌਂਕ ਵਿਖੇ ਸ਼ਹੀਦ ਮਦਨ ਲਾਲ ਢੀਂਗਰਾਂ ਦਾ ਬੁੱਤ ਸਥਾਪਿਤ ਕਰਨ ਲਈ ਬਣਾਏ ਜਾਣ ਵਾਲੇ ਚਬੂਤਰੇ ਦਾ ਨੀਂਹ ਪੱਥਰ ਰੱਖਿਆ।
ਉਨ੍ਹਾਂ ਦੱਸਿਆ ਕਿ ਇਸ ਜਗ੍ਹਾਂ ‘ਤੇ 15 ਲੱਖ ਰੁਪਏ ਦੀ ਲਾਗਤ ਨਾਲ ਸ਼ਹੀਦ ਮਦਨ ਲਾਲ ਢੀਂਗਰਾਂ ਜੀ ਦਾ ਬੁੱਤ ਸਥਾਪਿਤ ਕੀਤਾ ਜਾਵੇਗਾ, ਜੋ ਕਿ ਲਗਭਗ ਦੋ ਮਹੀਨਿਆਂ ਵਿੱਚ ਬਣਕੇ ਤਿਆਰ ਹੋ ਜਾਵੇਗਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ ਤੋਂ 102 ਸਾਲ ਪਹਿਲਾਂ ਸ਼ਹੀਦ ਮਦਨ ਲਾਲ ਢੀਂਗਰਾਂ ਨੇ ਦੇਸ਼ ਵਿੱਚ ਚਲ ਰਹੇ ਆਜ਼ਾਦੀ ਦੇ ਸੰਘਰਸ਼ ਵਿੱਚ ਨਵੀਂ ਰੂਹ ਭਰਨ ਲਈ ਜ਼ਾਲਮ ਅੰਗਰੇਜ਼ ਕਰਜਨ ਵੈਲੀ ਨੂੰ ਮੌਤ ਦੇ ਘਾਟ ਉਤਾਰ ਕੇ ਆਪ 17 ਅਗਸਤ 1909 ਨੂੰ ਲੰਦਨ ਦੀ ਪੇਂਟੋਨਵਿਲੇ ਜੇਲ੍ਹ ਵਿੱਚ ਫਾਂਸੀ ਦਾ ਰੱਸਾ ਚੁੰਮਿਆ ਸੀ।
ਅੱਜ ਜਿਸ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਅਸੀਂ ਰਹਿ ਰਹੇ ਹਾਂ, ਉਸ ਵਿੱਚ ਸ਼ਹੀਦ ਮਦਨ ਲਾਲ ਢੀਂਗਰਾ ਦਾ ਜਨਮ ਹੋਇਆ ਅਤੇ ਜਿਸ ਦੀਆਂ ਗਲੀਆਂ ਵਿੱਚ ਉਨਾਂ੍ਹ ਨੇ ਆਪਣਾ ਬਚਪਨ ਗੁਜਾਰਿਆ, ਅਤੇ ਵਿਦੇਸ਼ੀ ਧਰਤੀ ‘ਤੇ ਜਾ ਕੇ ਆਪਣੀ ਮਾਤ-ਭੂਮੀ ਦੀ ਰੱਖਿਆ ਲਈ ਦੇਸ਼ ਦੇ ਉਸ ਮਹਾਨ ਸਪੂਤ ਨੇ ਹੱਸਦਿਆਂ-ਹੱਸਦਿਆਂ ਆਪਣੇ ਆਪ ਨੂੰ ਦੇਸ਼ ਤੋਂ ਕੁਰਬਾਨ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਮਹਾਨ ਦੇਸ਼ ਭਗਤ ਡਾ. ਐਨੀ ਬੇਸੈਂਟ ਨੇ ਕਿਹਾ ਸੀ ਕਿ ਸ਼ਹੀਦ ਮਦਨ ਲਾਲ ਢੀਂਗਰਾਂ ਦੀ ਕੁਰਬਾਨੀ ਐਨੀ ਮਹਾਨ ਹੈ ਕਿ ਹਿੰਦੋਸਤਾਨ ਦੇ ਕੋਨੇ-ਕੋਨੇ ਵਿੱਚ ਉਨ੍ਹਾਂ ਦੇ ਬੁੱਤ ਲਗਾਏ ਜਾਣਗੇ, ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਮਹਾਨ ਸ਼ਹੀਦ ਦੀ ਕੁਰਬਾਨੀ ਨੂੰ ਅਣਗੌਲਿਆਂ ਕਰ ਦਿੱਤਾ, ਪਰ ਅੱਜ ਅਸੀਂ ਅਜਿਹੇ ਉਪਰਾਲੇ ਕਰਕੇ ਆਪਣੀ ਗਲਤੀ ਨੂੰ ਸੁਧਾਰਨ ਦਾ ਯਤਨ ਕਰ ਰਹੇ ਹਾਂ।
ਉਨ੍ਹਾਂ ਦੱਸਿਆਂ ਕਿ ਪੰਜਾਬ ਸਰਕਾਰ ਪਿਛਲੇ ਦੋ ਸਾਲਾਂ ਤੋਂ ਸ਼ਹੀਦ ਮਦਨ ਲਾਲ ਢੀਂਗਰਾਂ ਦਾ ਜਨਮ ਦਿਨ ਮਨਾ ਰਹੀ ਹੈ ਅਤੇ ਬੀਤੀ 17 ਅਗਸਤ ਨੂੰ ਸ਼ਹੀਦ ਮਦਨ ਲਾਲ ਢੀਂਗਰਾਂ ਜੀ ਦੇ 102ਵੇਂ ਬਲਿਦਾਨ ਦਿਵਸ ਦੇ ਮੌਕੇ ‘ਤੇ ਸ਼ਹੀਦ ਦੀਆਂ ਦੇਸ਼ ਪ੍ਰਤੀ ਕੁਰਬਾਨੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅੰਮ੍ਰਿਤਸਰ ਵਿਖੇ ਇੱਕ ਰਾਜ ਪੱਧਰੀ ਸਮਾਗਮ ਵੀ ਕਰਵਾਇਆ ਗਿਆ ਹੈ।
ਪ੍ਰੋ. ਚਾਵਲਾ ਨੇ ਦੱਸਿਆ ਕਿ ਸ਼ਹੀਦ ਦੀਆਂ ਦੇਸ਼ ਪ੍ਰਤੀ ਕੁਰਬਾਨੀਆਂ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸ਼ਹੀਦ ਮਦਨ ਲਾਲ ਢੀਂਗਰਾਂ ਸਮਾਰਕ ਸਮਿਤੀ ਦਾ ਗਠਨ ਕੀਤਾ ਗਿਆ ਹੈ।
ਇਸ ਮੌਕੇ ਅੰਮ੍ਰਿਤਸਰ ਦੇ ਨਗਰ ਨਿਗਮ ਦੇ ਮੇਅਰ ਇੰਜ: ਸ਼ਵੇਤ ਮਲਿਕ ਦੱਸਿਆ ਕਿ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਵੱਲੋਂ ਮੁਹੱਈਆਂ ਕਰਵਾਈ ਗਈ ਗ੍ਰਾਂਟ ਦੇ ਸਹਿਯੋਗ ਨਾਲ ਨਗਰ ਨਿਗਮ ਵੱਲੋਂ ਇਸ ਜਗ੍ਹਾਂ ‘ਤੇ ਸ਼ਹੀਦ ਮਦਨ ਲਾਲ ਢੀਂਗਰਾਂ ਦਾ ਸੁੰਦਰ ਬੁੱਤ ਸਥਾਪਿਤ ਕੀਤਾ ਜਾਵੇਗਾ ਅਤੇ ਇਸ ਕੰਮ ਨੂੰ ਆਉਂਦੇ ਦੋ ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ ਅਤੇ ਹਰ ਸਾਲ ਇਸ ਜਗ੍ਹਾਂ ‘ਤੇ ਉਨ੍ਹਾਂ ਦਾ ਸ਼ਹੀਦੀ ਦਿਹਾੜ੍ਹਾ ਮਨਾਇਆ ਜਾਇਆ ਕਰੇਗਾ।
ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਯਾਦ ਵਿੱਚ ਅਜਿਹੇ ਉਪਰਾਲੇ ਕਰਨੇ ਬਹੁਤ ਜ਼ਰੂਰੀ ਹਨ ਤਾਂ ਜੋ ਸਾਡੇ ਅਤੇ ਸਾਡੀਆਂ ਆਉਣ ਵਾਲੀਆਂ ਪੀੜੀ੍ਹਆਂ ਦੇ ਮਨਾਂ ਵਿੱਚ ਸਾਡੇ ਮਹਾਨ ਸ਼ਹੀਦਾਂ ਦੀ ਯਾਦ ਹਮੇਸ਼ਾ ਕਾਇਮ ਰਹਿ ਸਕੇ।