ਕਪੂਰਥਲਾ, -‘ਸੇਵਾ ਅਧਿਕਾਰ ਕਾਨੂੰਨ ਆਮ ਲੋਕਾਂ ਨੂੰ ਤਾਕਤ ਦੇਣ ਲਈ ਬਣਾਇਆ ਗਿਆ ਹੈ, ਤਾਂ ਕਿ ਉਹ ਲੋਕ ਜਿਨ੍ਹਾਂ ਦੀ ਕਿਧਰੇ ਕੋਈ ਸੁਣਵਾਈ ਨਹੀਂ ਸੀ ਹੁੰਦੀ, ਦੇ ਕੰਮ ਵੀ ਸਮੇਂ ਸਿਰ ਹੋਣ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਆਰ. ਸੀ. ਨਈਅਰ, ਮੁੱਖ ਸਕੱਤਰ, ਕਿਰਤ ਵਿਭਾਗ ਪੰਜਾਬ ਨੇ ਵਿਰਸਾ ਵਿਹਾਰ ਕਪੂਰਥਲਾ ਵਿਖੇ ‘ਪੰਜਾਬ ਸੇਵਾ ਅਧਿਕਾਰ ਕਾਨੂੰਨ 2011’ ਸਬੰਧੀ ਹੋਏ ਜ਼ਿਲ੍ਹਾ ਪੱਧਰੀ ਸਮਾਗਮ ‘ਚ ਸੰਬੋਧਨ ਕਰਦੇ ਕਹੇ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀ ਸੇਵਾ ਕਰਨ ਤਾਂ ਮੇਵਾ ਜ਼ਰੂਰ ਮਿਲੇਗਾ ਅਤੇ ਜੋ ਨਹੀਂ ਕਰੇਗਾ, ਉਸ ਨੂੰ ਡੰਡਾ ਮਿਲੇਗਾ, ਇਹ ਇਸ ਐਕਟ ਦੀ ਖਾਸੀਅਤ ਹੈ। ਅਧਿਕਾਰੀਆਂ ਦੇ ਸ਼ੰਕੇ ਦੂਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਅਮਲੇ ਦੀ ਘਾਟ ਦੂਰ ਕਰਨ ਲਈ ਅਗਲੇ ਮਹੀਨੇ 3 ਹਜ਼ਾਰ ਕਲਰਕ ਭਰਤੀ ਕਰ ਰਹੀ ਹੈ। ਸੇਵਾ ਅਧਿਕਾਰ ਕਾਨੂੰਨ ਸਬੰਧੀ ਬਣਨ ਵਾਲੇ ਕਮਿਸ਼ਨ ਦੀ ਗੱਲ ਕਰਦੇ ਉਨ੍ਹਾਂ ਕਿਹਾ ਕਿ ਜਿੱਥੇ ਇਹ ਕਮਿਸ਼ਨ ਲੋਕਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਕਰੇਗਾ, ਉਥੇ ਉਹ ਤੁਹਾਡੇ ਮਸਲੇ ਸਰਕਾਰ ਕੋਲ ਉਠਾਏਗਾ, ਜਿਸ ਨਾਲ ਇਸ ਕਾਨੂੰਨ ਦੇ ਰਾਹ ‘ਚ ਬਣਨ ਵਾਲੇ ਅੜ੍ਹਿਕੇ ਦੂਰ ਹੋ ਸਕਣਗੇ। ਉਨ੍ਹਾਂ ਸ਼ਾਮਿਲ ਪੰਚਾਂ, ਸਰਪੰਚਾਂ, ਕੌਂਸਲਰਾਂ ਨੂੰ ਕਿਹਾ ਕਿ ਇਸ ਕਾਨੂੰਨ ‘ਚ ਸੋਧ ਕਰਨ ਸਬੰਧੀ ਆਪਣੇ ਸੁਝਾਅ ਦੇਣ, ਜਿਸ ਤਹਿਤ ਹੋਰ ਸੇਵਾਵਾਂ ਵੀ ਇਸ ਕਾਨੂੰਨ ਹੇਠ ਲਿਆਂਦੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਤਹਿਤ ਕੰਮ ਕਰਨ ਲਈ ਦਿੱਤੇ ਗਏ ਸਮੇਂ ਦੀ ਉਪਰਲੀ ਸੀਮਾ ਹੈ ਅਤੇ ਅਧਿਕਾਰੀ ਇਹ ਕੋਸ਼ਿਸ਼ ਕਰਨ ਕਿ ਸਮੇਂ ਤੋਂ ਪਹਿਲਾਂ ਲੋਕਾਂ ਦੇ ਕੰਮ ਹੋਣ।
ਇਸ ਮੌਕੇ ਸੰਬੋਧਨ ਕਰਦੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਰਕੇਸ਼ ਸਿੰਘ ਨੇ ਦੱਸਿਆ ਕਿ ਸੇਵਾ ਅਧਿਕਾਰ ਕਾਨੂੰਨ ਲਾਗੂ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਜੋ ਕੰਮ ਕਰਵਾਉਣ ਲਈ ਲੋਕ ਪੈਸੇ ਦਿੰਦੇ, ਸਿਫਾਰਸਾਂ ਲਿਆਉਂਦੇ ਸਨ, ਉਹ ਹੁਣ ਲੋਕਾਂ ਦਾ ਅਧਿਕਾਰ ਬਣ ਗਿਆ ਹੈ। ਉਨ੍ਹਾਂ ਆਪਣੇ ਜ਼ਿਲ੍ਹੇ ਦੇ ਅਧਿਕਾਰੀਆਂ ਵੱਲੋਂ ਵਿਸਵਾਸ਼ ਦਿਵਾਇਆ ਕਿ ਇਸ ਐਕਟ ਨੂੰ ਲਾਗੂ ਕਰਨ ‘ਚ ਅਸੀਂ ਪੰਜਾਬ ਭਰ ‘ਚੋਂ ਮੋਹਰੀ ਰਹਾਂਗੇ ਅਤੇ ਇਸ ‘ਚ ਮੇਰੇ ਅਧਿਕਾਰੀ ਪੂਰਾ ਸਹਿਯੋਗ ਕਰਨਗੇ। ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਕੰਮ ਵਾਲਾ ਸਭਿਆਚਾਰ ਪੈਦਾ ਕਰਨਾ ਪਵੇਗਾ, ਤਾਂ ਹੀ ਅਸੀਂ ਲੋਕਾਂ ਦੇ ਕੰਮ ਸਮੇਂ ਸਿਰ ਅਤੇ ਇਮਾਨਦਾਰੀ ਨਾਲ ਕਰ ਸਕਾਂਗੇ। ਇਸ ਮੌਕੇ ਸੰਬੋਧਨ ਕਰਦੇ ਜ਼ਿਲ੍ਹਾ ਪੁਲਿਸ ਮੁਖੀ ਸ. ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਇਨ੍ਹਾਂ ਸੇਵਾਵਾਂ ਨੂੰ ਦੇਣ ਲਈ ਵਚਨਬੱਧ ਹੈ ਅਤੇ ਇਸੇ ਕੜੀ ਤਹਿਤ ਪੁਲਿਸ ਵੱਲੋਂ 17 ਅਕਤੂਬਰ ਤੋਂ ਪੰਜਾਬ ਭਰ ‘ਚ ‘ਸਾਂਝ ਪ੍ਰਾਜੈਕਟ’ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਬਹੁਤੇ ਕੰਮ ਆਨ ਲਾਈਨ ਕਰ ਦਿੱਤੇ ਜਾਣਗੇ। ਪ੍ਰੋਗਰਾਮ ‘ਚ ਪ੍ਰੋ. ਬਿਕਰਮ ਸਿੰਘ ਵਿਰਕ ਨੇ ਬੜੇ ਵਿਸਥਾਰ ਨਾਲ ਸੇਵਾ ਅਧਿਕਾਰ ਕਾਨੂੰਨ, ਇਸ ਤਹਿਤ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਸਮਾਂ, ਸਬੰਧਤ ਅਧਿਕਾਰੀ, ਅਪੀਲ, ਸ਼ਿਕਾਇਤ ਆਦਿ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ. ਸੁੱਚਾ ਸਿੰਘ ਚੌਹਾਨ, ਨਗਰ ਕੌਂਸਲ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ, ਐਸ. ਡੀ. ਐਮ. ਅਨੁਪਮ ਕਲੇਰ, ਤਹਿਸੀਲਦਾਰ ਅਰਵਿੰਦਰ ਸਿੰਘ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।