ਪਟਿਆਲਾ, – ਚੰਡੀਗੜ੍ਹ ਵਿੱਚ ਕਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਮਗਰੋਂ ਚੋਰੀ ਕੀਤੀਆਂ ਕਾਰਾਂ ਦੇ ਜਾਅਲੀ ਨੰਬਰ ਲਗਾਉਣ ਵਾਲੇ ਇੱਕ ਵਿਅਕਤੀ ਨੂੰ ਪਟਿਆਲਾ ਪੁਲਿਸ ਨੇ ਦੋ ਚੋਰੀਸ਼ੁਦਾ ਕਾਰਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ । ਐਸ.ਐਸ.ਪੀ ਪਟਿਆਲਾ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਐਸ.ਪੀ (ਦਿਹਾਤੀ) ਸ਼੍ਰੀ ਹਰਦਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਗਰੇਵਾਲ ਅਤੇ ਪੁਲਿਸ ਚੌਕੀ ਭੁਨਰਹੇੜੀ ਦੇ ਏ.ਐਸ.ਆਈ ਗੁਰਮੀਤ ਸਿੰਘ ਨੇ ਪਟਿਆਲਾ-ਦੇਵੀਗੜ੍ਹ ਰੋਡ ‘ਤੇ ਸਥਿਤ ਪਿੰਡ ਭੁਨਰਹੇੜੀ ਕੋਲ ਵਾਹਨਾਂ ਦੀ ਜਾਂਚ ਲਈ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਪਾਰਟੀ ਨੇ ਇੱਕ ਚਿੱਟੇ ਰੰਗ ਦੀ ਇੰਡੀਗੋ ਕਾਰ ਨੂੰ ਕਾਬੂ ਕਰਕੇ ਉਸਦੇ ਚਾਲਕ ਮੰਗਲਦੀਪ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ । ਸ਼੍ਰੀ ਗਿੱਲ ਨੇ ਦੱਸਿਆ ਕਿ ਕਾਰ ਚਾਲਕ ਮੰਗਲਦੀਪ ਸਿੰਘ ਉਰਫ ਅਮਨ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਅੜੈਚਾ ਥਾਣਾ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਨੇ ਪੁਲਿਸ ਪੁੱਛਗਿੱਛ ਦੌਰਾਨ ਮੰਨਿਆ ਕਿ ਇਹ ਕਾਰ ਉਸਨੇ 11 ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ 36 ਤੋਂ ਚੋਰੀ ਕੀਤੀ ਸੀ ਜਿਸ ‘ਤੇ ਉਸਨੇ ਪੀ.ਬੀ.-01 -1424 ਅਸਲ ਨੰਬਰ ਦੀ ਥਾਂ ‘ਤੇ ਬਾਅਦ ਵਿੱਚ ਜਾਅਲੀ ਨੰਬਰ ਲਗਾ ਲਿਆ ਸੀ । ਪੁਲਿਸ ਵੱਲੋਂ ਕੀਤੀ ਗਈ ਪੁਛਗਿੱਛ ਦੌਰਾਨ ਮੰਗਲਦੀਪ ਸਿੰਘ ਨੇ ਇੱਕ ਹੋਰ ਕਾਰ ਹੌਂਡਾ ਸਿਟੀ ਨੰਬਰ ਸੀ.ਐਚ. 04-ਐਚ 4411, ਜੋ ਉਸਨੇ 3 ਅਕਤੂਬਰ ਨੂੰ ਸ਼੍ਰੀ ਭੀਮਸੈਨ, ਵਾਸੀ ਮਕਾਨ ਨੰਬਰ 2208, ਸੈਕਟਰ 21-ਸੀ ਤੋਂ ਚੋਰੀ ਕੀਤੀ ਸੀ, ਵੀ ਪੁਲਿਸ ਨੂੰ ਬਰਾਮਦ ਕਰਵਾ ਦਿੱਤੀ । ਦੋਸ਼ੀ ਵੱਲੋਂ ਹੌਡਾ ਸਿਟੀ ਨੂੰ ਵੀ ਜਾਅਲੀ ਨੰਬਰ ਲਗਾਇਆ ਹੋਇਆ ਸੀ । ਐਸ.ਐਸ.ਪੀ ਨੇ ਦੱਸਿਆ ਕਿ ਦੋਸ਼ੀ ਵਿਰੁਧ ਥਾਣਾ ਸਦਰ ਪਟਿਆਲਾ ਵਿਖੇ ਮਿਤੀ 13-10-2011 ਨੂੰ ਮੁਕੱਦਮਾ ਨੰ: 262 ਅ/ਧ 379,411 ਅਤੇ 473 ਅਧੀਨ ਦਰਜ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।