ਝੋਨੇ ਦੀ ਖਰੀਦ ਵਿੱਚ ਦੇਰੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ : ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਪਰਮਜੀਤ ਸਿੰਘ
ਬਰਨਾਲਾ – ਡਿਪਟੀ ਕਮਿਸ਼ਨਰ ਬਰਨਾਲਾ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਮੰਡੀਆਂ ਵਿੱਚ ਝੋਨਾ ਵੇਚਣ ਆਏ ਕਿਸਾਨਾਂ ਦਾ ਝੋਨਾ ਬਿਨਾਂ ਕਿਸੇ ਦੇਰੀ ਦੇ ਖਰੀਦਿਆ ਜਾਵੇ ਅਤੇ ਉਹਨਾਂ ਨੂੰ ਫਸਲ ਦਾ ਪੂਰਾ ਮੱੁਲ ਦਿੱਤਾ ਜਾਵੇ। ਉਹਨਾਂ ਕਿਹਾ ਕਿ ਜੋ ਕੋਈ ਵੀ ਝੋਨੇ ਦੀ ਖਰੀਦ ਵਿੱਚ ਬਿਨਾਂ ਕਾਰਨ ਦੇਰੀ ਕਰੇਗਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਹ ਗੱਲ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਪਰਮਜੀਤ ਸਿੰਘ ਨੇ ਅੱਜ ਜ਼ਿਲ੍ਹਾ ਬਰਨਾਲਾ ਦੀਆਂ ਵੱਖ-ਵੱਖ ਮੰਡੀਆਂ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਕੀਤੇ ਗਏ ਦੌਰੇ ਦੌਰਾਨ ਖਰੀਦ ਏਜੰਸੀਆਂ, ਮੰਡੀ ਬੋਰਡ ਅਤੇ ਖੁਰਾਕ ਸਪਾਲਈ ਵਿਭਾਗ ਦੇ ਕਰਮਚਾਰੀਆਂ ਨੂੰ ਕਹੀ।
ਡਿਪਟੀ ਕਮਿਸ਼ਨਰ ਵੱਲੋਂ ਅੱਜ ਦੁਪਹਿਰੇ ਪਿੰਡ ਜਗਜੀਤਪੁਰਾ, ਭਗਤਪੁਰਾ, ਉਗੋਕੇ, ਮੌੜ ਪਟਿਆਲਾ ਅਤੇ ਤਪਾ ਦੀਆਂ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ। ਉਹਨਾਂ ਨੇ ਮੰਡੀਆਂ ਵਿੱਚ ਝੋਨੇ ਦੀ ਫਸਲ ਲੈ ਕੇ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਵੱਖ-ਵੱਖ ਢੇਰੀਆਂ ਦੀ ਨਮੀਂ ਚੈੱਕ ਕਰਾ ਕੇ ਖਰੀਦ ਅਧਿਕਾਰੀਆਂ ਨੂੰ ਫੌਰਨ ਝੋਨਾ ਖਰੀਦਣ ਦੇ ਹੁਕਮ ਦਿੱਤੇ। ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਦੇਖਿਆ ਕਿ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਲਿਆਂਦਾ ਗਿਆ ਝੋਨਾ ਤਾਂ ਨਿਰਧਾਰਤ 17 ਪ੍ਰਤੀਸ਼ਤ ਨਮੀਂ ਤੋਂ ਵੀ ਘੱਟ ਸੀ ਪਰ ਆੜ੍ਹਤੀਆਂ ਵੱਲੋਂ ਪਾਵਰ ਕਲੀਨਰਾਂ ਦੀ ਘਾਟ ਕਾਰਨ ਝੋਨਾ ਖਰੀਦਣ ਵਿੱਚ ਦੇਰੀ ਕੀਤੀ ਜਾ ਰਹੀ ਸੀ। ਡਿਪਟੀ ਕਮਿਸ਼ਨਰ ਨੇ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨੂੰ ਇਹ ਸਖਤ ਹਦਾਇਤ ਕੀਤੀ ਕਿ ਜਿਸ ਆੜਤੀਏ ਕੋਲ ਪਰਿਆਪਤ ਗਿਣਤੀ ਵਿੱਚ ਪਾਵਰ ਕਲੀਨਰ, ਤਰਪਾਲਾਂ ਅਤੇ ਹੋਰ ਜਰੁਰੀ ਸਮਾਨ ਨਹੀਂ ਹੈ ਉਹਨਾਂ ਦੀ ਆੜ੍ਹਤ ਦਾ ਲਾਇਸੰਸ ਤੁਰੰਤ ਰੱਦ ਕੀਤਾ ਜਾਵੇ। ਉਹਨਾਂ ਮਾਰਕਿਟ ਕਮੇਟੀ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜਦੋਂ ਵੀ ਕੋਈ ਕਿਸਾਨ ਝੋਨਾ ਲੈ ਕੇ ਮੰਡੀ ਵਿੱਚ ਆਉਂਦਾ ਹੈ ਤਾਂ ਉਸੇ ਸਮੇਂ ਉਸਦੇ ਝੋਨੇ ਦੀ ਨਮੀ ਚੈੱਕ ਕਰਕੇ ਨਾਲ ਦੀ ਨਾਲ ਹੀ ਝੋਨਾ ਖਰੀਦਿਆ ਜਾਵੇ।
ਡਿਪਟੀ ਕਮਿਸ਼ਨਰ ਜਦੋਂ ਪਿੰਡ ਜਗਜੀਤਪੁਰਾ ਦੀ ਮੰਡੀ ਵਿੱਚ ਗਏ ਤਾਂ ਉਥੇ ਦੇ ਇੱਕ ਆੜਤੀਏ ਵੱਲੋਂ ਜਾਣਬੱੁਝ ਕੇ ਝੋਨੇ ਦੀ ਖਰੀਦ ਨਹੀਂ ਕੀਤੀ ਜਾ ਰਹੀ ਸੀ ਜਿਸਤੇ ਉਹਨਾਂ ਮਾਰਕਿਟ ਕਮੇਟੀ ਅਧਿਕਾਰੀ ਨੂੰ ਉਸ ਆੜਤੀਏ ਦਾ ਲਾਇਸੰਸ ਰੱਦ ਕਰਨ ਦੇ ਹੁਕਮ ਦਿੱਤੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਇਹ ਸਖਤ ਹਦਾਇਤਾਂ ਹਨ ਕਿ ਝੋਨਾ ਵੇਚਣ ਆਏ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਬਿਨਾਂ ਕਿਸੇ ਦੇਰੀ ਦੇ ਉਹਨਾਂ ਦੀ ਫਸਲ ਖਰੀਦੀ ਜਾਵੇ। ਉਹਨਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਮੰਡੀਆਂ ਵਿੱਚ ਉਸੇ ਦਿਨ ਹੀ ਉਹਨਾਂ ਦਾ ਝੋਨਾ ਖਰੀਦਿਆ ਜਾਵੇਗਾ ਅਤੇ ਜੇਕਰ ਕਿਸੇ ਕਿਸਾਨ ਨੂੰ ਕਿਸੇ ਤਰਾਂ ਦੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ। ਉਹਨਾਂ ਨਾਲ ਹੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸਿਰਫ ਸੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।