October 16, 2011 admin

ਕੇਂਦਰ ਦੀ ਯੂ.ਪੀ.ਏ. ਸਰਕਾਰ ਦੇ ਹੱਥਾਂ ਵਿੱਚ ਦੇਸ਼ ਸੁਰੱਖਿਅਤ ਨਹੀਂ: ਬਾਦਲ

ਕਾਂਗਰਸ ਨੇ ਦੇਸ਼ ਨੂੰ ਗਰੀਬੀ, ਅਨਪੜ੍ਹਤਾ, ਭ੍ਰਿਸ਼ਟਾਚਾਰ ਅਤੇ ਬੇਰੋਜ਼ਗਾਰੀ

ਦੀ ਦਲਦਲ ਵਿੱਚ ਫਸਾ ਕੇ ਤਬਾਹੀ ਦੇ ਕੰਢੇ ਖੜਾ ਕੀਤਾ: ਬਾਦਲ

*ਘਨੌਰ ਵਿਖੇ 12.5 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਯੂਨੀਵਰਸਿਟੀ ਕਾਲਜ ਦਾ ਉਦਘਾਟਨ

*ਕਈ ਕਾਂਗਰਸੀ ਵਰਕਰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ

ਘਨੌਰ (ਪਟਿਆਲਾ): 15 ਅਕਤੂਬਰ

         ਚੀਨ ਦੀਆਂ ਫੌਜਾਂ ਦਾ ਭਾਰਤ ਦੀ ਸਰਹੱਦ ‘ਤੇ ਇੱਕਤਰ ਹੋਣਾ ਅਤੇ ਵਿਦੇਸ਼ੀ ਹਮਲਾਵਰਾਂ ਵੱਲੋਂ ਦੇਸ਼ ਦੀ ਪਾਰਲੀਮੈਂਟ, ਦਿੱਲੀ ਹਾਈ ਕੋਰਟ, ਮੁੰਬਈ ਅਤੇ ਹੋਰ ਸ਼ਹਿਰਾਂ ਵਿੱਚ ਹੋ ਰਹੇ ਲਗਾਤਾਰ ਹਮਲੇ ਕੇਂਦਰ ਸਰਕਾਰ ਦੀ ਨਾਕਾਮੀ ਦਾ ਸਬੂਤ ਹਨ। ਹੁਣ ਦੇਸ਼ ਵਾਸੀ ਭਲੀ ਭਾਂਤ ਜਾਣੂ ਹੋ ਗਏ ਹਨ ਕਿ ਦੇਸ਼ ਦੀ ਸੁਰੱਖਿਆ ਯੂ.ਪੀ.ਏ. ਸਰਕਾਰ ਦੇ ਹੱਥਾਂ ਵਿੱਚ ਸੁਰੱਖਿਅਤ ਨਹੀਂ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਘਨੌਰ ਵਿਖੇ ਪੰਜਾਬ ਸਰਕਾਰ ਵੱਲੋਂ ਕਰੀਬ 12.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਯੂਨੀਵਰਸਿਟੀ ਕਾਲਜ ਦਾ ਉਦਘਾਟਨ ਕਰਨ ਉਪਰੰਤ ਇਲਾਕੇ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਬਾਦਲ ਨੇ ਕਿਹਾ ਕਿ ਦੇਸ਼ ‘ਤੇ ਲੰਮਾਂ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਵੱਲੋਂ ਦੇਸ਼ ਨੂੰ ਗਰੀਬੀ, ਅਨਪੜ੍ਹਤਾ, ਭ੍ਰਿਸ਼ਟਾਚਾਰ ਅਤੇ ਬੇਰੋਜ਼ਗਾਰੀ ਦੀ ਦਲਦਲ ਵਿੱਚ ਜਕੜ ਕੇ ਤਬਾਹੀ ਦੇ ਕੰਢੇ ‘ਤੇ ਖੜਾ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਵੱਲੋਂ ਦੇਸ਼ ਵਿੱਚ ਫੈਲਾਏ ਭ੍ਰਿਸ਼ਟਾਚਾਰ ਬਾਰੇ ਦੇਸ਼ ਦਾ ਹਰ ਨਾਗਰਿਕ ਪੂਰੀ ਤਰ੍ਹਾਂ ਜਾਣੂ ਹੋ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜਿੱਥੇ ਪੰਜਾਬ ਦੇ ਪਾਣੀਆਂ, ਆਰਥਿਕ ਪੈਕੇਜ਼ ਅਤੇ ਰਾਜਧਾਨੀ ਦੇ ਮਸਲੇ ‘ਤੇ ਹਮੇਸ਼ਾਂ ਧੱਕਾ ਕੀਤਾ ਗਿਆ ਉੱਥੇ ਹੀ ਉਸ ਵੱਲੋਂ ਪੰਜਾਬ ਦੇ ਧਾਰਮਿਕ ਮਸਲਿਆਂ ਵਿੱਚ ਵੀ ਹਮੇਸ਼ਾਂ ਦਖ਼ਲਅੰਦਾਜੀ ਕੀਤੀ ਜਾਂਦੀ ਰਹੀ ਹੈ ਜਿਸ ਕਾਰਨ ਪੰਜਾਬ ਨੂੰ ਇੱਕ ਵੱਡਾ ਸੰਤਾਪ ਹੰਢਾਉਣਾ ਪਿਆ ਹੈ।  

         ਮੁੱਖ ਮੰਤਰੀ ਨੇ ਯੂ.ਪੀ.ਏ. ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦਾ ਕਿਸਾਨ ਕਰਜ਼ਈ ਹੋ ਕੇ ਰਹਿ ਗਿਆ ਹੈ। ਉਹਨਾਂ ਕਿਹਾ ਕਿ ਹੁਣ ਖਾਦਾਂ ਦੀਆਂ ਕੀਮਤਾਂ ਵਧਾ ਕੇ ਦੇਸ਼ ਦੇ ਕਿਸਾਨਾਂ ‘ਤੇ 800 ਕਰੋੜ ਰੁਪਏ ਦਾ ਵਾਧੂ ਬੋਝ ਪਾ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਦੇ ਵਿਕਾਸ ‘ਤੇ 5 ਹਜ਼ਾਰ ਕਰੋੜ ਰੁਪਏ ਖਰਚੇ ਜਾ ਰਹੇ ਹਨ ਅਤੇ ਹੋਰ ਕੰਮਾਂ ਨੂੰ ਨੇਪਰੇ ਚਾੜਨ ਲਈ ਹੁਡਕੋ ਦੇ 750 ਕਰੋੜ ਰੁਪਏ ਦਾ ਕਰਜ਼ਾ ਲੈਣ ਲਈ ਸ਼ੁਰੂ ਕੀਤੀ ਪ੍ਰਕਿਰਿਆ ਵਿੱਚ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਕਾਂਗਰਸ ਦੇ ਇਸ਼ਾਰੇ ‘ਤੇ ਜਾਣਬੁਝ ਕੇ ਅੜਿਕੇ ਡਾਹੇ ਜਾ ਰਹੇ ਹਨ ਜਿਸ ਤੋਂ ਜਾਪਦਾ ਹੈ ਕਿ ਕੇਂਦਰ ਅਤੇ ਪੰਜਾਬ ਵਿਚਲੀ ਕਾਂਗਰਸ ਪਾਰਟੀ ਪੰਜਾਬ ਸਰਕਾਰ ਵੱਲੋਂ ਕੀਤੇ ਬੇਮਿਸਾਲ ਵਿਕਾਸ ਤੋਂ ਬੌਖਲਾਹਟ ਵਿੱਚ ਆ ਗਈ ਹੈ ਅਤੇ ਪੰਜਾਬ ਦੇ ਲੋਕ ਕਾਂਗਰਸ ਦੀਆਂ ਇਹਨਾਂ ਕੋਝੀਆਂ ਚਾਲਾਂ ਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੂੰਹ ਤੋੜ ਜਵਾਬ ਦੇਣਗੇ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਾਜਪਾਈ ਸਰਕਾਰ ਤੋਂ ਲਿਆਂਦੇ 19 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਤੇਲ ਸੋਧਕ ਕਾਰਖਾਨੇ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਿੱਟਾ ਹਾਥੀ ਆਖਕੇ ਬੰਦ ਕਰਵਾ ਦਿੱਤਾ ਗਿਆ ਸੀ ਪਰ ਹੁਣ ਇਹੀ ਤੇਲ ਸੋਧਕ ਕਾਰਖਾਨੇ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਜਿੱਥੇ ਪੰਜਾਬ ਦੀ ਆਰਥਿਕਤਾ ਮਜਬੂਤ ਹੋਵੇਗੀ, ਉੱਥੇ ਹੀ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ਨੂੰ ਇੱਕ ਵਾਧੂ ਬਿਜਲੀ ਪੈਦਾ ਕਰਨ ਵਾਲਾ ਸੂਬਾ ਬਨਾਉਣ ਲਈ ਵਿਸ਼ੇਸ਼ ਕਦਮ ਚੁੱਕੇ ਹਨ।

         ਸ. ਬਾਦਲ ਨੇ ਕਿਹਾ ਕਿ ਜਦੋਂ ਉਹਨਾਂ ਦੀ ਪਾਰਟੀ ਨੇ ਸੱਤਾ ਸੰਭਾਲੀ ਸੀ ਉਸ ਸਮੇਂ ਪੰਜਾਬ ਵਿੱਦਿਆ ਦੇ ਖੇਤਰ ਵਿੱਚ ਦੇਸ਼ ਵਿੱਚੋਂ 14ਵੇਂ ਨੰਬਰ ‘ਤੇ ਸੀ ਪਰ ਹੁਣ ਰਾਜ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਚੌਥੇ ਨੰਬਰ ‘ਤੇ ਆ ਗਿਆ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਵੰਡ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਕੁੱਲ 45 ਸਰਕਾਰੀ ਕਾਲਜ ਸਨ ਪਰ ਉਹਨਾਂ ਦੀ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਸਮੇਂ ਦੇ ਹਾਣੀ ਬਨਾਉਣ ਲਈ ਕਿੱਤਾ ਮੁਖੀ ਉਚੇਰੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ ਜਿਸ ਕਾਰਨ 1 ਸਾਲ ਵਿੱਚ 17 ਨਵੇਂ ਕਾਲਜ ਖੋਲ੍ਹ ਕੇ ਸਿੱਖਿਆ ਦੇ ਖੇਤਰ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਤਿੰਨ ਯੂਨੀਵਰਸਿਟੀਆਂ ਹੀ ਸਨ ਪਰ ਮੌਜੂਦਾ ਸਰਕਾਰ ਵੱਲੋਂ 6 ਨਵੀਂਆਂ ਯੂਨੀਵਰਸਿਟੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ ਅਤੇ 1 ਮਹੀਨੇ ਦੇ ਅੰਦਰ ਹੀ ਤਿੰਨ ਹੋਰ ਨਵੀਂਆਂ ਯੂਨੀਵਰਸਿਟੀਆਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ ਅਤੇ ਪਿੰਡਾਂ ਦੇ ਬੱਚਿਆਂ ਨੂੰ ਮੁਫ਼ਤ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਰਾਜ ਭਰ ਵਿੱਚ ਆਦਰਸ਼ ਸਕੂਲ ਖੋਲ੍ਹੇ ਜਾ ਰਹੇ ਹਨ ਅਤੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ 54 ਹਜ਼ਾਰ ਅਧਿਆਪਕਾਂ ਦੀ ਭਰਤੀ ਮੈਰਿਟ ਦੇ ਅਧਾਰ ‘ਤੇ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਪੰਜਾਬ ਦੇਸ਼ ਭਰ ਵਿੱਚੋਂ ਮੋਹਰੀ ਸੂਬਾ ਬਣ ਗਿਆ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ 15 ਲੱਖ ਪਰਿਵਾਰਾਂ ਨੂੰ 1 ਹਜ਼ਾਰ ਕਰੋੜ ਰੁਪਏ ਖ਼ਰਚ ਕੇ ਆਟਾ ਦਾਲ ਸਕੀਮ ਮੁਹੱਈਆ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਸ਼ਗਨ ਸਕੀਮ ਦਾ ਹੁਣ ਗਰੀਬ ਕਿਸਾਨ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਲੋਕ ਵੀ ਲਾਭ ਲੈ ਸਕਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਲੜਕੀਆਂ ਨੂੰ ਮੁਫਤ ਵਿੱਦਿਆ ਪ੍ਰਦਾਨ ਕੀਤੀ ਗਈ ਹੈ, ਉੱਥੇ ਹੀ 11ਵੀਂ ਅਤੇ 12ਵੀਂ ਜਮਾਤ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲ ਵੀ ਮੁਹੱਈਆ ਕਰਵਾਏ ਗਏ ਹਨ।  ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਗਰੀਬ ਲੋਕਾਂ ਨੂੰ ਪਖਾਨਿਆਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ 400 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ।

         ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਦੱਸਿਆ ਕਿ ਖੇਤੀ ਵਿੱਚ ਆਈ ਖੜੋਤ ਨੂੰ ਖ਼ਤਮ ਕਰਨ ਲਈ ਲੁਧਿਆਣਾ ਵਿਖੇ 500 ਏਕੜ ਜ਼ਮੀਨ ਵਿੱਚ 600 ਕਰੋੜ ਰੁਪਏ ਦੀ ਲਾਗਤ ਨਾਲ ਇੱਕ ‘ਬਾਰਲੋਗ ਖੇਤੀ ਖੋਜ਼ ਸੰਸਥਾ’ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ਵਿੱਚ ਦੇਸ਼ ਅਤੇ ਵਿਦੇਸ਼ਾਂ ਦੇ 300 ਦੇ ਕਰੀਬ ਖੇਤੀ ਵਿਗਿਆਨੀ ਕਣਕ ਅਤੇ ਮੱਕੀ ‘ਤੇ ਨਵੀਂਆਂ ਖੋਜਾਂ ਕਰਨਗੇ। ਮੁੱਖ ਮੰਤਰੀ ਨੇ ਦੱਸਿਆ ਕਿ ਰੋਪੜ ਨੇੜੇ 200 ਏਕੜ ਜ਼ਮੀਨ ਵਿੱਚ ਉੱਤਰੀ ਭਾਰਤ ਦਾ ਪਹਿਲਾ ‘ਆਰਮੀ ਸਰਵਿਸ ਸਲੈਕਸ਼ਨ ਬੋਰਡ’ ਦੀ ਸਥਾਪਨਾ ਕੀਤੀ ਜਾ ਰਹੀ ਹੈ। ਸ. ਬਾਦਲ ਨੇ ਅੰਨਾ ਹਜ਼ਾਰੇ ਸਮਰਥਕਾਂ ‘ਤੇ ਹੋ ਰਹੇ ਹਮਲਿਆਂ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਕਰਦਿਆਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਲੋਕਤੰਤਰ ‘ਤੇ ਇੱਕ ਵੱਡਾ ਧੱਬਾ ਹਨ।

          ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਜਿੱਥੇ ਸਿਹਤ, ਸਿੱਖਿਆ, ਬਿਜਲੀ, ਸ਼ਹਿਰੀ ਹਵਾਬਾਜ਼ੀ, ਸੜਕਾਂ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਇਨਕਲਾਬੀ ਕਦਮ ਚੁੱਕੇ ਹਨ, ਉੱਥੇ ਹੀ ਪੰਜਾਬ ਵਿੱਚ ਲੋਕ ਰਾਜ ਦਾ ਸਬੂਤ ਦਿੰਦੇ ਹੋਏ ‘ਸੇਵਾ ਦਾ ਅਧਿਕਾਰ ਕਾਨੂੰਨ’ ਪਾਸ ਕਰਕੇ ਇੱਕ ਮਿਸਾਲ ਪੈਦਾ ਕੀਤੀ ਹੈ। ਇਸ ਮੌਕੇ ਵਿਧਾਇਕ ਰਾਜਪੁਰਾ ਸ਼੍ਰੀ ਰਾਜ ਖੁਰਾਣਾ, ਐਸ.ਜੀ.ਪੀ.ਸੀ. ਮੈਂਬਰ ਸ਼੍ਰੀਮਤੀ ਕੁਲਦੀਪ ਕੌਰ ਟੌਹੜਾ ਅਤੇ ਸ. ਜਸਮੇਰ ਸਿੰਘ ਲਾਛੜੂ, ਐਸ.ਐਸ. ਬੋਰਡ ਦੇ ਸਾਬਕਾ ਚੇਅਰਮੈਨ ਸ. ਤੇਜਿੰਦਰਪਾਲ ਸਿੰਘ ਸੰਧੂ ਨੇ ਵੀ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ ਅਤੇ ਸਾਬਕਾ ਮੰਤਰੀ ਅਤੇ ਹਲਕਾ ਇੰਚਾਰਜ ਸ. ਅਜਾਇਬ ਸਿੰਘ ਮੁਖਮੇਲਪੁਰ ਨੇ ਇਸ ਇਲਾਕੇ ਵਿੱਚ ਸਰਕਾਰੀ ਕਾਲਜ ਖੋਲ੍ਹਣ ‘ਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਇਲਾਕੇ ਦੀਆਂ ਮੰਗਾਂ ਅਤੇ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਪਟਿਆਲਾ ਦੀ ਸਮੁੱਚੀ ਲੀਡਰਸ਼ਿਪ ਅਤੇ ਇਲਾਕਾ ਨਿਵਾਸੀਆਂ ਵੱਲੋਂ ਮੁੱਖ ਮੰਤਰੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸ. ਨਰਿੰਦਰਪਾਲ ਸਿੰਘ ਜਲਾਲਪੁਰ, ਸ਼੍ਰੀ ਪਾਲਾ ਸਿੰਘ ਜਲਾਲਪੁਰ, ਸ਼੍ਰੀ ਹਰਚੰਦ ਸਿੰਘ ਜਲਾਲਪੁਰ, ਸ਼੍ਰੀ ਬਲਵਿੰਦਰ ਸਿੰਘ ਜਲਾਲਪੁਰ, ਸ਼੍ਰੀ ਜਸਦੇਵ ਸਿੰਘ ਅਤੇ ਸ਼੍ਰੀ ਗੁਰਦੇਵ ਸਿੰਘ ਪਿੰਡ ਲਾਛੜੂ ਨੇ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਜਿਸ ‘ਤੇ ਮੁੱਖ ਮੰਤਰੀ ਸ. ਬਾਦਲ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।

         ਇਸ ਮੌਕੇ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਦੇ ਚੇਅਰਮੈਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਉਪ ਚੇਅਰਮੈਨ ਸ. ਹਰਜੀਤ ਸਿੰਘ ਅਦਾਲਤੀਵਾਲਾ, ਸਾਬਕਾ ਮੰਤਰੀ ਸ. ਹਰਮੇਲ ਸਿੰਘ ਟੌਹੜਾ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ, ਐਸ.ਜੀ.ਪੀ.ਸੀ. ਮੈਂਬਰ ਸ. ਸੁਰਜੀਤ ਸਿੰਘ ਗੜੀ ਅਤੇ ਸ. ਜਰਨੈਲ ਸਿੰਘ ਕਰਤਾਰਪੁਰ, ਸ਼੍ਰੀਮਤੀ ਹਰਪ੍ਰੀਤ ਕੌਰ ਮੁਖਮੇਲਪੁਰ, ਸ਼੍ਰੀਮਤੀ ਅਨੁਪਿੰਦਰ ਕੌਰ ਸੰਧੂ, ਸ਼੍ਰੀਮਤੀ ਮੰਜੂ ਕੂਰੈਸ਼ੀ, ਸਾਬਕਾ ਵਿਧਾਇਕ ਸ. ਗੁਰਦੇਵ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਕਾਰਜ਼ਕਾਰੀ ਪ੍ਰਧਾਨ ਸ. ਫੌਜਇੰਦਰ ਸਿੰਘ ਮੁਖਮੇਲਪੁਰ, ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਹਰਵਿੰਦਰ ਸਿੰਘ ਹਰਪਾਲਪੁਰ, ਬਲਾਕ ਸੰਮਤੀ ਘਨੌਰ ਦੇ ਚੇਅਰਮੈਨ ਸ. ਅਵਤਾਰ ਸਿੰਘ ਕਪੂਰੀ, ਬਲਾਕ ਸੰਮਤੀ ਭੁਨਰਹੇੜ੍ਹੀ ਦੇ ਚੇਅਰਮੈਨ ਸ. ਹਰਮੀਤ ਸਿੰਘ ਪਠਾਣਮਾਜਰਾ, ਸ. ਜਰਨੈਲ ਸਿੰਘ ਸੈਦਖੇੜੀ, ਬੀ.ਜੇ.ਪੀ. ਪਟਿਆਲਾ ਦਿਹਾਤੀ ਦੇ ਪ੍ਰਧਾਨ ਸ਼੍ਰੀ ਰਮੇਸ਼ਵਰ ਸ਼ਰਮਾਂ, ਨਗਰ ਸੁਧਾਰ ਟਰੱਸਟ ਰਾਜਪੁਰਾ ਦੇ ਚੇਅਰਮੈਨ ਸ਼੍ਰੀ ਨੰਦ ਲਾਲ ਸ਼ਰਮਾਂ, ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਸ਼੍ਰੀ ਨਿਰਮੈਲ ਸਿੰਘ, ਸ਼੍ਰੀ ਕਰਨੈਲ ਸਿੰਘ ਮੁਖਮੇਲਪੁਰ ਮੈਂਬਰ ਬਲਾਕ ਸੰਮਤੀ, ਸ਼੍ਰੀ ਹੈਰੀ ਮੁਖਮੇਲਪੁਰ, ਸ਼੍ਰੀ ਹਰਪ੍ਰੀਤ ਸਿੰਘ ਘੁੰਮਣ, ਸ਼੍ਰੀ ਗੁਰਸੇਵ ਸਿੰਘ ਹਰਪਾਲਪੁਰ, ਕਾਲਜ ਦੇ ਪਿੰ੍ਰਸੀਪਲ ਡਾ. ਸੁਰਜੀਤ ਸਿੰਘ ਭੱਟੀ, ਆਈ.ਜੀ. ਪਟਿਆਲਾ ਜੋਨ ਸ. ਪਰਮਜੀਤ ਸਿੰਘ ਗਿੱਲ, ਡੀ.ਆਈ.ਜੀ. ਪਟਿਆਲਾ ਰੇਂਜ ਸ਼੍ਰੀ ਪ੍ਰਮੋਦ ਬਾਨ, ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ, ਐਸ.ਐਸ.ਪੀ. ਪਟਿਆਲਾ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ, ਐਸ.ਡੀ.ਐਮ ਰਾਜਪੁਰਾ ਸ਼੍ਰੀ ਪੀ.ਕੇ. ਜੈਨ, ਕਾਰਜ਼ਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਸ਼੍ਰੀ ਜ਼ੋਰਾਵਰ ਸਿੰਘ, ਸ਼੍ਰੀ ਸੁਖਜੀਤ ਸਿੰਘ ਬਘੌਰਾ ਸਮੇਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਰਕਰ ਅਤੇ ਆਗੂ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ।

Translate »