– ਭਾਈ ਰਣਧੀਰ ਸਿੰਘ ਦੀ ਯਾਦ ‘ਚ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਮਾਰਕ ਦਾ ਰੱਖਿਆ ਨੀਂਹ ਪੱਥਰ
ਨਾਰੰਗਵਾਲ – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਵਿਕਾਸ ਵਿਰੋਧੀ ਹੋਣ ਦੇ ਨਾਲ-ਨਾਲ ਸੌੜੀ ਸੋਚ ਦੀ ਵੀ ਧਾਰਣੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਸਿਰਫ ਬਿਆਨਬਾਜ਼ੀ ਅਤੇ ਆਲੋਚਨਾ ਕਰਨੀ ਹੀ ਜਾਣਦੇ ਹਨ ਜਦਕਿ ਪੰਜਾਬ ਦਾ ਜਿੰਨਾ ਵਿਕਾਸ ਸ਼ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਆਪਣੇ ਮੌਜੂਦਾ ਕਾਰਜਕਾਲ ਦੌਰਾਨ ਕਰਵਾਇਆ ਹੈ, ਕਾਂਗਰਸੀ ਦੀਆਂ ਪਿਛਲੀਆਂ ਸਰਕਾਰਾਂ ਇਸਦੇ ਨੇੜੇ-ਤੇੜੇ ਵੀ ਨਹੀਂ ਖੜ੍ਹਦੀਆਂ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਾਰੰਗਵਾਲ ‘ਚ ਭਾਈ ਰਣਧੀਰ ਸਿੰਘ ਦੀ ਯਾਦ ‘ਚ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਮਾਰਕ ਦਾ ਨੀਂਹ ਪੱਥਰ ਰੱਖਦਿਆਂ ਸ. ਬਾਦਲ ਨੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਸਦਾ ਹੀ ਵਿਕਾਸ Àਤੇ ਲੋਕ ਵਿਰੋਧੀ ਪਾਰਟੀ ਰਹੀ ਹੈ ਅਤੇ ਹੁਣ ਸੂਬੇ ‘ਚ ਚੱਲ ਰਹੀ ਵਿਕਾਸ ਦੀ ਹਨ੍ਹੇਰੀ ਕਾਂਗਰਸੀਆਂ ਤੋਂ ਜ਼ਰੀ ਨਹੀਂ ਜਾ ਰਹੀ। ਉਨ੍ਹਾਂ ਕਿਹਾ ਕਿ ਆਪਣੇ ਸ਼ਹੀਦਾਂ ਅਤੇ ਕੌਮ ਲਈ ਚੰਗਾ ਕੰਮ ਕਰਨ ਵਾਲਿਆਂ ਨੂੰ ਯਾਦ ਰੱਖਣ ਦੇ ਮਕਸਦ ਨਾਲ ਯਾਦਗਾਰਾਂ ਬਣਾਉਣ ਦਾ ਜੋ ਉਪਰਾਲਾ ਸ਼ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਕੀਤਾ ਹੈ, ਉਸਦੀ ਪ੍ਰਸੰਸਾ ਕਰਨ ਦੀ ਥਾਂ ਕਾਂਗਰਸੀ ਵਿਕਾਸ-ਵਿਰੋਧੀ ਬਿਆਨ ਦੇ ਰਹੇ ਹਨ ਜਿਸ ਤੋਂ ਉਨ੍ਹਾਂ ਦੀ ਸੌੜੀ ਸੋਚ ਦਾ ਪਤਾ ਲੱਗਦਾ ਹੈ। ਸ. ਬਾਦਲ ਨੇ ਕਿਹਾ ਕਿ ਭਾਈ ਰਣਧੀਰ ਸਿੰਘ ਦੀ ਯਾਦਗਾਰ ਬਣਾਉਣ ਦੇ ਨਾਲ-ਨਾਲ ਚੱਪੜਚਿੜੀ ਅਤੇ ਛੋਟਾ ਘੱਲੂਗਾਰਾਂ ਸਮੇਤ ਰਾਜ ‘ਚ ਦਰਜਨ ਦੇ ਕਰੀਬ ਅਜਿਹੇ ਸਮਾਰਕ ਅਤੇ ਯਾਦਗਾਰਾਂ ਬਣਾਈਆਂ ਗਈਆਂ ਹਨ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਅਮੀਰ ਇਤਿਹਾਸ ਤੋਂ ਜਾਣੂੰ ਕਰਵਾਉਂਦੀਆਂ ਰਹਿਣਗੀਆਂ।
ਸ. ਬਾਦਲ ਨੇ ਕਿਹਾ ਕਿ ਹਾਂਲਾਕਿ ਕੇਂਦਰ ਦੀ ਕਾਂਗਰਸ ਸਰਕਾਰ ਪੈਰ-ਪੈਰ ‘ਤੇ ਸੂਬਾ ਸਰਕਾਰ ਨਾਲ ਵਿਤਕਰਾ ਕਰ ਰਹੀ ਹੈ ਪਰ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਸ਼ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਰਾਜ ‘ਚ ਜੋ ਵਿਕਾਸ ਕਾਰਜ ਕੀਤੇ ਹਨ ਅਤੇ ਕਈ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਹਨ, ਉਸ ਨਾਲ ਪੰਜਾਬ ਦੀ ਕਾਇਆ ਕਲਪ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਦੁਸ਼ਮਣਾਂ ਵਰਗਾ ਵਤੀਰਾ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਪੰਜਾਬ ਸਰਕਾਰ ਨੇ ਕੇਂਦਰ ਦੀ ਕਾਂਗਰਸ ਸਰਕਾਰ ਕੋਲ ਇਹ ਮੰਗ ਉਠਾਈ ਹੈ ਕਿ ਪ੍ਰਾਪਤ ਕਰਾਂ ਦੀ ਵੰਡ ਦੀ ਵਿਧੀ ‘ਚ ਸੂਬੇ ਨਾਲ ਵਿਤਕਰਾ ਨਾ ਕੀਤਾ ਜਾਵੇ ਬਲਕਿ ਪੰਜਾਬ ਦਾ ਹੱਕ ਉਸਨੂੰ ਦਿੱਤਾ ਜਾਵੇ। ਉਦਾਹਰਣ ਦਿੰਦਿਆਂ ਸ. ਬਾਦਲ ਨੇ ਦੱਸਿਆ ਕਿ ਪੰਜਾਬ ‘ਚੋਂ ਇਕੱਠੇ ਹੁੰਦੇ ਕਰਾਂ ‘ਚੋਂ ਰਾਜ ਨੂੰ ਸਿਰਫ 32 ਫੀਸਦੀ ਹਿੱਸਾ ਹੀ ਦਿੱਤਾ ਜਾਂਦਾ ਹੈ ਜਦਕਿ 68 ਫੀਸਦੀ ਰਕਮ ਕੇਂਦਰ ਸਰਕਾਰ ਲੈ ਜਾਂਦੀ ਹੈ। ਇਹੀ ਪੈਸਾ ਜੇ ਪੰਜਾਬ ਦੇ ਵਿਕਾਸ ‘ਤੇ ਖਰਚ ਕੀਤਾ ਜਾਵੇ ਤਾਂ ਪੰਜਾਬ ਦਾ ਮੂੰਹ-ਮੁਹਾਂਦਰਾ ਵਿਕਸਿਤ ਮੁਲਕਾਂ ਤੋਂ ਕਿਸੇ ਪੱਖੋਂ ਘੱਟ ਨਹੀਂ ਹੋਵੇਗਾ।
ਇਸ ਮੌਕੇ ਆਪਣੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਭਾਈ ਰਣਧੀਰ ਸਿੰਘ ਬਾਰੇ ਆਪਣੇ ਸ਼ਰਧਾਪੂਰਣ ਸੰਬੋਧਨ ਦੌਰਾਨ ਕਿਹਾ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਖਾਲਸਾ ਪੰਥ ਦੇ ਆਦਰਸ਼ਕ ਜੀਵਨ ਵਾਲੇ ਅਨੁਭਵੀ ਗੁਰ ਸਿੱਖਾਂ ਵਿਚੋਂ ਹੋਏ ਹਨ।ਅਜ਼ਾਦੀ ਦੀ ਲੜਾਈ ਦੌਰਾਨ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਵੀ ਭਾਈ ਸਾਹਿਬ ਨੇ ਅਹਿਮ ਯੋਗਦਾਨ ਪਾਇਆ।ਭਾਈ ਰਣਧੀਰ ਸਿੰਘ ਨੇ ਲੁਧਿਆਣਾ, ਲਾਹੌਰ, ਮੁਲਤਾਨ, ਹਜ਼ਾਰੀ ਬਾਗ ਅਤੇ ਨਾਗਪੁਰ ਜੇਲਾਂ ਵਿੱਚ ਵੀ ਕੈਦ ਕੱਟੀ। ਸ. ਬਾਦਲ ਨੇ ਕਿਹਾ ਕਿ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਭਾਈ ਰਣਧੀਰ ਸਿੰਘ ਜੀ ਦੇ ਕੀਰਤਨ ਇਸ਼ਕ ਦੀ ਉਪੱਜ ਹੈ ਅਤੇ ਪੰਥ ਦਾ ਵੱਡਮੁਲਾਂ ਅੰਗ ਅਤੇ ਅਨਮੋਲ ਵਿਰਸਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਜਗਦੀਸ਼ ਸਿੰਘ ਗਰਚਾ ਅਤੇ ਭਾਈ ਰਣਧੀਰ ਸਿੰਘ ਟਰੱਸਟ ਦੇ ਚੇਅਰਪਰਸਨ ਬੀਬੀ ਪ੍ਰਸੰਨ ਕੌਰ ਸਮੇਤ ਵੱਡੀ ਗਿਣਤੀ ‘ਚ ਇਲਾਕਾਵਾਸੀ ਹਾਜ਼ਰ ਸਨ।