ਫਤਹਿਗੜ੍ਹ ਸਾਹਿਬ- ਡਵੀਜ਼ਨਲ ਕਮਿਸ਼ਨਰ ਪਟਿਆਲਾ ਸ਼੍ਰੀ ਐਸ.ਆਰ. ਲੱਧੜ ਨੇ ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਦੇ ਨਾਲ ਅੱਜ ਇੱਥੇ 55 – ਫਤਹਿਗੜ੍ਹ ਸਾਹਿਬ ਵਿਧਾਨ ਸਭਾ ਚੋਣ ਹਲਕੇ ਵਿੱਚ ਨਗਰ ਕੌਸਲ ਸਰਹਿੰਦ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸਰਹਿੰਦ ਵਿਖੇ ਪੈਂਦੇ ਪੋਲਿੰਗ ਸਟੇਸ਼ਨ 41, 43 ਅਤੇ 44 ਵਿਖੇ ਬੂਥ ਲੈਵਲ ਅਫਸਰਾਂ ਵੱਲੋਂ ਫੋਟੋ ਵੋਟਰ ਸੂਚੀਆਂ ਦੀ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਰਸਰੀ ਸੁਧਾਈ ਦੇ ਕੀਤੇ ਜਾ ਰਹੇ ਕੰਮ ਦਾ ਜਾਇਜ਼ਾ ਲਿਆ । ਉਨ੍ਹਾਂ ਫੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੀ ਪ੍ਰਗਤੀ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ । ਉਨ੍ਹਾਂ ਜ਼ਿਲ੍ਹੇ ਵਿੱਚ ਤਾਇਨਾਤ ਸਾਰੇ ਬੂਥ ਲੈਵਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਬੂਥ ਅਧੀਨ ਆਉਂਦੇ ਘਰਾਂ ਵਿੱਚ ਕੋਈ ਵੀ ਅਜਿਹਾ ਵੋਟਰ ਜਿਸ ਦੀ ਉਮਰ 1 ਜਨਵਰੀ 2012 ਨੂੰ 18 ਸਾਲ ਜਾ ਇਸ ਤੋਂ ਵੱਧ ਬਣਦੀ ਹੋਵੇ। ਉਹ ਵੋਟ ਦੀ ਅਹਿਮੀਅਤ ਨੂੰ ਮੁੱਖ ਰੱਖਦਿਆਂ ਆਪਣੀ ਵੋਟ ਜਰੂਰ ਬਣਾਉਣ । ਉਨ੍ਹਾਂ ਬੀ.ਐਲ.ਓਜ਼ ਨੂੰ ਇਹ ਵੀ ਹਦਾਇਤ ਕੀਤੀ ਕਿ 20 ਅਕਤੂਬਰ ਤੱਕ ਚੱਲ ਰਹੀ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੌਰਾਨ 18 ਸਾਲ ਤੋਂ ਉਪਰ ਉਮਰ ਦੇ ਨੌਜਵਾਨ ਵਿਦਿਆਰਥੀਆਂ ਨੂੰ ਆਪਣੀ ਵੋਟ ਬਣਾਉਣ ਲਈ ਵੱਧ ਤੋਂ ਵੱਧ ਪ੍ਰੇਰਤ ਕਰਨ । ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵਿਦਿਆਰਥੀਆਂ ਨੂੰ ਇਹ ਛੋਟ ਦਿੱਤੀ ਗਈ ਹੈ ਕਿ ਉਹ ਜਿਸ ਵਿੱਦਿਅਕ ਸੰਸਥਾ ਵਿੱਚ ਪੜ੍ਹਦੇ ਹਨ, ਉਸ ਦੇ ਹੋਸਟਲ ਦੇ ਪਤੇ ਜਾ ਆਪਣੇ ਪੱਕੇ ਪਤੇ ਤੇ ਵੀ ਆਪਣੀ ਵੋਟ ਬਣਵਾ ਸਕਦੇ ਹਨ । ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਕਿ ਉਹ ਵੱਧ ਤੋਂ ਵੱਧ ਨੌਜਵਾਨ ਵੋਟਰਾਂ ਨੂੰ ਵੋਟ ਬਣਾਉਣ ਲਈ ਪ੍ਰੇਰਤ ਕਰਨ ਤਾਂ ਜੋ ਕੋਈ ਵੀ ਨੌਜਵਾਨ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ ।
ਸ੍ਰੀ ਲੱਧੜ ਨੇ ਜ਼ਿਲ੍ਹੇ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ ਦੇ ਚੋਣ ਰਜਿਸ਼ਟਰੇਸ਼ਨ ਅਫਸਰਾਂ ਕਮ ਉਪ ਮੰਡਲ ਮੈਜਿਸ਼ਟਰੇਟਾਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਬੂਥ ਲੈਵਲ ਅਫਸਰਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਨਵੀਂਆਂ ਵੋਟਾਂ ਬਣਾਉਣ ਲਈ ਫਾਰਮ ਨੰਬਰ 6 ਭਰਾਉਣ ਦੇ ਨਾਲ ਨਾਲ ਵੋਟਰ ਸੂਚੀਆਂ ਵਿੱਚ ਦਰਜ ਨਾਵਾਂ , ਉਮਰ ਜਾਂ ਪਤਾ ਲਿਖਣ ਵਿੱਚ ਹੋਈ ਕਿਸੇ ਵੀ ਤਰ੍ਹਾਂ ਦੀ ਗਲਤੀ ਦੀ ਦਰੁਸਤੀ ਵਾਸਤੇ ਫਾਰਮ ਨੰਬਰ 8 ਜਰੂਰ ਭਰਾਉਣ । ਉਨ੍ਹਾਂ ਦੱਸਿਆ ਕਿ 19 ਨਵੰਬਰ 2011 ਨੂੰ ਵੋਟਰ ਸੂਚੀਆਂ ਦੀ ਸੁਧਾਈ ਲਈ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਸਬੰਧਤ ਵਿਧਾਨ ਸਭਾ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਵੱਲੋਂ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਸੋਧੀਆਂ ਹੋਈਆਂ ਫੋਟੋ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ 2 ਜਨਵਰੀ 2012 ਨੂੰ ਕੀਤੀ ਜਾਵੇਗੀ ।
ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ਼੍ਰੀ ਯਸ਼ਵੀਰ ਮਹਾਜਨ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਵਿੱਚ ਲੱਗੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਇਹ ਕੰਮ ਮਿੱਥੇ ਸਮੇਂ ਦੇ ਅੰਦਰ ਮੁਕੰਮਲ ਹੋ ਸਕੇ । ਇਸ ਮੌਕੇ ਐਸ.ਡੀ.ਐਮ ਸ਼੍ਰੀ ਅਰਵਿੰਦਰ ਪਾਲ ਸਿੰਘ ਸੰਧੂ ਵੀ ਹਾਜ਼ਰ ਸਨ ।