October 16, 2011 admin

ਦੇਸ਼ ਦੀ ਆਜ਼ਾਦੀ ਖਾਤਰ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ, ਗਰੀਬੀ, ਅਨਪੜ੍ਹਤਾ ਅਤੇ ਬੇਰੋਜਗਾਰੀ ਨੂੰ ਖਤਮ ਕਰਨ ਲਈ ਸਾਰੀਆਂ ਪਾਰਟੀਆਂ ਨੂੰ ਇੱਕ-ਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ – ਸ. ਬਾਦਲ

ਲੁਧਿਆਣਾ- ਦੇਸ਼ ਦੀ ਆਜ਼ਾਦੀ ਖਾਤਰ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ, ਗਰੀਬੀ, ਅਨਪੜ੍ਹਤਾ ਅਤੇ ਬੇਰੋਜਗਾਰੀ ਨੂੰ ਖਤਮ ਕਰਨ ਲਈ ਸਾਰੀਆਂ ਪਾਰਟੀਆਂ ਨੂੰ ਇੱਕ-ਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ।  

               ਇਹ ਪ੍ਰਗਟਾਵਾ ਸ: ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਇਥੋ 30 ਕਿਲੋਮੀਟਰ ਦੂਰ ਸ੍ਰੀ ਭੈਣੀ ਸਾਹਿਬ ਵਿਖੇ ਨਾਮਧਾਰੀ ਦਰਬਾਰ ਦੇ ਮੁਖੀ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਪਾਵਨ ਛਤਰ-ਛਾਇਆ ਹੇਠ 17 ਸਤੰਬਰ ਤੋ 17 ਅਕਤੂਬਰ ਤੱਕ ਆਯੋਜਿਤ ਸਾਲਾਨਾ ਨਾਮ ਸਿਮਰਨ ਜਪ-ਪ੍ਰਯੋਗ ਸਮਾਗਮ ਨੂੰ ਸੰਬੋਧਨ ਕਰਦਿਆ ਕੀਤਾ।

               ਸ. ਬਾਦਲ ਨੇ ਕਿਹਾ ਕਿ ਉਹ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਨਤ-ਮਸਤਕ ਹੋਣ ਤੇ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹਨ ਅਤੇ ਉਹਨਾਂ ਦਾ ਨਾਮਧਾਰੀ ਦਰਬਾਰ ਪ੍ਰਤੀ ਅਥਾਹ ਸਤਿਕਾਰ ਹੈ। ਉਹਨਾਂ ਕਿਹਾ ਕਿ ਨਾਮਧਾਰੀ ਸਿੰਘਾਂ ਵੱਲੋ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇ ਕੇ ਚੜਾਏ ਗਏ ਕਰਜ਼ੇ ਨੂੰ ਕਿਸੇ ਵੀ ਕੀਮਤ ਤੇ ਵਾਪਸ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਭਾਰਤ ਦੀ ਅਜ਼ਾਦੀ ਦੀ ਲੜਾਈ ਦਾ ਮੁੱਢ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ ਸਾਮਰਾਜ ਵਿਰੁੱਧ ਨਾ ਮਿਲਵਤਰਨ ਲਹਿਰ ਚਲਾ ਕੇ ਬੰਨ੍ਹਿਆ ਅਤੇ ਲੋਕਾਂ ਨੂੰ ਭਾਰਤੀ ਬਣਨ, ਭਾਰਤੀ ਰਹਿਣ ਅਤੇ ਭਾਰਤੀ ਵਸਤਾਂ ਦਾ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ ਅਤੇ ਦੇਸ਼ ਨੂੰ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੇਧ ਵੀ ਪ੍ਰਦਾਨ ਕੀਤੀ। ਉਹਨਾ ਕਿਹਾ ਕਿ ਸਤਿਗੁਰੂ ਸ਼੍ਰੀ ਰਾਮ ਸਿੰਘ ਜੀ ਨੇ ਸੱਚ, ਸਤਿਆਗ੍ਰਹਿ ਅਤੇ ਅਹਿੰਸਾ ਦੇ ਸਿਧਾਂਤਾ ਤੇ ਪਹਿਰਾ ਦਿੱਤਾ ਅਤੇ ਇਹਨਾਂ ਸਿਧਾਂਤਾ ਨੂੰ ਅਪਨਾ ਕੇ ਦੇਸ਼ ਦੀ ਅਜ਼ਾਦੀ ਦੀ ਲਹਿਰ ਵਿਚ ਵਡਮੁੱਲਾ ਯੋਗਦਾਨ ਪਾਇਆ।  

               ਕੂਕਾ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ     ਕਰਦਿਆਂ ਸ. ਬਾਦਲ ਨੇ ਕਿਹਾ ਕਿ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਬਹਾਦਰ ਕ੍ਰਾਂਤੀਕਾਰੀ ਪੈਦਾ ਕੀਤੇ, ਜਿੰਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਹੌਸਲੇ ਨਾਲ ਲੜਾਈ ਲੜੀ ਅਤੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਤੋਪਾਂ ਦੇ ਸਾਹਮਣੇ ਖੜੇ ਹੋ ਕੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਹਨਾਂ ਕਿਹਾ ਕਿ ਮਲੇਰਕੋਟਲਾ ਵਿਖੇ 66 ਨਾਮਧਾਰੀ ਸਿੰਘਾਂ ਨੂੰ ਅੰਗਰੇਜਾਂ ਨੇ ਤੋਪਾਂ ਨਾਲ ਉਡਾਇਆ ਅਤੇ  ਲੁਧਿਆਣਾ, ਰਾਏਕੋਟ ਅਤੇ ਅੰਮ੍ਰਿਤਸਰ ਵਿਖੇ 9 ਨਾਮਧਾਰੀ ਸਿੰਘਾਂ ਨੂੰ ਸ਼ਰੇਆਮ ਫਾਂਸੀ ਵੀ ਦਿੱਤੀ ਗਈ। ਉਹਨਾ ਕਿਹਾ ਕਿ ਅਜ਼ਾਦੀ ਦੀ ਲੜਾਈ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਅਤੇ ਅਜਾਦੀ ਦੀ ਲੜਾਈ ਦੌਰਾਨ  ਨਾਮਧਾਰੀ ਸਿੰਘਾਂ ਨੇ ਵੀ ਬਹੁਤ ਕੁਰਬਾਨੀਆਂ ਦਿੱਤੀਆਂ, ਜਿੰਨਾਂ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ। ਨਾਮਧਾਰੀ ਦਰਬਾਰ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਸਿੰਘ ਨਾਮਧਾਰੀ ਵੱਲੋ ਨਾਮਧਾਰੀ ਸ਼ਹੀਦਾਂ ਦੀਆਂ ਜ਼ਬਤ ਹੋਈਆਂ ਜ਼ਮੀਨਾਂ ਨੂੰ ਛੁਡਾਉਣ ਦੀ ਕੀਤੀ ਗਈ ਮੰਗ ਤੇ ਸ੍ਰ. ਬਾਦਲ  ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਇਹਨਾਂ ਜ਼ਮੀਨਾਂ ਨੂੰ ਛਡਾਉਣ ਲਈ ਢੁੱਕਵੇਂ ਉਪਰਾਲੇ ਕੀਤੇ ਜਾਣਗੇ।

               ਸ: ਬਾਦਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋ 100 ਕਰੋੜ ਰੁਪਏ ਦੀ ਲਾਗਤ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਚੱਪੜ-ਚਿੜੀ, ਕੁੱਪ ਰੋਹੀੜਾ ਵਿਖੇ ਵੱਡਾ ਘੱਲੂਘਾਰਾ ਅਤੇ ਕਾਹਨੂੰਵਾਨ ਵਿਖੇ ਛੋਟੇ ਘੱਲੂਘਾਰੇ ਦੀ ਯਾਦ ਵਿੱਚ ਯਾਦਗਾਰਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਤੋ ਇਲਾਵਾ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਖਾਲਸਾ ਵਿਰਾਸਤੀ ਕੰਪਲੈਕਸ ਸਥਾਪਿਤ ਕੀਤਾ ਗਿਆ ਹੈ, ਜੋ ਕਿ ਆਉਣ ਵਾਲੇ ਨਵੰਬਰ ਮਹੀਨੇ ਦੌਰਾਨ ਸੰਗਤਾਂ ਨੂੰ ਸਮਰਪਿਤ ਕੀਤਾ ਜਾਵੇਗਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਪੁਰਾਤਨ ਵਿਰਸੇ ਪ੍ਰਤੀ ਜਾਗਰੂਕ ਹੋ ਸਕਣ।  

       ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸ: ਹੀਰਾ ਸਿੰਘ ਗਾਬੜੀਆ ਜੇਲਾਂ ਅਤੇ ਸੈਰ-ਸਪਾਟਾ ਮੰਤਰੀ ਪੰਜਾਬ, ਪ੍ਰੋ. ਰਾਜਿੰਦਰ ਭੰਡਾਰੀ ਵਾਇਸ ਪ੍ਰਧਾਨ ਯੋਜਨਾ ਬੋਰਡ ਪੰਜਾਬ, ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ, ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਲੁਧਿਆਣਾ, ਸ. ਸ਼ਰਨਜੀਤ ਸਿੰਘ ਢਿਲੋ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ, ਸ੍ਰੀ ਅਜਮੇਰ ਸਿੰਘ ਭਾਗਪੁਰ,  ਨਾਮਧਾਰੀ ਦਰਬਾਰ ਸ਼੍ਰੀ ਭੈਣੀ ਸਾਹਿਬ ਦੇ ਪ੍ਰਧਾਨ ਸ੍ਰੀ ਹਰਵਿੰਦਰ ਸਿੰਘ ਹੰਸਪਾਲ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਸੁਰਿੰਦਰ ਸਿੰਘ, ਬਾਬਾ ਜਗਰੂਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ, ਸ੍ਰੀ ਕੁਲਵਿੰਦਰ ਸਿੰਘ ਦਹੀ ਅਤੇ ਵੱਡੀ ਗਿਣਤੀ ਵਿੱਚ ਨਾਮਧਾਰੀ ਸਿੱਖ ਸੰਗਤਾਂ ਵੀ ਹਾਜ਼ਰ ਸਨ।

Translate »