ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਯੋਜਿਤ ਅੱਠਵੇਂ ਗੁਰਮਤਿ ਸੰਗੀਤ ਉਤਸਵ ਦੇ ਆਖਰੀ ਦਿਨ ਗੁਰਮਤਿ ਸੰਗੀਤ ਭਵਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੁਰਮਤਿ ਸੰਗੀਤ : ਅਕਾਦਮਿਕ ਪਰਿਪੇਖ ਵਿਸ਼ੇ ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤੀ। ਇਸ ਸਮਾਗਮ ਵਿਚ ਡਾ. ਐਸ.ਪੀ. ਸਿੰਘ, ਸਾਬਕਾ ਵਾਈਸ-ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਡਾ. ਗੁਰਨੇਕ ਸਿੰਘ, ਕਾਰਜਕਾਰੀ ਉਪ-ਕੁਲਪਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦਾ ਉਦਘਾਟਨ ਕਰਦਿਆਂ ਵਾਈਸ-ਚਾਂਸਲਰ ਡਾ. ਐਸ.ਪੀ. ਸਿੰਘ ਨੇ ਗੁਰਮਤਿ ਸੰਗੀਤ ਦੀ ਅਕਾਦਮਿਕ ਸਥਾਪਤੀ ਦੀ ਇਤਿਹਾਸਕ ਉਪਲਬਧੀ ਨੂੰ ਆਪਣੇ ਸ਼ਬਦਾਂ ਵਿਚ ਬਿਆਨ ਕਰਦਿਆਂ ਇਸ ਵਿਸ਼ੇ ਨੂੰ ਗਲੋਬਲ ਪੱਧਰ ਉਤੇ ਪ੍ਰਚਾਰਨ ਲਈ ਵਿਗਿਆਨਕ ਪਹੁੰਚ ਅਪਨਾਉਣ ਦਾ ਸਦਾ ਦਿਤਾ ਅਤੇ ਸੈਮੀਨਾਰ ਵਿਚ ਹਾਜ਼ਰ ਸਮੂਹ ਵਿਦਵਾਨਾਂ ਨੂੰ ਗੁਰਮਤਿ ਸੰਗੀਤ ਦਾ ਦੂਸਰੀਆਂ ਸੰਗੀਤ ਪਰੰਪਰਾਵਾਂ ਨਾਲ ਤੁਲਨਾਤਮਕ ਅਧਿਐਨ ਕਰਨ ਲਈ ਪ੍ਰੇਰਨਾ ਦਿਤੀ। ਉਨ੍ਹਾਂ ਇਸ ਖੇਤਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਦੀਆਂ ਵਿਸ਼ੇਸ਼ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਐਲਾਨ ਕੀਤਾ ਕਿ ਗੁਰਮਤਿ ਸੰਗੀਤ ਦੇ ਗਲੋਬਲ ਪੱਧਰ ਉਤੇ ਪ੍ਰਚਾਰ ਲਈ ਸਰਬਾਂਗੀ ਯਤਨ ਕੀਤੇ ਜਾਣਗੇ ਅਤੇ ਸੁਚੇਤ ਰੂਪ ਵਿਚ ਗੁਰਮਤਿ ਸੰਗੀਤ ਨੂੰ ਇਸ ਦੀਆਂ ਦੂਸਰੀਆਂ ਸਮਕਾਲੀ ਪਰੰਪਰਾਵਾਂ ਦੀ ਤੁਲਨਾ ਵਿਚ ਵਿਸਥਾਰ ਦਿਤਾ ਜਾਵੇਗਾ।
ਡਾ. ਗੁਰਨੇਕ ਸਿੰਘ ਨੇ ਗੁਰਮਤਿ ਸੰਗੀਤ ਚੇਅਰ – ਗੁਰਮਤਿ ਸੰਗੀਤ ਵਿਭਾਗ ਵਲੋਂ ਕੀਤੀਆਂ ਉਪਲਬਧੀਆਂ ਤੇ ਪ੍ਰਾਪਤੀਆਂ ਦਾ ਵਿਸ਼ਲੇਸ਼ਣ ਕਰਦਿਆਂ ਇਸ ਵਿਸ਼ੇ ਦੇ ਰੂਹਾਨੀਅਤ ਨੂੰ ਸੰਗੀਤ ਸਾਧਨਾ ਦੁਆਰਾ ਸਜੀਵ ਰੂਪ ਵਿਚ ਕਾਇਮ ਰਖਣ ਲਈ ਪ੍ਰੇਰਨਾ ਦਿਤੀ ਅਤੇ ਇਸੇ ਇਲਾਹੀ ਪ੍ਰਸੰਗ ਵਿਚ ਹੀ ਇਸ ਵਿਸ਼ੇ ਦਾ ਵਿਸ਼ਲੇਸ਼ਣ ਕਰਨ ਦੀ ਰਾਇ ਪ੍ਰਗਟ ਕੀਤੀ।
ਇਸ ਵਿਸ਼ੇ ਉਤੇ ਕੀ-ਨੋਟ ਅਡਰੈਸ ਪ੍ਰਗਟ ਕਰਦਿਆਂ ਡਾ. ਜਾਗੀਰ ਸਿੰਘ, ਸਾਬਕਾ ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਵਿਭਾਗ ਨੇ ਗੁਰਮਤਿ ਸੰਗੀਤ ਦੀ ਅਕਾਦਮਿਕ ਪ੍ਰਾਪਤੀ ਦੇ ਕ੍ਰਮਵਾਰ ਇਤਿਹਾਸ ਨੂੰ ਆਪਣੇ ਭਾਸ਼ਣ ਵਿਚ ਵਿਸ਼ਲੇਸ਼ਿਤ ਕੀਤਾ ਅਤੇ ਉਨ੍ਹਾਂ ਇਸ ਵਿਸ਼ੇ ਦੇ ਅਕਾਦਮਿਕ ਇਤਿਹਾਸ ਨੂੰ ਪ੍ਰਕਾਸ਼ਤ ਕਰਵਾਉਣ ਦੀ ਜਿੰਮੇਵਾਰੀ ਲਈ।
ਸ਼੍ਰੋਮਣੀ ਕਵੀ ਅਤੇ ਵਿਦਵਾਨ ਪ੍ਰੋ. ਕੁਲਵੰਤ ਗਰੇਵਾਲ ਨੇ ਗੁਰਮਤਿ ਸੰਗੀਤ ਨੂੰ ਭਾਰਤੀ ਅਧਿਆਤਮ ਸੰਗੀਤ ਪਰੰਪਰਾ ਦੀ ਇਕ ਵਿਸ਼ਾਲ ਧਾਰਾ ਵਜੋਂ ਸਰੂਪਿਤ ਕੀਤਾ ਅਤੇ ਇਸ ਦੀ ਰਾਗ ਪਰੰਪਰਾ ਨੂੰ ਸਹੀ ਗੁਰਮਤਿ ਪਰਿਪੇਖ ਵਿਚ ਵਿਸ਼ਲੇਸ਼ਿਤ ਕਰਨ ਦਾ ਸੁਝਾਅ ਦਿਤਾ।
ਸੈਮੀਨਾਰ ਦੇ ਦੂਸਰੇ ਸੈਸ਼ਨ ਦੀ ਪ੍ਰਧਾਨਗੀ ਡਾ. ਅੰਮ੍ਰਿਤਪਾਲ ਕੌਰ, ਡਾਇਰੈਕਟਰ ਭਾਈ ਰਣਧੀਰ ਸਿੰਘ ਆਨ-ਲਾਈਨ ਗੁਰਮਤਿ ਸੰਗੀਤ ਲਾਇਬਰੇਰੀ ਨੇ ਕੀਤੀ ਅਤੇ ਇਸ ਵਿਚ ਡਾ. ਜਸਬੀਰ ਕੌਰ ਨੇ ਗੁਰਮਤਿ ਸੰਗੀਤ ਅਕਾਦਮਿਕ ਪਰਿਪੇਖ : ਟਕਸਾਲਾਂ ਦੇ ਸੰਦਰਭ ਵਿਚ, ਡਾ. ਹਰਜਸ ਕੌਰ ਨੇ ਗੁਰਮਤਿ ਸੰਗੀਤ ਅਕਾਦਮਿਕ ਪਰਿਪੇਖ : ਡਿਸਟੈਂਸ ਐਜੂਕੇਸ਼ਨ ਦੇ ਸੰਦਰਭ ਵਿਚ, ਡਾ. ਵਰਿੰਦਰ ਕੌਰ ਨੇ ਗੁਰਮਤਿ ਸੰਗੀਤ ਅਕਾਦਮਿਕ ਪਰਿਪੇਖ : ਕਾਲਜੀ ਸਿਖਿਆ ਦੇ ਸੰਦਰਭ ਵਿਚ ਅਤੇ ਡਾ. ਕੰਵਲਜੀਤ ਸਿੰਘ ਨੇ ਗੁਰਮਤਿ ਸੰਗੀਤ ਅਕਾਦਮਿਕ ਪਰਿਪੇਖ : ਪੰਜਾਬੀ ਯੂਨੀਵਰਸਿਟੀ ਦੇ ਸੰਦਰਭ ਵਿਚ ਵਿਸ਼ਿਆਂ ‘ਤੇ ਪੇਪਰ ਪੜੇ।
ਇਸ ਸਮਾਗਮ ਵਿਚ ਆਏ ਪਤਵੰਤਿਆਂ ਅਤੇ ਵਿਸ਼ੇਸ਼ ਸ਼ਖਸੀਅਤਾਂ ਤੋਂ ਇਲਾਵਾ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੀ ਉਸਾਰੀ ਲਈ ਪਾਏ ਯੋਗਦਾਨ ਹਿਤ ਡਾ. ਸਰਬਜਿੰਦਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਗੁਰਮਤਿ ਸੰਗੀਤ ਉਤਸਵ ਦੇ ਸਾਰੇ ਪ੍ਰਬੰਧਕੀ ਸਟਾਫ ਨੂੰ ਵਾਈਸ ਚਾਂਸਰ ਸਾਹਿਬ ਨੇ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤੇ।