October 17, 2011 admin

ਸਾਫ਼-ਸੁਥਰਾ ਪਾਣੀ ਮੁਹੱਈਆ ਕਰਾਉਣ ਲਈ 114 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ

ਹੁਸ਼ਿਆਰਪੁਰ –  ਨਗਰ ਕੌਂਸਲ ਹੁਸ਼ਿਆਰਪੁਰ ਵਿੱਚ 100 ਫੀਸਦੀ ਸੀਵਰੇਜ਼ ਅਤੇ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਾਉਣ ਲਈ 114 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਕੰਮਾਂ ਤੇ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਨਗਰ ਕੌਂਸਲ ਹੁਸ਼ਿਆਰਪੁਰ ਦੇ ਵਾਰਡ ਨੰ: 1 ਦੇ  ਮੁਹੱਲਾ ਨਿਊ ਸੁਖੀਆਬਾਦ ਵਿਖੇ ਸੀਵਰੇਜ਼ ਪਾਉਣ ਦੇ ਕੰਮ ਦੀ ਸ਼ੁਰੂਆਤ ਨਾਰੀਅਲ ਤੋੜ ਕੇ ਟੱਕ ਲਗਾਉਣ ਉਪਰੰਤ ਕੀਤਾ।
    ਸ੍ਰੀ ਸੂਦ ਨੇ ਕਿਹਾ ਕਿ ਮੁਹੱਲਾ ਨਿਊ ਸੁਖੀਆਬਾਦ ਵਿੱਚ ਸੀਵਰੇਜ਼ ਦੀ ਸੁਵਿਧਾ ਨਾ ਹੋਣ ਕਾਰਨ ਇਸ ਮੁਹੱਲੇ ਦੇ ਲੋਕਾਂ ਵੱਲੋਂ ਸੀਵਰੇਜ਼ ਪਾਉਣ ਦੀ ਮੰਗ ਕੀਤੀ ਜਾ ਰਹੀ ਸੀ। ਇਸ ਲਈ ਉਨ੍ਹਾਂ ਦੀ ਮੰਗ ਨੂੰ ਦੇਖਦੇ ਹੋਏ ਪਹਿਲ ਦੇ ਆਧਾਰ ਤੇ ਇਸ ਮੁਹੱਲੇ ਵਿੱਚ ਸੀਵਰੇਜ਼ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਜਲਦੀ ਹੀ ਸਾਰੇ ਮੁਹੱਲੇ ਨੂੰ ਸੀਵਰੇਜ਼ ਦੀ ਸੁਵਿਧਾ ਮੁਹੱਈਆ ਕਰਵਾ ਦਿੱਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਲਗਭਗ 90 ਪ੍ਰਤੀਸ਼ਤ ਵਿਕਾਸ ਦੇ ਕਾਰਜ ਪੂਰੇ ਕਰ ਦਿੱਤੇ ਹਨ ਅਤੇ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਜਲਦੀ ਪੂਰੇ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸੁਖੀਆਬਾਦ ਦੇ ਨਿਵਾਸੀਆਂ ਦੀ ਸਹੂਲਤ ਲਈ ਭੰਗੀ ਚੋਅ ਤੋਂ ਸੁਖੀਆਬਾਦ ਤੱਕ ਪੱਕਾ ਕਾਜਵੇਅ ਬਣਾਇਆ ਗਿਆ ਹੈ ਜਿਸ ਤੇ ਲਗਭਗ 45 ਲੱਖ ਰੁਪਏ ਖਰਚ ਕੀਤੇ ਗਏ ਹਨ। ਸੁਖੀਆਬਾਦ ਦੇ ਨਾਲ ਲਗਦੇ ਭੰਗੀ ਚੋਅ ਦੇ ਕਿਨਾਰੇ ਤੇ ਬੰਨ ਬਣਾਇਆ ਗਿਆ ਹੈ ਅਤੇ ਉਸ ਉਪਰ ਪੱਕੀ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਬੰਨ ਦੇ ਕਿਨਾਰੇ ਤੇ  ਵਧੀਆ ਕਿਸਮ ਦੇ ਪੌਦੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰਡ ਵਿੱਚ ਪੱਕੀਆਂ ਗਲੀਆਂ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ।
 ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਜਲ ਸਪਲਾਈ ਤੇ ਸੀਵਰੇਜ਼ ਬੋਰਡ ਦੇ ਨਿਗਰਾਨ ਇੰਜੀਨੀਅਰ ਆਰ ਪੀ ਗੁਪਤਾ,  ਕਾਰਜਕਾਰੀ ਇੰਜੀਨੀਅਰ ਸਤਨਾਮ ਸਿੰਘ, ਐਸ ਡੀ ਓ ਰਵਿੰਦਰ ਸਿੰਘ, ਜੇ ਈ ਤਵਿੰਦਰ ਪਾਲ ਸਿੰਘ, ਜੇ ਈ ਸੁਸ਼ੀਲ ਬਾਂਸਲ, ਮਿਉਂਸਪਲ ਇੰਜੀਨੀਅਰ ਪਵਨ ਸ਼ਰਮਾ, ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਅਸ਼ਵਨੀ ਓਹਰੀ, ਵਿਨੋਦ ਪਰਮਾਰ, ਜਾਵੇਦ ਸੂਦ, ਸੁਰੇਸ਼ ਕੁਮਾਰ ਭਾਟੀਆ (ਬਿਟੂ), ਯਸ਼ਪਾਲ ਸ਼ਰਮਾ, ਨੇਤਰ ਚੰਦ, ਰਮੇਸ਼ ਜ਼ਾਲਮ, ਜੀਵਨ ਜੋਤੀ ਕਾਲੀਆ, ਕਮਲਜੀਤ, ਠਾਕਰ ਰਾਮੇਸ਼ ਚੰਦ, ਦੇਸ ਰਾਜ ਸ਼ਰਮਾ, ਬਲਦੇਵ ਰਾਜ, ਸੁਖਦੇਵ ਸਿੰਘ, ਸਰਬਜੀਤ ਸਿੰਘ, ਤ੍ਰਿਸ਼ਲਾ ਸ਼ਰਮਾ, ਮਾਸਟਰ ਇੰਦਰਜੀਤ, ਸੰਜੀਵ ਮਹਿਤਾ, ਬਲਵਿੰਦਰ ਸਿੰਘ, ਗੁਰਦਿਆਲ ਚੰਦ, ਨਿਰਮਲ ਸਿੰਘ, ਹਰਮਿੰਦਰ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Translate »