ਚੰਡੀਗੜ੍ਹ – ਵੱਖ-ਵੱਖ ਦੇਸ਼ਾਂ ਦੀਆਂ ਕੌਮੀ ਗੱਤਕਾ ਫੈਡਰੇਸ਼ਨਾਂ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਭਵਿੱਖ ਵਿੱਚ ਕਰਵਾਈਆਂ ਜਾਣ ਵਾਲੀਆਂ ਚੈਂਪੀਅਨਸ਼ਿਪਾਂ ਦੌਰਾਨ ਜੇਤੂ ਰਹਿਣ ਵਾਲੇ ਗੱਤਕੇਬਾਜ਼ਾਂ ਦੀ ਵਿਸ਼ਵ ਪੱਧਰੀ ਦਰਜ਼ਾਬੰਦੀ (ਰੈਕਿੰਗ) ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਕੀਤੀ ਜਾਇਆ ਕਰੇਗੀ ਅਤੇ ਗੱਤਕਾ ਖਿਡਾਰੀਆਂ ਦੀ ਤਜ਼ਰਬੇ ਅਨੁਸਾਰ ਗਰੇਡਿੰਗ ਕੀਤੀ ਜਾਵੇਗੀ। ਇਹ ਪ੍ਰਗਟਾਵਾ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਸ: ਹਰਜੀਤ ਸਿੰਘ ਗਰੇਵਾਲ ਡੀ.ਪੀ.ਆਰ.ਓ. ਰੂਪਨਗਰ ਨੇ ਅੱਜ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਐਸ.ਏ.ਐਸ ਨਗਰ ਵਿਖੇ ਆਯੋਜਿਤ ਕੌਮੀ ਪੱਧਰ ਦੇ ਰਿਫਰੈਸ਼ਰ ਕੋਰਸ ਤੇ ਵਰਕਸ਼ਾਪ ਦੇ ਸਮਾਪਤੀ ਸਮਾਗਮ ਮੌਕੇ ਇਕੱਤਰ ਹੋਏ ਗੱਤਕੇਬਾਜਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਹ ਤਿੰਨ ਰੋਜਾ ਵਰਕਸ਼ਾਪ ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਭਵਿੱਖ ਵਿੱਚ ਕਰਵਾਏ ਜਾਣ ਵਾਲੇ ਗੱਤਕਾ ਮੁਕਾਬਲਿਆਂ ਲਈ ਰੈਫਰੀ, ਜੱਜ ਅਤੇ ਤਕਨੀਕੀ ਸਹਾਇਕਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇਣ ਲਈ ਪੰਜਾਬ ਗੱਤਕਾ ਐਸੋਸੀਏਸ਼ਨ (ਰਜ਼ਿ:) ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਜਿਸ ਦੌਰਾਨ ਗੱਤਕਾ ਨਿਯਮਾਂਵਲੀ ਮੁਤਾਬਕ ਵੱਖ-ਵੱਖ ਰਾਜਾਂ ਤੋਂ ਪਹੁੰਚੇ 52 ਪੁਰਸ਼ ਅਤੇ ਮਹਿਲਾ ਗੱਤਕੇਬਾਜਾਂ ਨੂੰ ਗੱਤਕਾ ਮਾਹਿਰਾਂ ਵੱਲੋਂ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਗੱਤਕਾ ਫੈਡਰੇਸ਼ਨ ਵੱਲੋਂ ਅਜਿਹੇ ਰਾਜ ਪੱਧਰੀ ਸਿਖਲਾਈ ਤੇ ਰਿਫਰੈਸ਼ਰ ਕੋਰਸ ਵੱਖ-ਵੱਖ ਰਾਜਾਂ ਵਿੱਚ ਵੀ ਲਾਏ ਜਾਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਗੱਤਕਾ ਮਾਹਿਰਾਂ ਵੱਲੋਂ ਭੇਜੇ ਸੁਝਾਵਾਂ ਦੇ ਮੱਦੇਨਜ਼ਰ ਸਾਲ 2009 ਵਿੱਚ ਗੱਤਕਾ ਫੈਡਰੇਸ਼ਨ ਆਫ ਇੰਡੀਆ (ਰਜ਼ਿ:) ਵੱਲੋਂ ਪਹਿਲੀ ਵਾਰ ਪ੍ਰਕਾਸ਼ਿਤ ਕੀਤੀ ਗੱਤਕਾ ਨਿਯਮਾਂਵਲੀ ਨੂੰ ਸੋਧ ਕੇ ਦੂਜਾ ਐਡੀਸ਼ਨ ਪ੍ਰਕਾਸ਼ਿਤ ਕਰਵਾਇਆ ਜਾ ਰਿਹਾ ਹੈ ਅਤੇ ਇਸ ਨਿਯਮਾਂਵਲੀ ਨੂੰ ਦੇਸ਼ ਦੀਆਂ ਵੱਖ-ਵੱਖ ਖੇਤਰੀ ਭਾਸ਼ਾਵਾਂ ਵਿੱਚ ਉਲੱਥਾ ਕਰਵਾ ਕੇ ਗੱਤਕੇਬਾਜਾਂ ਨੂੰ ਮੁਫਤ ਵੰਡਿਆ ਜਾਵੇਗਾ। ਉਨ੍ਹਾ ਕਿਹਾ ਕਿ ਇਸ ਨਿਯਮਾਂਵਲੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਅਜਿਹੇ ਮਿਆਰ ‘ਤੇ ਤਿਆਰ ਕੀਤਾ ਗਿਆ ਹੈ ਤਾਂ ਜੋ ਗੱਤਕਾ ਖੇਡ ਉਲੰਪਿਕ ਪੱਧਰ ‘ਤੇ ਮਾਨਤਾ ਹਾਸਲ ਕਰਕੇ ਮਕਬੂਲ ਹੋ ਸਕੇ। ਇਸ ਨਿਯਮਾਂਵਲੀ ਤਹਿਤ ਹੁਣ ਗੱਤਕੇਬਾਜ਼ ਰਵਾਇਤੀ ਪਹਿਰਾਵੇ ਦੀ ਥਾਂ ਲਾਜ਼ਮੀ ਕੀਤੀ ਖੇਡ ਪੁਸ਼ਾਕ ਵਿੱਚ ਟਰੈਕ ਸੂਟ ਜਾਂ ਟੀ.ਸ਼ਰਟ-ਨਿੱਕਰ ਵਿੱਚ ਹੈਡਗੀਆਰ ਪਹਿਨੇ ਹੋਏ ਗੱਤਕੇਬਾਜ਼ੀ ਦੇ ਜ਼ੌਹਰ ਦਿਖਾਉਂਦੇ ਨਜ਼ਰ ਆਉਣਗੇ ਕਿਉਂਕਿ ਖੇਡ ਵਜੋਂ ਪ੍ਰਵਾਨ ਹੋਣ ਕਰਕੇ ਗੱਤਕਾ ਖੇਡ ਹੁਣ ਸਭ ਲੋਕਾਂ ਦੇ ਖੇਡਣ ਵਾਲੀ ਖੇਡ ਬਣ ਗਈ ਹੈ।
ਸ: ਗਰੇਵਾਲ ਨੇ ਕਿਹਾ ਕਿ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਮੰਗ ਉਪਰ ਪਹਿਲੀ ਵਾਰ ਗੱਤਕਾ ਖੇਡ ਨੂੰ ਦੇਸ਼ ਦੇ ਸਾਰੇ ਸਕੂਲਾਂ ਵਿੱਚ ਖਿਡਾਏ ਜਾਣ ਲਈ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ (ਐਸ.ਜੀ.ਐਫ.ਆਈ) ਨੇ ਵੀ ਪ੍ਰਵਾਨਗੀ ਦੇ ਕੇ 65ਵੀਆਂ ਰਾਸ਼ਟਰੀ ਸਕੂਲ ਖੇਡਾਂ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਅਤੇ ਐਤਕੀ ਇਹ ਨੈਸ਼ਨਲ ਖੇਡਾਂ 22 ਤੋਂ 26 ਨਵੰਬਰ ਤੱਕ ਲੁਧਿਆਣਾ ਵਿਖੇ ਹੋ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬ ਗੱਤਕਾ ਐਸੋਸੀਏਸ਼ਨ ਦੀ ਪਹਿਲ ‘ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਰਾਜ ਵਿੱਚ ਹੁਣ ਤੱਕ ਦੋ ਵਾਰ ਸਕੂਲਾਂ ਦੇ ਰਾਜ ਪੱਧਰੀ ਗੱਤਕਾ ਮੁਕਾਬਲੇ ਕਰਵਾਏ ਜਾ ਚੁੱਕੇ ਹਨ। ਇਸ ਵਾਰ ਤੀਸਰੇ ਰਾਜ ਪੱਧਰੇ ਸਕੂਲੀ ਗੱਤਕਾ ਮੁਕਾਬਲੇ ਰੂਪਨਗਰ ਵਿਖੇ ਨਵੰਬਰ ਦੇ ਪਹਿਲੇ ਹਫਤੇ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਗੱਤਕਾ ਫੈਡਰੇਸ਼ਨ ਦਾ ਮੁੱਖ ਉਦੇਸ਼ ਦੁਨੀਆਂ ਭਰ ਵਿੱਚ ਗੱਤਕਾ ਖੇਡ ਦੀ ਮਕਬੂਲੀਅਤ ਨੂੰ ਵਧਾਉਣਾ ਅਤੇ ਇਸ ਨੂੰ ਪਿੰਡ ਪੱਧਰ ਤੇ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਹੋਣ ਵਾਲੀਆਂ ਖੇਡਾਂ ਵਿੱਚ ਸ਼ਾਮਲ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਗੱਤਕਾ ਖੇਡ ਦੀ ਹੋਰਨਾਂ ਰਵਾਇਤੀ ਖੇਡਾਂ ਵਾਂਗ ਗ੍ਰੇਡੇਸ਼ਨ ਕਰਵਾਈ ਜਾਵੇਗੀ। ਸ: ਗਰੇਵਾਲ ਨੇ ਕਿਹਾ ਕਿ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਪਹਿਲਾਂ ਹੀ ਸਿੱਖ ਮਾਰਸ਼ਲ ਆਰਟ ਰਿਸਰਚ ਤੇ ਟ੍ਰੇਨਿੰਗ ਬੋਰਡ (ਸਮਾਰਟ ਬੋਰਡ) ਦਾ ਗਠਨ ਕੀਤਾ ਜਾ ਚੁੱਕਾ ਹੈ ਤਾਂ ਜੋ ਮਾਰਸ਼ਲ ਆਰਟ, ਵਿਸ਼ੇਸ਼ ਕਰਕੇ ਗੱਤਕੇ ਬਾਰੇ ਵੱਖ-ਵੱਖ ਖੋਜਕਾਰਜ਼ਾਂ ਲਈ ਪੀ.ਐਚ.ਡੀ ਕਰਨ ਦੇ ਇੱਛਕ ਖੋਜਕਾਰਾਂ ਨੂੰ ਵਜ਼ੀਫੇ ਦੇ ਰੂਪ ਵਿੱਚ ਵਿੱਤੀ ਸਹਾਇਤਾ ਦੇ ਕੇ ਨਿਯਮਬੱਧ ਅਤੇ ਵਿਗਿਆਨਿਕ ਅਧਾਰ ‘ਤੇ ਕਿਤਾਬਾਂ ਛਪਵਾ ਕੇ ਮਾਣਮੱਤੇ ਮਾਰਸ਼ਲ ਆਰਟ ਦੇ ਅਮੁੱਲ ਇਤਿਹਾਸ ਨੂੰ ਸੰਭਾਲਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਪੁਰਾਤਨ ਖੇਡ ਗੱਤਕਾ ਨੂੰ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ ਦੇ ਖੇਡ ਕੈਲੰਡਰ ਵਿੱਚ ਸ਼ਾਮਲ ਕਰਵਾਉਣ ਦੀ ਕਾਰਵਾਈ ਚੱਲ ਰਹੀ ਹੈ ਅਤੇ ਇਹ ਮਾਮਲਾ ਸਬ-ਕਮੇਟੀ ਦੇ ਵਿਚਾਰ ਅਧੀਨ ਹੈ।
ਜਿਕਰਯੋਗ ਹੈ ਕਿ ਇਸ ਤਿੰਨ ਰੋਜਾ ਟਰੇਨਿੰਗ ਦੌਰਾਨ ਗੱਤਕਾ ਸਿਖਿਆਰਥੀਆਂ ਨੂੰ ਨਿਯਮਾਂਵਲੀ ਅਤੇ ਖੇਡ ਦੇ ਨਿਯਮ ਸਮਝਾਉਣ ਲਈ ਵੱਖ-ਵੱਖ ਖੇਡ ਮਾਹਿਰਾਂ ਵੱਲੋਂ ਥਿਊਰੀ ਦੀਆਂ ਕਲਾਸਾਂ ਵਿੱਚ ਵੀਡੀਓਗ੍ਰਾਫੀ ਦੀ ਸਹਾਇਤਾ ਨਾਲ ਪ੍ਰਾਜੈਕਟਰ ਸਕਰੀਨ ਉਪਰ ਸੁੱਚਜੇ ਢੰਗ ਨਾਲ ਗੱਤਕਾ ਖੇਡ ਦੇ ਮੁੱਢਲੇ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਰੋਜ਼ਾਨਾ ਸ਼ਾਮ ਨੂੰ ਪ੍ਰੈਕਟੀਕਲ ਕਲਾਸਾਂ ਵਿੱਚ ਖੇਡ ਦੀ ਬੁਨਿਆਦੀ ਤਕਨੀਕ ਦਾ ਧਿਆਨ ਰੱਖਦੇ ਹੋਏ ਗੱਤਕਾ ਮੈਦਾਨ ਵਿੱਚ ਅਭਿਆਸ ਦੌਰਾਨ ਰੈਫਰੀ ਅਤੇ ਜੱਜਮੈਂਟ ਕਰਨ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਸਿੱਖਿਆਰਥੀਆਂ ਨੂੰ ਗੱਤਕਾ ਫੈਡਰੇਸ਼ਨ ਵੱਲੋਂ ਸਰਟੀਫਿਕੇਟ ਤਕਸੀਮ ਕੀਤੇ ਗਏ।
ਸ: ਗਰੇਵਾਲ ਨੇ ਦੱਸਿਆ ਕਿ ਇਸ ਕੋਰਸ ਦੇ ਅੰਤਿਮ ਦਿਨ ਪੰਜਾਬ ਗੱਤਕਾ ਐਸੋਸੀਏਸ਼ਨ (ਰਜ਼ਿ:) ਅਤੇ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜ਼ਿ:) ਵੱਲੋਂ ਪੰਜਾਬ ਅਤੇ ਚੰਡੀਗੜ੍ਹ ਦੀਆਂ ਗੱਤਕਾ ਟੀਮਾਂ ਦੀ ਚੋਣ ਕਰਨ ਲਈ 14 ਸਾਲ ਤੋਂ ਘੱਟ ਉਮਰ ਵਰਗ, 17 ਸਾਲ ਤੋਂ ਘੱਟ, 19 ਸਾਲ ਤੋਂ ਘੱਟ, 25 ਸਾਲ ਤੋਂ ਘੱਟ ਤੇ 28 ਸਾਲ ਤੋਂ ਘੱਟ ਉਮਰ ਦੇ ਵੱਖ-ਵੱਖ ਵਰਗਾਂ ਵਿੱਚ ਸੋਟੀ ਤੇ ਸੋਟੀ-ਫਰੀ ਦੇ ਵਿਅਕਤੀਗਤ ਅਤੇ ਟੀਮ ਇਵੈਂਟਾਂ ਸਮੇਤ ਗੱਤਕਾ ਪ੍ਰਦਰਸ਼ਨੀਆਂ ਲਈ ਟਰਾਇਲ ਲਏ ਗਏ। ਉਨ੍ਹਾਂ ਰਾਸਟਰੀ ਖੇਡਾਂ ਵਿੱਚ ਭਾਗ ਲੈਣ ਦੇ ਇੱਛਕ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਖੇਡ ਕਿਟਾਂ ਹੀ ਵਿੱਚ ਇਨ੍ਹਾਂ ਗੱਤਕਾ ਟਰਾਇਲਾਂ ਵਿੱਚ ਭਾਗ ਲੈਣ।
ਉਨ੍ਹਾਂ ਕਿਹਾ ਕਿ ਗੱਤਕਾ ਫੈਡਰੇਸ਼ਨ ਦਾ ਮੁੱਖ ਉਦੇਸ਼ ਗੱਤਕਾ ਖੇਡ ਦੀ ਮਕਬੂਲੀਅਤ ਨੂੰ ਵਧਾਉਣਾ ਅਤੇ ਇਸ ਨੂੰ ਪਿੰਡ ਪੱਧਰ ਤੇ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਹੋਣ ਵਾਲੀਆਂ ਖੇਡਾਂ ਵਿੱਚ ਸ਼ਾਮਲ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਗੱਤਕਾ ਖੇਡ ਦੀ ਹੋਰਨਾਂ ਰਵਾਇਤੀ ਖੇਡਾਂ ਵਾਂਗ ਗ੍ਰੇਡੇਸ਼ਨ ਕਰਵਾਈ ਜਾਵੇਗੀ। ਸ: ਭੁੱਲਰ ਨੇ ਕਿਹਾ ਕਿ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਪਹਿਲਾਂ ਹੀ ਸਿੱਖ ਮਾਰਸ਼ਲ ਆਰਟ ਰਿਸਰਚ ਤੇ ਟ੍ਰੇਨਿੰਗ ਬੋਰਡ ਦਾ ਗਠਨ ਕੀਤਾ ਜਾ ਚੁੱਕਾ ਹੈ ਤਾਂ ਜੋ ਮਾਰਸ਼ਲ ਆਰਟਸ, ਵਿਸ਼ੇਸ਼ ਕਰਕੇ ਗੱਤਕੇ ਬਾਰੇ ਵੱਖ-ਵੱਖ ਖੋਜਕਾਰਜ਼ਾਂ ਲਈ ਪੀ.ਐਚ.ਡੀ ਕਰਨ ਦੇ ਇੱਛਕ ਖੋਜਕਾਰਾਂ ਨੂੰ ਵਜ਼ੀਫੇ ਦੇ ਰੂਪ ਵਿੱਚ ਵਿੱਤੀ ਸਹਾਇਤਾ ਦੇ ਕੇ ਨਿਯਮਬੱਧ ਅਤੇ ਵਿਗਿਆਨਿਕ ਅਧਾਰ ‘ਤੇ ਕਿਤਾਬਾਂ ਛਪਵਾ ਕੇ ਮਾਰਸ਼ਲ ਆਰਟਸ ਦੇ ਅਮੁੱਲ ਇਤਿਹਾਸ ਨੂੰ ਸੰਭਾਲਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਪੁਰਾਤਨ ਖੇਡ ਗੱਤਕਾ ਨੂੰ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ ਦੇ ਖੇਡ ਕੈਲੰਡਰ ਵਿੱਚ ਸ਼ਾਮਲ ਕਰਵਾਉਣ ਦੀ ਕਾਰਵਾਈ ਚੱਲ ਰਹੀ ਹੈ ਅਤੇ ਇਹ ਮਾਮਲਾ ਸਬ-ਕਮੇਟੀ ਦੇ ਵਿਚਾਰ ਅਧੀਨ ਹੈ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ: ਰਵਿੰਦਰ ਕੁਮਾਰ ਕੋਹਲੀ ਮੁਖੀ ਬਨਸਪਤੀ ਵਿਗਿਆਨ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਗੱਤਕਾ ਖਿਡਾਰੀਆਂ ਨੂੰ ਜ਼ਾਬਤੇ ਵਿੱਚ ਰਹਿ ਕੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਅਤੇ ਖੇਡ ਵਿੱਚ ਪ੍ਰਤੀਬੱਧਤਾ ਦੀ ਲੋੜ ‘ਤੇ ਜ਼ੋਰ ਦਿੱਤਾ। ਉਨਾਂ ਗੱਤਕੇਬਾਜਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਖੇਡ ਨੂੰ ਦੂਜੀਆਂ ਪੇਸ਼ੇਵਰ ਖੇਡਾਂ ਵਾਂਗ ਹੀ ਅਪਨਾਉਣ ਅਤੇ ਭਵਿੱਖ ਵਿੱਚ ਗ੍ਰੇਡੇਸ਼ਨ ਹੋਣ ਉਪਰੰਤ ਉਨ੍ਹਾਂ ਲਈ ਰੁਜਗਾਰ ਦੇ ਮੌਕੇ ਵੀ ਪੈਦਾ ਹੋਣਗੇ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਸ੍ਰਪਰਸਤ ਗਿਆਨੀ ਰਣਜੀਤ ਸਿੰਘ ਤੇ ਮੀਤ ਪ੍ਰਧਾਨ ਸ: ਜਸਵੰਤ ਸਿੰਘ ਭੁੱਲਰ, ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਾਇੰਟ ਸੈਕਟਰੀ ਡਾ: ਦੀਪ ਸਿੰਘ ਤੇ ਸ: ਅਵਤਾਰ ਸਿੰਘ ਗੱਤਕਾ ਇਨਸਟ੍ਰੱਕਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਦਿ ਵੀ ਹਾਜ਼ਰ ਸਨ।