ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਹਿਸਾਰ ਸਮੇਤ ਹੋਰਨਾਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੀ ਲੱਕ ਤੋੜਵੀਂ ਹਾਰ ‘ਤੇ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਯੂ.ਪੀ.ਏ. ਸਰਕਾਰ ਨੂੰ ਨੈਤਿਕ ਆਧਾਰ ‘ਤੇ ਅਸਤੀਫਾ ਦੇਣਾ ਚਾਹੀਦਾ ਹੈ।
ਸ. ਢੀਂਡਸਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਮਹਿੰਗਾਈ ਨੂੰ ਹੁਲਾਰਾ ਦੇਣ ਵਾਲੀ ਕਾਂਗਰਸ ਨੂੰ ਜ਼ਿਮਨੀ ਚੋਣਾਂ ਵਿੱਚ ਲੋਕਾਂ ਨੇ ਅਸਲੀਅਤ ਦਿਖਾ ਦਿੱਤੀ ਹੈ ਅਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਨੂੰ ਹੋਰ ਬੁਰੀ ਹਾਰ ਮਿਲੇਗੀ। ਉਨ੍ਹਾਂ ਕਿਹਾ ਕਿ ਹਿਸਾਰ ਵਿੱਚ ਕਾਂਗਰਸੀ ਉਮੀਦਵਾਰ ਦਾ ਤੀਜੇ ਨੰਬਰ ‘ਤੇ ਰਹਿਣਾ ਕਾਂਗਰਸ ਲਈ ਸਪੱਸ਼ਟ ਸੰਕੇਤ ਹੈ ਕਿ ਹੁਣ ਉਸ ਦੇ ਦਿਨ ਚਲੇ ਗਏ ਹਨ।
ਸ. ਢੀਂਡਸਾ ਨੇ ਕਿਹਾ ਕਿ ਹਰਿਆਣਾ, ਬਿਹਾਰ, ਮਹਾਂਰਾਸ਼ਟਰ ਤੇ ਆਂਧਰਾ ਪ੍ਰਦੇਸ਼ ਵਿੱਚ ਹਰ ਸੀਟ ‘ਤੇ ਕਾਂਗਰਸ ਉਮੀਦਵਾਰ ਦੀ ਹਾਰ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ। ਕਾਂਗਰਸ ਰਾਜ ਵਿੱਚ ਜਿੱਥੇ ਬਹੁ ਕਰੋੜੀ ਘੁਟਾਲਿਆਂ ਨਾਲ ਲੋਕਾਂ ਦਾ ਪੈਸਾ ਲੁੱਟਿਆ ਗਿਆ ਉਥੇ ਅਸਮਾਨ ਛੂੰਹਦੀ ਮਹਿੰਗਾਈ ਨਾਲ ਆਮ ਆਦਮੀ ਦਾ ਲੱਕ ਟੁੱਟ ਗਿਆ ਹੈ।
ਸ. ਢੀਂਡਸਾ ਨੇ ਕਿਹਾ ਕਿ ਐਨ.ਡੀ.ਏ. ਦੀ ਜਿੱਤ ਤਾਂ ਹਾਲੇ ਆਗਜ਼ ਹੈ। ਆਉਂਦੇ ਸਮੇਂ ਵਿੱਚ ਪੰਜਾਬ ਸਮੇਤ ਹੋਰਨਾਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਐਨ.ਡੀ.ਏ. ਹੋਰ ਵੀ ਵੱਡੇ ਫਰਕ ਨਾਲ ਜਿੱਤੇਗੀ। ਸ. ਢੀਂਡਸਾ ਨੇ ਇਕ ਵਾਰ ਫੇਰ ਯੂ.ਪੀ.ਏ. ਨੂੰ ਨੈਤਿਕ ਆਧਾਰ ‘ਤੇ ਅਸਤੀਫਾ ਦੇਣ ਦੀ ਮੰਗ ਕੀਤੀ।