October 17, 2011 admin

ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਸੁਹਿਰਦਤਾ ਨਾਲ ਨਿਭਾ ਰਹੀ ਹੈ – ਜਥੇ| ਅਵਤਾਰ ਸਿੰਘ

ਅੰਮਿ੍ਰਤਸਰ – ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਕਬਾ ਵਿਖੇ ‘ਰਕਬਾ ਭਵਨ’ ‘ਚ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ-ਦਿਨ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਭਾਸ਼ਨ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ-ਕਾਜ ‘ਤੇ ਕਿੰਤੂ ਕੀਤੇ ਜਾਣ ਸਬੰਧੀ ਛਪੀਆਂ ਖ਼ਬਰਾਂ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਸੁਹਿਰਦਤਾ ਤੇ ਤਨਦੇਹੀ ਨਾਲ ਨਿਭਾ ਰਹੀ ਹੈ, ਜਿਸ ਤੋਂ ਸੰਗਤਾਂ ਭਲੀ ਪ੍ਰਕਾਰ ਜਾਣੂੰ ਹਨ ਅਤੇ ਇਸ ਸਬੰਧੀ ਕੈਪਟਨ ਸਾਹਿਬ ਵਰਗਿਆਂ ਤੋਂ ਕਿਸੇ ਸਰਟੀਫ਼ਿਕੇਟ ਦੀ ਲੋੜ ਨਹੀਂ।
    ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼/ਕੌਮ ਦੇ ਸ਼ਹੀਦ, ਯੋਧੇ, ਜਰਨੈਲ ਕੌਮ ਦਾ ਸਰਮਾਇਆ ਹੁੰਦੇ ਹਨ। ਅਜਿਹੇ ਸੂਰਬੀਰ ਯੋਧਿਆਂ, ਜਰਨੈਲਾਂ ਤੇ ਸ਼ਹੀਦਾਂ ਨੂੰ ਸ਼ਰਧਾ-ਸਤਿਕਾਰ ਭੇਂਟ ਕਰਨ ਲਈ ਇਹਨਾਂ ਦੇ ਜਨਮ ਅਤੇ ਸ਼ਹਾਦਤ ਦੇ ਦਿਹਾੜੇ ਮਨਾਉਣੇ ਕੌਮ ਲਈ ਮਾਣ ਅਤੇ ਭਵਿੱਖ ਦੇ ਵਾਰਸਾਂ ਲਈ ਪ੍ਰੇਰਨਾ ਸਰੋਤ ਹੁੰਦੇ ਹਨ ਪਰ ਅਜਿਹੇ ਮੌਕਿਆਂ ‘ਤੇ ਫ਼ੋਕੀ ਸ਼ੋਹਰਤ ਦੀ ਖ਼ਾਤਰ ਰਾਜਨੀਤੀ ਕਰਨਾ ਬਹੁਤ ਹੀ ਦੁਖਦਾਈ ਤੇ ਮੰਦਭਾਗਾ ਹੈ।
    ਜਥੇਦਾਰ ਅਵਤਾਰ ਸਿੰਘ ਨੇ ਕੈਪਟਨ ਸਾਹਿਬ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਨ ਕੁਰਬਾਨੀਆਂ ਉਪਰੰਤ ਹੋਂਦ ‘ਚ ਆਈ ਸਿੱਖ ਜਗਤ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਵੱਡੇ ਉੱਪਰਾਲੇ ਕੀਤੇ ਹਨ। ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਮਨਾਉਣ ਤੋਂ ਇਲਾਵਾ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫ਼ਤਹਿ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਮਈ, 2009 ‘ਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਬਾਬਾ ਬੰਦਾ ਸਿੰਘ ਦੇ ਜਨਮ-ਅਸਥਾਨ ਰਜੌਰੀ (ਜੰਮੂ-ਕਸ਼ਮੀਰ) ਤੋਂ ਆਯੋਜਿਤ ਕੀਤੇ ਵਿਸ਼ਾਲ ਫ਼ਤਹਿ ਮਾਰਚ ਅਤੇ ਫ਼ਤਹਿਗੜ੍ਹ ਸਾਹਿਬ ਦੀ ਪਾਵਨ ਧਰਤੀ ‘ਤੇ ਕੀਤੇ ਸਮਾਗਮਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ, ਖਾਲਸਾ ਪੰਥ ਪ੍ਰਤੀ ਸਮਰਪਣ ਤੇ ਉਸ ਦੇ ਰਾਜ-ਕਾਲ ਦੇ ਕਾਰਨਾਮਿਆਂ ਦੀ ਵਿਲੱਖਣ ਦਾਸਤਾਨ ਸਮੁੱਚੇ ਸੰਸਾਰ ‘ਚ ਉਜਾਗਰ ਹੋਈ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਆਯੋਜਿਤ ਕੀਤੇ ਵਿਸ਼ਾਲ ਤੇ ਇਤਿਹਾਸਿਕ ਫ਼ਤਹਿ ਮਾਰਚ ਦਾ ਨਜ਼ਾਰਾ ਵੇਖਣਯੋਗ ਸੀ ਅਤੇ ਵੱਖ-ਵੱਖ ਸੂਬਿਆਂ ਵਿੱਚ ਵੱਡੀ ਗਿਣਤੀ ‘ਚ ਸਰਕਾਰੀ ਤੇ ਗੈਰ-ਸਰਕਾਰੀ ਸ਼ਖਸੀਅਤਾਂ ਨੇ ਤਹਿ ਦਿਲੋਂ ਥਾਂ-ਥਾਂ ‘ਤੇ ਫ਼ਤਹਿ ਮਾਰਚ ਦਾ ਸ਼ਾਨਦਾਰ ਸਵਾਗਤ ਕੀਤਾ ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਫ਼ਤਹਿ ਮਾਰਚ ਦਿੱਲੀ ਪੁੱਜਣ ‘ਤੇ ਕੈਪਟਨ ਸਾਹਿਬ ਦੇ ਚਹੇਤਿਆਂ ਨੇ ਇਸ ਦਾ ਸਵਾਗਤ ਕਰਨਾ ਵੀ ਮੁਨਾਸਿਬ ਨਾ ਸਮਝਿਆ।
    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਦੀ ਯਾਦ ਨੂੰ ਸਮਰਪਿਤ ਕੀਤੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕੈਪਟਨ ਸਾਹਿਬ ਨੂੰ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ-ਕਾਲ ਦੀ ਰਾਜਧਾਨੀ ਲੋਹਗੜ੍ਹ ਨੂੰ ਮੁੜ ਉਸੇ ਰੂਪ ‘ਚ ਸਥਾਪਤ ਕਰਨ ਲਈ 10 ਏਕੜ ਜ਼ਮੀਨ ਖ਼ਰੀਦ ਕੀਤੀ ਗਈ ਅਤੇ ਨੇੜੇ ਭਵਿੱਖ ‘ਚ ਇਹ ਪ੍ਰੋਜੈਕਟ ਸ਼ੁਰੂ ਹੋ ਜਾਵੇਗਾ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਆਪਣੇ ਜੀਵਨ-ਕਾਲ ਦੌਰਾਨ ਕੀਤੇ ਜੰਗਾਂ-ਯੁੱਧਾਂ, ਖਾਲਸਾ ਰਾਜ ਦੀ ਸਥਾਪਨਾ ਤੇ ਤਸਵੀਰਾਂ ਰਾਹੀਂ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੇ ਅਤੀ ਆਧੁਨਿਕ ਮਿਊਜ਼ੀਅਮ ਦੀ ਉਸਾਰੀ ਦਾ ਕੰਮ ਫ਼ਤਹਿਗੜ੍ਹ ਸਾਹਿਬ ਵਿਖੇ ਆਰੰਭ ਹੋ ਚੁੱਕਾ ਹੈ ਜਿਸ ਪੁਰ 28 ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ ਅਤੇ ਕਰੀਬ ਡੇਢ ਸਾਲ ‘ਚ ਇਹ ਮਿਊਜ਼ੀਅਮ ਮੁਕੰਮਲ ਹੋ ਜਾਵੇਗਾ।
    ਉਨ੍ਹਾਂ ਦੱਸਿਆ ਕਿ ਇੱਥੇ ਹੀ ਬੱਸ ਨਹੀਂ, ਚੱਪੜਚਿੜੀ ਵਿਖੇ ਉਸਾਰੀ ਜਾ ਰਹੀ ਯਾਦਗਾਰ ਵੀ ਸਿੱਖ ਜਗਤ ਦੀ ਮਾਣ-ਮੱਤੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਮੁਕੰਮਲ ਰੂਪ ‘ਚ ਪਾਰਦਰਸ਼ੀ ਤੇ ਗੁਰਮਤਿ ਅਨੁਸਾਰੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਸੌੜੀ ਰਾਜਨੀਤਿਕ ਸੋਚ ਨੂੰ ਛੱਡ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਧਾਰਮਿਕ ਕਾਰਜਾਂ ਨੂੰ ਵਿਸ਼ਵ ਪੱਧਰੀ ਸੋਚ ਨਾਲ ਵੇਖਣਾ ਚਾਹੀਦਾ ਹੈ ਕਿਉਂਕਿ ਇਸ ਮਹਾਨ ਸੰਸਥਾ ਵੱਲੋਂ ਉਲੀਕੇ ਪ੍ਰੋਗਰਾਮਾਂ ਸਦਕਾ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਨੂੰ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ ਨਾਲ ਜੋੜਿਆ ਹੈ।
 

Translate »