ਹੁਸ਼ਿਆਰਪੁਰ – ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਪੁਲਿਸ ਤੇ ਲੋਕਾਂ ਦੀ ਨਵੀਂ ਸਾਂਝ ਸਥਾਪਿਤ ਕਰਨ ਲਈ ਜਨਤਾ ਤੇ ਪੁਲਿਸ ਸਹਿਯੋਗ ਤਹਿਤ ਸਾਂਝ ਕੇਂਦਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਲੋਕਾਂ ਨੂੰ ਪੁਲਿਸ ਵਿਭਾਗ ਨਾਲ ਸਬੰਧਤ 21 ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਪ੍ਰਗਟਾਵਾ ਸ੍ਰੀ ਲੋਕ ਨਾਥ ਆਂਗਰਾ ਡੀ ਆਈ ਜਲੰਧਰ ਰੇਂਜ ਨੇ ਅੱਜ ਪੁਲਿਸ ਸਟੇਸ਼ਨ ਟਾਂਡਾ ਵਿਖੇ ਨਵੇਂ ਸਾਂਝ ਕੇਂਦਰ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਸ੍ਰੀ ਆਂਗਰਾ ਨੇ ਕਿਹਾ ਕਿ ਪ੍ਰਸ਼ਾਸਕੀ ਸੁਧਾਰ ਕਮਿਸ਼ਨ ਦੇ ਚੇਅਰਮੈਨ ਡਾ. ਪ੍ਰਮੋਦ ਕੁਮਾਰ ਨੇ ਪੱਛਮੀ ਦੇਸ਼ਾਂ ਦੀ ਤਰਜ਼ ਤੇ ਪੰਜਾਬ ਅੰਦਰ ਸਾਂਝ ਕੇਂਦਰ ਸਥਾਪਿਤ ਕਰਨ ਦੀ ਸਿਫਾਰਸ਼ ਕੀਤੀ ਸੀ ਜਿਸ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਯਤਨਾਂ ਅਤੇ ਯੋਗ ਅਗਵਾਈ ਸਦਕਾ ਕਮਿਉਨਿਟੀ ਪੁਲਸਿੰਗ ਪ੍ਰੋਗਰਾਮ (ਸਾਂਝ) ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਰਾਜ ਅੰਦਰ 510 ਥਾਵਾਂ ਨੂੰ ਇੱਕ ਸੋਫਟਵੇਅਰ ਦੇ ਨਾਲ ਜੋੜਿਆ ਗਿਆ ਹੈ ਜਿਨ੍ਹਾਂ ਵਿੱਚ 539 ਥਾਣੇ, 114 ਸਬ-ਡਵੀਜ਼ਨਾਂ, ਸਾਰੇ ਜ਼ਿਲ੍ਹੇ, ਡਵੀਜ਼ਨਾਂ, 7 ਰੇਂਜ਼ ਅਤੇ ਚੰਡੀਗੜ੍ਹ ਸਥਿਤ ਪੁਲਿਸ ਹੈਡਕੁਆਟਰ ਸ਼ਾਮਲ ਹਨ। ਇਸ ਮੰਤਵ ਲਈ 160 ਏਅਰ ਕੰਡੀਸ਼ਨ ਇਮਾਰਤਾਂ ਦੀ ਉਸਾਰੀ ਕੀਤੀ ਗਈ ਹੈ ਅਤੇ ਇਨ੍ਹਾਂ ਇਮਾਰਤਾਂ ਅੰਦਰ ਆਧੁਨਿਕ ਕਿਸਮ ਦਾ ਸਟਾਫ਼ ਤਾਇਨਾਤ ਕੀਤਾ ਗਿਆ ਹੈ ਜੋ ਲੋਕਾਂ ਨੂੰ ਨਿਸ਼ਚਿਤ ਸਮੇਂ ਵਿੱਚ ਸੇਵਾਵਾਂ ਪ੍ਰਦਾਨ ਕਰੇਗਾ।
ਇਸ ਮੌਕੇ ਤੇ ਸ੍ਰੀ ਹਰਦਿਆਲ ਸਿੰਘ ਮਾਨ ਐਸ ਐਸ ਪੀ ਜਲੰਧਰ-ਕਮ-ਹੁਸ਼ਿਆਰਪੁਰ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਉਦਮ ਸਦਕਾ ਲੋਕਾਂ ਨੂੰ ਬੇਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਪੁਲਿਸ ਪ੍ਰਸ਼ਾਸ਼ਨ ਅਤੇ ਲੋਕਾਂ ਵਿੱਚ ਨੇੜਤਾ ਅਤੇ ਦੋਸਤਾਨਾ ਸਬੰਧ ਕਾਇਮ ਕਰਨ ਲਈ ਇਹ ਸਾਂਝ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮਨੋਰਥ ਪੁਲਿਸ ਅਤੇ ਆਮ ਨਾਗਰਿਕ ਇੱਕ-ਦੂਜੇ ਦੇ ਨੇੜੇ ਲਿਆਉਣਾ ਹੈ ਅਤੇ ਸਮਾਜ ਅੰਦਰ ਅਮਨ ਤੇ ਸਦਭਾਵਨਾ ਬਰਕਰਾਰ ਰੱਖਣ ਤੇ ਪੂਰੇ ਸਮਾਜ ਨੂੰ ਅਪਰਾਧ ਮੁਕਤ ਬਣਾਉਣਾ ਹੈ।
ਇਸ ਮੌਕੇ ਤੇ ਸਰਵਸ੍ਰੀ ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ, ਸੰਗਤ ਸਿੰਘ ਗਿਲਜੀਆਂ ਵਿਧਾਇਕ ਟਾਂਡਾ, ਜਥੇਦਾਰ ਤਾਰਾ ਸਿੰਘ ਸੱਲਾਂ੍ਹ ਮੈਂਬਰ ਸ਼੍ਰੋਮਣੀ ਕਮੇਟੀ, ਬੀਬੀ ਸੁਖਦੇਵ ਕੌਰ ਸੱਲ੍ਹਾ ਜਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਮਨਜੀਤ ਸਿੰਘ ਦਸੂਹਾ ਪ੍ਰਧਾਨ ਐਨ ਆਰ ਆਈ ਅਕਾਲੀ ਦਲ, ਜਵਾਹਰ ਖੁਰਾਨਾ ਪ੍ਰਧਾਨ ਐਨ ਆਰ ਆਈ ਵਿੰਗ ਪੰਜਾਬ ਅਤੇ ਭਾਜਪਾ ਨੇਤਾ, ਦੇਸ ਰਾਜ ਡੋਗਰਾ ਪ੍ਰਧਾਨ ਨਗਰ ਕੌਂਸਲ ਟਾਂਡਾ ਅਤੇ ਦੀਪਕ ਬਹਿਲ ਪ੍ਰਧਾਨ ਰੋਟਰੀ ਕਲੱਬ ਟਾਂਡਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਅਤੇ ਲੋਕਾਂ ਵਿੱਚ ਸਹਿਯੋਗ ਪੈਦਾ ਕੀਤਾ ਜਾਵੇਗਾ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਾਂਝ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਪੁਲਿਸ ਪ੍ਰਸ਼ਾਸ਼ਨ ਦੀ ਸ਼ਲਾਘਾ ਕੀਤੀ ਅਤੇ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸ੍ਰੀ ਦਲਜੀਤ ਸਿੰਘ ਖੱਖ ਐਸ ਐਚ ਓ ਟਾਂਡਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਸਮਾਗਮ ਦੇ ਅੰਤ ਵਿੱਚ ਸ੍ਰੀ ਰਾਮ ਸਿੰਘ ਭੰਡਾਲ ਡੀ ਐਸ ਪੀ ਟਾਂਡਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਤੇ ਸ੍ਰੀ ਲੋਕ ਨਾਥ ਆਂਗਰਾ ਅਤੇ ਹਰਦਿਆਲ ਸਿੰਘ ਮਾਨ ਨੇ ਪੁਲਿਸ ਸਟੇਸ਼ਨ ਟਾਂਡਾ ਵਿਖੇ ਡੀ ਐਸ ਪੀ ਦੇ ਦਫ਼ਤਰ ਦਾ ਉਦਘਾਟਨ ਕੀਤਾ।