October 17, 2011 admin

ਹੀਰਾ ਸਿੰਘ ਗਾਬੜੀਆ ਨੇ ਪੁਲਿਸ ਸੁਧਾਰਾਂ ਰਾਹੀਂ ਨਾਗਰਿਕਾਂ ਦਾ ਸ਼ਕਤੀਕਰਨ ਤਹਿਤ ਬ-ਡੀਵਜਨ (ਆਤਮ-ਨਗਰ) ਵਿਖੇ ਨਵੇਂ ਬਣੇ ਸਾਂਝ-ਕੇਂਦਰ ਦਾ ਕੀਤਾ ਉਦਘਾਟਨ

ਲੁਧਿਆਣਾ  –  ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਵੱਲੋਂ ਆਰੰਭੇ ਪ੍ਰਸ਼ਾਸ਼ਕੀ ਸੁਧਾਰਾਂ ਅਤੇ ਪੁਲਿਸ ਸੁਧਾਰਾਂ ਰਾਹੀਂ ਨਾਗਰਿਕਾਂ ਦਾ ਸ਼ਕਤੀਕਰਨ ਤਹਿਤ ਲੋਕਾਂ ਨੂੰ ਸੁਚਾਰੂ ਢੰਗ ਨਾਲ ਸੁਵਿਧਾਵਾਂ ਪ੍ਰਦਾਨ ਕਰਨ ਲਈ ਰਾਜ ਵਿੱਚ ਅੱਜ 115 ਸਾਂਝ ਕੇਂਦਰਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਅਜਿਹੇ 116 ਹੋਰ ਸਾਂਝ ਕੇਂਦਰ ਜਲਦੀ ਹੀ ਸ਼ੁਰੂ ਕੀਤੇ ਜਾਣਗੇ।
             ਇਹ ਪ੍ਰਗਟਾਵਾ ਸ. ਹੀਰਾ ਸਿੰਘ ਗਾਬੜੀਆ ਜੇਲ੍ਹਾਂ, ਸੈਰ-ਸਪਾਟਾ ਅਤੇ ਸੱਭਿਆਚਾਰਕ ਮੰਤਰੀ ਪੰਜਾਬ ਨੇ ਸਬ-ਡੀਵਜਨ (ਆਤਮ-ਨਗਰ) ਵਿਖੇ ਲਗਭੱਗ 15 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਸਾਂਝ-ਕੇਂਦਰ ਦਾ ਉਦਘਾਟਨ ਕਰਨ ਉਪਰੰਤ ਕੀਤਾ।
             ਸ. ਗਾਬੜੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਜ ਅਤੇ ਪੰਜਾਬ ਪੁਲਿਸ ਵਿਚਕਾਰ ਸਾਂਝ ਪੈਦਾ ਕਰਨ ਲਈ ਇਹ ਸਾਂਝ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਪੰਜਾਬ, ਲੋਕਾਂ ਨੂੰ ਇੱਕ ਥਾਂ ਤੇ ਸਾਰੀਆਂ ਪੁਲਿਸ ਸਹੂਲਤਾਂ ਪ੍ਰਦਾਨ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਉਹਨਾਂ ਕਿਹਾ ਕਿ ਲੁਧਿਆਣਾ ਵਿੱਚ ਅਜਿਹੇ 7 ਹੋਰ ਸਾਂਝ ਕੇਂਦਰ ਸਥਾਪਿਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਹੁਣ ਲੋਕਾਂ ਨੁੰ ਪੁਲਿਸ ਵਿਭਾਗ ਨਾਲ ਸਬੰਧਤ ਕੰਮ ਕਰਵਾਉਣ ਲਈ ਦੂਰ ਨਹੀਂ ਜਾਣਾ ਪਵੇਗਾ ਅਤੇ ਇਹਨਾਂ ਕੇਂਦਰਾਂ ਵਿੱਚ ਆਮ ਜਨਤਾ ਦੇ ਕੰਮ ਜਲਦੀ ਅਤੇ ਆਸਾਨੀ ਨਾਲ ਹੋਣਗੇ। ਉਹਨਾਂ ਕਿਹਾ ਕਿ ਇਹਨਾਂ ਸਾਂਝ ਕੇਂਦਰਾਂ ਵਿੱਚ ਵੱਖ-ਵੱਖ ਕੰਮਾਂ ਲਈ ਵੱਖ-ਵੱਖ ਵਿੰਡੋ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਕਾਰਣ ਮੁਲਾਜ਼ਮ ਵੀ ਜਲਦੀ ਕੰਮ ਨਿਪਟਾਉਣ ਲਈ ਉਤਸ਼ਾਹਿਤ ਹੋਣਗੇ।ਉਹਨਾਂ ਲੋਕਾਂ ਨੂੰ ਵੀ ਸਮਾਜ ਵਿੱਚੋਂ ਜ਼ੁਰਮ ਖਤਮ ਕਰਨ ਲਈ ਪੁਲਿਸ ਅਧਿਕਾਰੀਆਂ ਨੁੰ ਸਹਿਯੋਗ ਦੇਣ ਦੀ ਅਪੀਲ ਕੀਤੀ।
             ਸ. ਗਾਬੜੀਆ ਨੇ ਦੱਸਿਆ ਕਿ ਇਹਨਾਂ ਸਾਂਝ ਕੇਂਦਰਾਂ ਵਿੱਚ ਪਾਸਪੋਰਟ, ਵਾਹਨ, ਕਿਰਾਏਦਾਰ, ਨੌਕਰ ਅਤੇ ਆਚਰਣ ਪੜਤਾਲ ਦੀਆਂ ਸੇਵਾਵਾਂ, ਐਫ.ਆਈ.ਆਰ ਦੀ ਕਾਪੀ, ਕੈਸਲੇਸ਼ਨ ਜਾਂ ਅਨਟ੍ਰੇਸਡ ਰਿਪੋਰਟ ਦੀ ਕਾਪੀ, ਗਵਾਚੀਆਂ ਚੀਜਾਂ, ਵਾਹਨਾਂ ਅਤੇ ਦਸਤਾਵੇਜ਼ਾਂ, ਗਵਾਚੇ ਵਿਅੱਕਤੀ/ਬੱਚੇ ਸਬੰਧੀ ਅਰਜ਼ੀ, ਟਰੈਫ਼ਿਕ ਚਲਾਨਾਂ ਦਾ ਭੁਗਤਾਨ, ਜ਼ਬਤ ਕੀਤੇ ਵਾਹਨਾਂ ਦੀ ਸੂਚਨਾ, ਸਰੁੱਖਿਆ ਪ੍ਰਬੰਧ, ਲਾਊਡ ਸਪੀਕਰ ਜਾਂ ਜਲੂਸ ਲਈ ਮਨਜ਼ੂਰੀ, ਹਥਿਆਰਾਂ ਦੇ ਲਾਈਸੈਂਸ ਲਈ ਇਤਰਾਜ਼-ਹੀਣਤਾ ਸਰਟੀਫੀਕੇਟ, ਪ੍ਰਵਾਸੀ ਭਾਰਤੀਆਂ ਦੀਆਂ ਰਜਿਸ਼ਟ੍ਰੇਸ਼ਨ ਅਤੇ ਸ਼ਿਕਾਇਤਾਂ ਸਬੰਧੀ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ।

             ਸ੍ਰੀ ਸ਼ਰਦ ਸੱਤਿਆ ਚੌਹਾਨ ਕਮਿਸ਼ਨਰ ਪੁਲਿਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਅਤੇ ਉਹਨਾਂ ਨੂੰ ਬਿਹਤਰ ਸੇਵਾਵਾਂ ਦੇਣ ਦੇ ਮੰਤਵ ਨਾਲ ਸਾਰੀਆਂ ਸੇਵਾਵਾਂ ਨੂੰ ਇੱਕ ਥਾਂ ਤੇ ਇਕੱਠਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸੇਵਾ ਦੇ ਅਧਿਕਾਰ ਐਕਟ ਤਹਿਤ ਹੁਣ ਲੋਕਾਂ ਨੂੰ ਸਹੂਲਤਾਂ ਨਿਰਧਾਰਤ ਸਮੇਂ ਦੇ ਅੰਦਰ ਉਪਲੱਭਦ ਕਰਵਾਈਆਂ ਜਾਣਗੀਆਂ।
             ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਸ਼ਰਦ ਸੱਤਿਆ ਚੌਹਾਨ ਕਮਿਸ਼ਨਰ ਪੁਲਿਸ, ਸ੍ਰੀ ਅਸ਼ੀਸ਼ ਚੌਧਰੀ ਡਿਪਟੀ ਕਮਿਸ਼ਨਰ ਪੁਲਿਸ, ਸ. ਸੁਖਵਿੰਦਰਪਾਲ ਸਿੰਘ ਗਰਚਾ, ਸ. ਬਲਜਿੰਦਰ ਸਿੰਘ ਪਨੇਸਰ, ਸ. ਸੋਹਣ ਸਿੰਘ ਗੋਗਾ, ਸ. ਸੁਖਜਿੰਦਰ ਸਿੰਘ ਬਾਵਾ, ਸ. ਹਰਿੰਦਰ ਸਿੰਘ ਭੋਲੂ ਮੈਂਬਰ ਸੁਵਿਧਾ ਕੇਂਦਰ, ਸ. ਸੁਖਪਾਲ ਸਿੰਘ ਬਰਾੜ ਏ.ਡੀ.ਸੀ.ਪੀ(ਹੈਡ.) ਸ੍ਰੀ ਮਨਜੀਤ ਸਿੰਘ ਢੇਸੀ ਏ.ਡੀ.ਸੀ.ਪੀ-1 ਅਤੇ ਸ੍ਰੀ ਰਾਜਿੰਦਰ ਸਿੰਘ ਏ.ਸੀ..ਪੀ ਆਦਿ ਹਾਜ਼ਰ ਸਨ। 

Translate »