October 17, 2011 admin

ਨਾਭਾ ਵਿਖੇ ਡਵੀਜ਼ਨਲ ਕਮਿਸ਼ਨਰ ਵੱਲੋਂ ਸਾਂਝ ਕੇਂਦਰ ਦਾ ਉਦਘਾਟਨ

ਨਾਭਾ (ਪਟਿਆਲਾ)  – ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਖੋਲ੍ਹੇ ਗਏ ਸਾਂਝ ਕੇਂਦਰ ਪੁਲਿਸ ਤੇ ਲੋਕਾਂ ਵਿਚਾਲੇ ਪੁਲ ਵਾਂਗ ਕੰਮ ਕਰਨਗੇ ਅਤੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਾਸੀਆਂ ਦੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਇਹ ਉਪਰਾਲਾ ਆਉਂਦੇ ਸਮੇਂ ਵਿੱਚ ਯਕੀਨੀ ਤੌਰ ‘ਤੇ ਸਾਰਥਕ ਨਤੀਜੇ ਸਾਹਮਣੇ ਲਿਆਵੇਗਾ । ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਵੀਜ਼ਨਲ ਕਮਿਸ਼ਨਰ ਪਟਿਆਲਾ ਸ਼੍ਰੀ ਐਸ.ਆਰ.ਲੱਧੜ ਨੇ ਅੱਜ ਨਾਭਾ ਕੋਤਵਾਲੀ ਵਿਖੇ ਖੋਲ੍ਹੇ ਗਏ ਸਾਂਝ ਕੇਂਦਰ ਦਾ ਉਦਘਾਟਨ ਕਰਨ ਮਗਰੋਂ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਸ਼੍ਰੀ ਲੱਧੜ ਨੇ ਕਿਹਾ ਕਿ ਇੱਕੋ ਛੱਤ ਹੇਠਾਂ ਕਈ ਤਰ੍ਹਾਂ ਦੇ ਕਾਨੂੰਨੀ ਦਸਤਾਵੇਜ਼ ਅਤੇ ਪੁਲਿਸ ਨਾਲ ਸਬੰਧਤ ਸੂਚਨਾਵਾਂ ਮੁਫਤ ਮਿਲਣ ਨਾਲ ਲੋਕਾਂ ਦੇ ਕੀਮਤੀ ਸਮੇਂ ਦੀ ਵੀ ਬੱਚਤ ਹੋਵੇਗੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ ਅਤੇ ਇਸੇ ਲੜੀ ਤਹਿਤ ਖੋਲ੍ਹੇ ਗਏ ਇਨ੍ਹਾਂ ਸਾਂਝ ਕੇਂਦਰਾਂ ਤੋਂ ਸੇਵਾਵਾਂ ਪ੍ਰਾਪਤ ਕਰਨ ਵਾਲੇ ਲੋਕਾਂ ਦੇ ਮਨਾਂ ਵਿੱਚ ਪੁਲਿਸ ਪ੍ਰਤੀ ਵਧੇਰੇ ਸਤਿਕਾਰ ਦੀ ਭਾਵਨਾ ਪੈਦਾ ਹੋਵੇਗੀ ।  

         ਸ਼੍ਰੀ ਲੱਧੜ ਨੇ ਕਿਹਾ ਕਿ ਸਾਂਝ ਕੇਂਦਰਾਂ ਦੇ ਰਾਹੀਂ ਲੋਕਾਂ ਨੂੰ ਪੁਲਿਸ-ਪ੍ਰਸ਼ਾਸ਼ਨ ਦੀਆਂ ਸੇਵਾਵਾਂ ਸੌਖਿਆਂ ਪ੍ਰਾਪਤ ਹੋ ਸਕਣਗੀਆਂ ਅਤੇ ਪੁਲਿਸ ਥਾਣਿਆਂ ਵਿੱਚ ਐਫ.ਆਈ.ਆਰ ਦੀਆਂ ਕਾਪੀਆਂ ਜਿਹੇ ਹੋਰ ਅਨੇਕਾਂ ਵੱਡੀ ਗਿਣਤੀ ਕੰਮ ਕਰਵਾਉਣ ਲਈ ਹੁਣ ਉਨ੍ਹਾਂ ਨੂੰ ਖੱਜਲ-ਖੁਆਰ ਨਹੀਂ ਹੋਣਾ ਪਵੇਗਾ । ਉਨ੍ਹਾਂ ਕਿਹਾ ਕਿ ਸਾਂਝ ਕੇਂਦਰਾਂ ਵਿੱਚ ਤਾਇਨਾਤ ਸਟਾਫ ਪੂਰੀ ਤਰ੍ਹਾਂ ਪਰਿਵਾਰਕ ਮਾਹੌਲ ਕਾਇਮ ਰੱਖਦਾ ਹੈ ਅਤੇ ਲੋਕਾਂ ਦੇ ਮਨੋਰੰਜਨ ਲਈ ਵੀ ਇਨ੍ਹਾਂ ਕੇਂਦਰਾਂ ਵਿੱਚ ਉਚਿਤ ਪ੍ਰਬੰਧ ਕੀਤਾ ਗਿਆ ਹੈ । ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰੀ, ਕਰਮਚਾਰੀ ਅਤੇ ਸਰਕਾਰ ਲੋਕਾਂ ਨੂੰ ਮਿਆਰੀ ਸੇਵਾਵਾਂ ਦੇਣ ਲਈ ਕਾਰਜਸ਼ੀਲ ਹਨ ਤੇ ਰਾਜ ਸਰਕਾਰ ਦੇ ਯਤਨਾਂ ਨਾਲ ਜਨਤਾ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਹੀ ਇਨ੍ਹਾਂ ਸਾਂਝ ਕੇਂਦਰਾਂ ਨੂੰ ਸਥਾਪਿਤ ਕੀਤਾ ਗਿਆ ਹੈ । ਇਸ ਮੌਕੇ ਐਸ.ਐਸ.ਪੀ ਪਟਿਆਲਾ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਪੁਲਿਸ-ਪ੍ਰਸ਼ਾਸ਼ਨ ਲੋਕਾਂ ਦੇ ਸਹਿਯੋਗ ਨਾਲ ਹੀ ਵਧੀਆ ਕਾਰਗੁਜ਼ਾਰੀ ਨੂੰ ਯਕੀਨੀ ਬਣਾ ਸਕਦਾ ਹੈ ਇਸ ਲਈ ਸਾਂਝ ਕੇਂਦਰਾਂ ਨੂੰ ਵਧੀਆ ਢੰਗ ਨਾਲ ਚਲਾਉਣ ਅਤੇ ਲੋਕ ਸੇਵਾ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜਨਤਾ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਸਭ ਨੂੰ ਰਲ ਮਿਲ ਕੇ ਆਮ ਆਦਮੀ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਠੋਸ ਕਦਮ ਪੁੱਟਣੇ ਚਾਹੀਦੇ ਹਨ ।

         ਇਸ ਮੌਕੇ ਸ਼੍ਰੀ ਮੱਖਣ ਸਿੰਘ ਲਾਲਕਾ, ਸ਼੍ਰੀ ਬਲਵੰਤ ਸਿੰਘ ਸ਼ਾਹਪੁਰ, ਸ਼੍ਰੀ ਰਣਧੀਰ ਸਿੰਘ ਖੰਗੂੜਾ ਅਤੇ ਸ਼੍ਰੀ ਪ੍ਰੇਮ ਕੁਮਾਰ ਗਾਗਟ ਨੇ ਪੰਜਾਬ ਸਰਕਾਰ ਵੱਲੋਂ ਆਰੰਭੇ ਗਏ ਸਾਂਝ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਇਸ ਨੂੰ ਲੋਕਾਂ ਲਈ ਵਰਦਾਨ ਕਰਾਰ ਦਿੱਤਾ । ਬੁਲਾਰਿਆਂ ਨੇ ਕਿਹਾ ਕਿ ਸਾਂਝ ਕੇਂਦਰ ਸਹੀ ਅਰਥਾਂ ਵਿੱਚ ਪੁਲਿਸ ਅਤੇ ਲੋਕਾਂ ਵਿਚਾਲੇ ਮਿਠਾਸ ਭਰਪੂਰ ਸਬੰਧ ਕਾਇਮ ਕਰਨ ਵਿੱਚ ਸਫਲ ਸਾਬਿਤ ਹੋਣਗੇ । ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਨਾਭਾ ਸ਼੍ਰੀ ਗੁਰਦਿਆਲਇੰਦਰ ਸਿੰਘ ਬਿੱਲੂ, ਸ਼੍ਰੀ ਰਣਜੀਤ ਸਿੰਘ ਪੂਨੀਆ, ਪ੍ਰਧਾਨ  ਨਗਰ ਕੌਂਸਲ ਸ਼੍ਰੀ ਗੁਰਬਖਸ਼ੀਸ਼ ਸਿੰਘ ਭੱਟੀ, ਸ਼੍ਰੀ ਇੱਛਿਆਮਾਨ ਸਿੰਘ, ਸ਼੍ਰੀ ਰਾਮਕ੍ਰਿਸ਼ਨ ਭੱਲਾ, ਸ਼੍ਰੀ ਕੁਲਵੰਤ ਸਿੰਘ, ਸ਼੍ਰੀ ਤਿਲਕ ਰਾਜ, ਸ਼੍ਰੀ ਰਿਸ਼ੀ ਗਾਬਾ, ਸ਼੍ਰੀ ਜਸਪਾਲ ਜੁਨੇਜਾ, ਐਸ.ਡੀ.ਐਮ ਨਾਭਾ ਸ਼੍ਰੀਮਤੀ ਪੂਨਮਦੀਪ ਕੌਰ, ਤਹਿਸੀਲਦਾਰ ਸ਼੍ਰੀਮਤੀ ਜਸਪਾਲ ਕੌਰ, ਐਸ.ਪੀ (ਅਪ੍ਰੇਸ਼ਨ) ਸ਼੍ਰੀ ਐਸ.ਐਸ.ਬੋਪਾਰਾਏ, ਡੀ.ਐਸ.ਪੀ ਸ਼੍ਰੀ ਰਾਜਵਿੰਦਰ ਸਿੰਘ ਸੋਹਲ, ਕੋਤਵਾਲੀ ਮੁਖੀ ਸ਼੍ਰੀ ਗੁਰਇਕਬਾਲ ਸਿੰਘ ਸਿਕੰਦ, ਕਮਿਊਨਿਟੀ ਅਫੇਅਰਜ਼ ਅਧਿਕਾਰੀ ਸ਼੍ਰੀ ਇੰਦਰਬੀਰ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਅਤੇ ਪੁਲਿਸ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ । ਇਸ ਮੌਕੇ ਮੰਚ ਦਾ ਸੰਚਾਲਨ ਭਾਈ ਗੁਰਪ੍ਰੀਤ ਸਿੰਘ ਨਾਮਧਾਰੀ ਨੇ ਬਾਖੂਬੀ ਕੀਤਾ । 

Translate »