October 17, 2011 admin

ਪਟਿਆਲਾ, ਰਾਜਪੁਰਾ, ਪਾਤੜਾਂ ਅਤੇ ਨਾਭਾ ਵਿਖੇ ਸਾਂਝ ਕੇਂਦਰਾਂ ਦਾ ਉਦਘਾਟਨ ਇੱਕੋ ਛੱਤ ਹੇਠ ਲੋਕਾਂ ਨੂੰ ਕਈ ਪੁਲਿਸ ਸੇਵਾਵਾਂ ਮਿਲਣਗੀਆਂ

ਪਟਿਆਲਾ – ਪੰਜਾਬ ਸਰਕਾਰ ਵੱਲੋਂ ਜਨਤਾ ਅਤੇ ਪੁਲਿਸ ਵਿਚਾਲੇ ਸਬੰਧ ਹੋਰ ਵੀ ਸੁਖਾਵੇਂ ਕਰਨ, ਸਮਾਂਬੱਧ ਅਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਪੁਲਿਸ ਥਾਣਿਆਂ ਵਿੱਚ ਲੋਕਾਂ ਦੀ ਖੱਜਲ-ਖੁਆਰੀ ਨੂੰ ਖਤਮ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਸਾਂਝ ਪ੍ਰੋਜੈਕਟ ਤਹਿਤ ਅੱਜ ਪਟਿਆਲਾ ਜ਼ਿਲ੍ਹੇ ਵਿੱਚ 4 ਸਾਂਝ ਕੇਂਦਰਾਂ ਨੇ ਉਦਘਾਟਨ ਉਪਰੰਤ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਪਟਿਆਲਾ ਵਿਖੇ ਆਈ.ਜੀ. ਪਟਿਆਲਾ ਜ਼ੋਨ ਸ਼੍ਰੀ ਪਰਮਜੀਤ ਸਿੰਘ ਗਿੱਲ, ਨਾਭਾ ਵਿਖੇ ਡਵੀਜ਼ਨਲ ਕਮਿਸ਼ਨਰ ਸ਼੍ਰੀ ਐਸ.ਆਰ. ਲੱਧੜ, ਰਾਜਪੁਰਾ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਵਿਕਾਸ ਗਰਗ ਅਤੇ ਪਾਤੜਾਂ ਵਿਖੇ ਐਸ.ਐਸ.ਪੀ. ਪਟਿਆਲਾ ਸ. ਗੁਰਪ੍ਰੀਤ ਸਿੰਘ ਗਿੱਲ ਨੇ ਇਹਨਾਂ ਸਾਂਝ ਕੇਂਦਰਾਂ ਦਾ ਰਸਮੀ ਤੌਰ ‘ਤੇ ਉਦਘਾਟਨ ਕੀਤਾ। ਲੋਕਾਂ ਨੂੰ ਫੌਰੀ ਸੇਵਾਵਾਂ ਪ੍ਰਦਾਨ ਕਰਨ ਲਈ ਖੋਲ੍ਹੇ ਗਏ ਇਹਨਾਂ ਸਾਂਝ ਕੇਂਦਰਾਂ ਵਿੱਚ ਹਰੇਕ ਨਾਗਰਿਕ ਨੂੰ ਬਿਨਾਂ ਕਿਸੇ ਦੇਰੀ ਤੋਂ ਕਈ ਮਹੱਤਵਪੂਰਨ ਸੇਵਾਵਾਂ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

         ਪਟਿਆਲਾ ਵਿਖੇ ਸਦਰ ਥਾਣੇ ਦੇ ਨੇੜੇ ਬਣਾਏ ਗਏ ਸਾਂਝ ਕੇਂਦਰ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਈ.ਜੀ. ਪਟਿਆਲਾ ਜੋਨ ਸ. ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਅਤੇ ਡੀ.ਜੀ.ਪੀ. ਪੰਜਾਬ ਸ਼੍ਰੀ ਅਨਿਲ ਕੌਸ਼ਿਕ ਵੱਲੋਂ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਇਹ ਵੱਡਾ ਤੇ ਅਹਿਮ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਸਫਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ੁਰਮ ਅਤੇ ਉਹਨਾਂ ਦੇ ਤਰੀਕੇ ਵਿੱਚ ਬਦਲਾਓ ਕਾਰਨ ਪੁਲਿਸ ਦਾ ਕੰਮ ਕਾਜ਼ ਕਾਫੀ ਵੱਧ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਪੁਲਿਸ ਥਾਣਿਆਂ ਵਿੱਚ ਆਮ ਸੇਵਾਵਾਂ ਮਿਲਣ ਵਿੱਚ ਦਿੱਕਤ ਪੇਸ਼ ਆ ਰਹੀ ਸੀ ਇਸ ਲਈ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਥਾਣਿਆਂ ਦੀ ਬਜਾਏ ਇੱਕੋ ਛੱਤ ਹੇਠ ਸੇਵਾਵਾਂ ਪ੍ਰਦਾਨ ਕਰਨ ਲਈ ਖੋਲ੍ਹੇ ਸਾਂਝ ਕੇਂਦਰਾਂ ਨਾਲ ਹੁਣ ਲੋਕਾਂ ਨੂੰ ਥਾਣਿਆਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਕਾਨੂੰਨੀ ਦਸਤਾਵੇਜ਼ ਅਤੇ ਥਾਣਿਆਂ ਵਿੱਚ ਚੱਲ ਰਹੇ ਕੇਸਾਂ ਦੀਆਂ ਤਾਜ਼ਾ ਸੂਚਨਾਵਾਂ ਇੱਕੋ ਛੱਤ ਹੇਠਾਂ ਹੀ ਕੰਪਿਊਟਰ ਪ੍ਰਣਾਲੀ ਰਾਹੀਂ ਮੌਕੇ ‘ਤੇ ਹੀ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਆਈ.ਜੀ ਨੇ ਕਿਹਾ ਕਿ ਸ਼੍ਰੀ ਗਿੱਲ ਨੇ ਕਿਹਾ ਕਿ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣ ਵਾਲੇ ਇਨ੍ਹਾਂ ਕੇਂਦਰਾਂ ਵਿੱਚ ਲੋਕਾਂ ਦੀ ਸਹੂਲਤ ਲਈ ਇੱਕ-ਇੱਕ ਐਨ.ਜੀ.ਓ-ਕਮ-ਕਮਿਊਨਿਟੀ ਅਫੇਅਰਜ਼ ਅਫਸਰ, ਇੱਕ ਰਿਸ਼ੈਪਸਨਿਸਟ, ਇੱਕ ਰਿਕਾਰਡ ਕੀਪਰ ਅਤੇ 2 ਕੰਪਿਊਟਰ ਅਪ੍ਰੇਟਰ ਲੋਕਾਂ ਨੂੰ ਸੂਚਨਾ ਮੁਹੱਈਆ ਕਰਵਾ ਰਹੇ ਹਨ ਅਤੇ ਇਹ ਸਾਂਝ ਕੇਂਦਰ ਏਅਰ ਕੰਡੀਸ਼ਨਡ ਇਮਾਰਤਾਂ ਵਿੱਚ ਬਣਾਏ ਗਏ ਹਨ ਜਿੱਥੇ ਪੀਣ ਵਾਲੇ ਪਾਣੀ, ਬੈਠਣ ਲਈ ਵਧੀਆ ਫਰਨੀਚਰ ਅਤੇ ਕੰਮ ਕਰਵਾਉਣ ਲਈ ਆਉਂਦੇ ਲੋਕਾਂ ਦੇ ਮਨੋਰਜੰਨ ਲਈ ਟੈਲੀਵਿਜ਼ਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿੱਚ ਆਪਣੀ ਸ਼ਿਕਾਇਤ ਸਬੰਧੀ ਫਾਰਮ ਭਰ ਕੇ ਜਮ੍ਹਾਂ ਕਰਵਾਉਣ ਵਾਲੇ ਵਿਅਕਤੀ ਨੂੰ ਮੌਕੇ ਤੇ ਹੀ ਫਾਰਮ ਦੀ ਰਸੀਦ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਕੋਈ ਵੀ ਵਿਅਕਤੀ ਰਸੀਦ ਦੇ ਆਧਾਰ ‘ਤੇ ਆਪਣੀ ਸ਼ਿਕਾਇਤ ਸਬੰਧੀ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਸਮੇਂ-ਸਮੇਂ ਸਿਰ ਜਾਣਕਾਰੀ ਪ੍ਰਾਪਤ ਕਰ ਸਕੇਗਾ ਅਤੇ ਇਸ ਦੀ ਕੋਈ ਫੀਸ ਨਹੀਂ ਲਈ ਜਾਵੇਗੀ।

         ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਜੀ ਸ਼੍ਰੀ ਗਿੱਲ ਨੇ ਦੱਸਿਆ ਪਟਿਆਲਾ ਜ਼ੋਨ ਅਧੀਨ ਆਉਂਦੇ 6 ਜ਼ਿਲ੍ਹਿਆਂ ਵਿੱਚ 21 ਸਾਂਝ ਕੇਂਦਰ ਖੋਲ੍ਹੇ ਗਏ ਹਨ ਜਿਨ੍ਹਾਂ ਵਿੱਚੋਂ 19 ਸਾਂਝ ਕੇਂਦਰਾਂ ਦਾ ਅੱਜ ਉਦਘਾਟਨ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ 21 ਥਾਣਿਆਂ ਵਿੱਚ ਆਊਟ ਰੀਚ ਕੇਂਦਰ ਸਥਾਪਤ ਕੀਤੇ ਗਏ ਹਨ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਸਕੇ । ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਨੂੰ ਹੌਲੀ ਹੌਲੀ ਰਾਜ ਭਰ ਦੇ ਪੁਲਿਸ ਥਾਣਿਆਂ ਨਾਲ ਜੋੜਿਆ ਜਾਵੇਗਾ ਤਾਂ ਜੋ ਆਨਲਾਈਨ ਪ੍ਰਣਾਲੀ ਰਾਹੀਂ ਕੋਈ ਵੀ ਨਾਗਰਿਕ ਆਪਣੇ ਸਮੇਂ ਅਤੇ ਧਨ ਦੀ ਬੱਚਤ ਕਰਦੇ ਹੋਏ ਲੋੜੀਂਦੇ ਕਾਨੂੰਨੀ ਦਸਤਾਵੇਜ਼ ਕਿਸੇ ਵੀ ਸਾਂਝ ਕੇਂਦਰ ਵਿੱਚੋਂ ਪ੍ਰਾਪਤ ਕਰ ਸਕੇ। ਉਨ੍ਹਾਂ ਦੱਸਿਆ ਕਿ ਇਹ ਕੇਂਦਰ ਰਜਿਸਟਰੇਸ਼ਨ ਆਫ ਸੁਸਾਇਟੀਜ਼ ਐਕਟ 1860 ਅਧੀਨ ਖੁਦਮੁਖਤਿਆਰ ਰਜਿਸਟਰਡ ਸੁਸਾਇਟੀਆਂ ਵੱਜੋਂ ਰਜਿਸਟਰਡ ਹਨ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਅਮਨ ਤੇ ਕਾਨੂੰਨ ਨੂੰ ਬਹਾਲ ਰੱਖਣ ਅਤੇ ਜ਼ਿਲ੍ਹੇ ਵਿੱਚ ਜੁਰਮ ਦੀ ਦਰ ਨੂੰ ਹੋਰ ਘਟਾਉਣ ਲਈ ਉਹ ਲਗਾਤਾਰ ਪੁਲਿਸ ਨਾਲ ਤਾਲਮੇਲ ਰੱਖਣ ਅਤੇ ਸਾਂਝ ਕੇਂਦਰ ਬਾਰੇ ਹੋਰਨਾਂ ਨੂੰ ਵੀ ਜਾਗਰੂਕ ਕਰਨ ਤਾਂ ਜੋ ਹਰ ਕੋਈ ਸਰਕਾਰ ਵੱਲੋਂ ਦਿੱਤੀ ਜਾ ਰਹੀ ਇਸ ਸਹੂਲਤ ਦਾ ਲਾਭ ਲੈ ਸਕੇ।

         ਇਸ ਮੌਕੇ ਐਸ.ਐਸ.ਪੀ ਪਟਿਆਲਾ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਾਂਝ ਕੇਂਦਰਾਂ ਵਿੱਚ ਤਿੰਨ ਵੱਖ-ਵੱਖ ਕਾਊਂਟਰਾਂ ਪ੍ਰਵਾਸੀ ਭਾਰਤੀ ਅਤੇ ਵਿਦੇਸ਼ੀ ਕਾਊਂਟਰ, ਪੜਤਾਲ ਅਤੇ ਮਨਜ਼ੂਰੀ ਕਾਊਂਟਰ ਅਤੇ ਅਪਰਾਧ ਸੂਚਨਾ ਕਾਊਂਟਰ ਰਾਹੀਂ ਲੋਕਾਂ ਨੂੰ ਵੱਖ-ਵੱਖ ਮਾਮਲਿਆਂ ਦੀ ਪੜਤਾਲ, ਜੁਰਮ ਅਤੇ ਹੋਰ ਕਾਨੂੰਨੀ ਦਸਤਾਵੇਜ਼ਾਂ ਬਾਰੇ ਸੂਚਨਾ ਮੁਫਤ ਪ੍ਰਦਾਨ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਤਰਾਜ਼ਹੀਣਤਾ ਸਰਟੀਫਿਕੇਟ, ਹਥਿਆਰਾਂ ਸਬੰਧੀ ਲਾਇਸੰਸ, ਜਲੂਸ, ਜਲਸਾ, ਆਰਕੈਸਟਰਾ, ਲਾਊਡ ਸਪੀਕਰ ਆਦਿ ਦੀ ਪ੍ਰਵਾਨਗੀ, ਸੁਰੱਖਿਆ ਪ੍ਰਬੰਧਾਂ ਲਈ ਬਿਨੈ-ਪੱਤਰ, ਪਾਸਪੋਰਟ ਦੀ ਪੜਤਾਲ, ਕਿਰਾਏਦਾਰ ਰੱਖਣ ਲਈ ਪੜਤਾਲ, ਪ੍ਰਵਾਸੀ ਮਜ਼ਦੂਰ/ਘਰੇਲੂ ਨੌਕਰ ਰੱਖਣ ਦੀ ਪੜਤਾਲ, ਚਰਿੱਤਰ/ਸੇਵਾਵਾਂ ਅਤੇ ਵਾਹਨ ਦੀ ਪੜਤਾਲ, ਗੁਆਚੇ ਵਾਹਨਾਂ ਬਾਰੇ ਸੂਚਨਾ, ਵਿਦੇਸ਼ੀਆਂ ਦੇ ਆਉਣ-ਜਾਣ ਤੇ ਉਨ੍ਹਾਂ ਦੀ ਰਜਿਸਟਰੇਸ਼ਨ, ਪ੍ਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ਤੇ ਪੁੱਛਗਿੱਛ, ਟਰੈਫਿਕ ਚਲਾਨਾਂ ਦਾ ਭੁਗਤਾਨ, ਜ਼ਬਤ ਕੀਤੇ ਗਏ ਵਾਹਨਾਂ ਦੀ ਸੂਚਨਾ, ਐਫ.ਆਈ.ਆਰ ਦੀ ਕਾਪੀ, ਆਦਮਪਤਾ ਮੁਕੱਦਮਿਆਂ ਦੀ ਰਿਪੋਰਟ, ਅਪਰਾਧਿਕ ਮੁਕੱਦਮਿਆਂ ਦੀ ਤਫ਼ਤੀਸ਼ ਸਬੰਧੀ ਪ੍ਰਗਤੀ ਰਿਪੋਰਟ, ਪੈਰੋਲ ਸਬੰਧੀ, ਆਰਥਿਕ ਜ਼ੁਰਮ, ਧੋਖਾਧੜੀ ਅਤੇ ਜਾਅਲਸਾਜ਼ੀ, ਟਰੈਵਲ ਏਜੰਟਾਂ ਦੁਆਰਾ ਧੋਖਾਧੜੀ ਆਦਿ ਬਾਰੇ ਵੀ ਜਾਣਕਾਰੀ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ।

         ਇਸ ਮੌਕੇ ਸ਼੍ਰੀ ਰਮੇਸ਼ਵਰ ਸ਼ਰਮਾ ਬਲਬੇੜਾ ਅਤੇ ਸ਼੍ਰੀ ਡੀ.ਸੀ. ਗੁਪਤਾ ਨੇ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਇਹਨਾਂ ਸੇਵਾਵਾਂ ਦੀ ਭਰਵੀਂ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੀ ਬਲਵਿੰਦਰ ਸਿੰਘ ਦੌਣਕਲਾਂ, ਸ਼੍ਰੀ ਹਰਦਿਆਲ ਸਿੰਘ ਚੀਮਾ, ਸ਼੍ਰੀ ਇੰਦਰਜੀਤ ਸਿੰਘ ਸੰਧੂ, ਸ਼੍ਰੀ ਜੇ.ਪੀ.ਜੈਨ, ਸ਼੍ਰੀਮਤੀ ਸਤਿੰਦਰਪਾਲ ਕੌਰ ਵਾਲੀਆ, ਸ਼੍ਰੀਮਤੀ ਸੁਮਨ ਬੱਤਰਾ, ਸ਼੍ਰੀ ਕੰਵਲਜੀਤ ਸਿੰਘ ਸਹਿਗਲ, ਸ਼੍ਰੀ ਪ੍ਰਤਾਪ ਸਿੰਘ ਸਨੌਰ, ਸ਼੍ਰੀ ਦੀਦਾਰ ਸਿੰਘ ਦੌਣਕਲਾਂ, ਸ਼੍ਰੀ ਹਰਵਿੰਦਰ ਸ਼ਰਮਾ, ਸ਼੍ਰੀ ਹਰੀ ਸਿੰਘ, ਸ਼੍ਰੀ ਇੰਦਰਜੀਤ ਸਿੰਘ ਖਰੌੜ, ਸ਼੍ਰੀ ਗੋਪਾਲ ਸਿੰਘ ਭੁਨਰਹੇੜੀ, ਸ਼੍ਰੀ ਅਮਰਜੀਤ ਸਿੰਘ ਸਾਹਨੀ, ਸ਼੍ਰੀ ਧਰਮਪਾਲ ਸਹਿਗਲ ਸਮੇਤ ਵੱਡੀ ਗਿਣਤੀ ਵਿੱਚ ਪਤਵੰਤਿਆਂ ਤੋਂ ਇਲਾਵਾ ਐਸ.ਪੀ ਸ਼੍ਰੀ ਐਸ.ਐਸ.ਬੋਪਾਰਾਏ, ਐਸ.ਪੀ ਸਿਟੀ ਸ਼੍ਰੀ ਦਲਜੀਤ ਸਿੰਘ ਰਾਣਾ, ਡੀ.ਐਸ.ਪੀ ਦਿਹਾਤੀ ਸ਼੍ਰੀ ਹਰਦਵਿੰਦਰ ਸਿੰਘ ਸੰਧੂ, ਕਮਿਊਨਿਟੀ ਅਫੇਅਰਜ਼ ਅਫਸਰ ਸ਼੍ਰੀ ਅੱਛਰੂ ਰਾਮ ਤੇ ਹੋਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। ਇਸ ਮੌਕੇ ਮੰਚ ਦਾ ਸੰਚਾਲਨ ਸ਼੍ਰੀਮਤੀ ਸੁਮਨ ਬੱਤਰਾ ਨੇ ਬਾਖੂਬੀ ਕੀਤਾ। 

Translate »