October 17, 2011 admin

ਵਿਸ਼ਵ ਹੱਥ ਧੋਣ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ

ਰਾਮਗੜ੍ਹ (ਲੁਧਿਆਣਾ) –  ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਲੁਧਿਆਣਾ ਨੇ ਜ਼ਿਲ੍ਹੇ ਵਿੱਚ ਵਿਸ਼ਵ ਹੱਥ ਧੋਣ ਦਿਵਸ ਸੈਨਿਟਿਕ ਬਿਜ਼ਨਜ਼ ਸਕੂਲ ਪਿੰਡ ਰਾਮਗੜ੍ਹ ਦੇ ਸਹਿਯੋਗ ਨਾਲ ਮਨਾਇਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਪੰਜਾਬ ਐਗਰੋ ਇੰਡਸਟਰੀਜ਼ ਦੇ ਚੇਅਰਮੈਨ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਸ਼ਿਰਕਤ ਕੀਤੀ। ਸਰਕਾਰੀ ਸਕੂਲ ਮੁੰਡੀਆਂ ਕਲਾਂ, ਕੋਹਾੜਾ ਅਤੇ ਮੰਗਲੀ ਨੀਚੀ ਦੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਭਾਗ ਲਿਆ।

                  ਇਸ ਮੌਕੇ ਸ. ਢਿੱਲੋਂ ਸਮੇਤ ਬੁਲਾਰਿਆਂ ਨੇ ਸਾਬਣ ਨਾਲ ਹੱਥ ਧੋਣ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਸਾਬਣ ਨਾਲ ਹੱਥ ਧੋਣਾ ਆਪਣੇ ਆਪ ਨੂੰ ਬਿਮਾਰੀਆਂ ਤੋਂ ਦੂਰ ਰੱਖਣ ਦਾ ਬਹੁਤ ਸੁਰੱਖਿਅਤ ਅਤੇ ਸਸਤਾ ਤਰੀਕਾ ਹੈ। ਜੇਕਰ ਅਸੀਂ ਖਾਣਾ ਖਾਣ ਤੋਂ ਪਹਿਲਾਂ ਅਤੇ ਪਖਾਨਾ ਜਾਣ ਤੋਂ ਬਾਅਦ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋ ਲਈਏ ਤਾਂ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਨਾਲ  ਡਾਇਰੀਆ ਤੋਂ ਹੋਣ ਵਾਲੀ ਮੌਤ ਦਰ ਵੀ ਘੱਟ ਕੀਤੀ ਜਾ ਸਕਦੀ ਹੈ। ਉਨ੍ਹਾਂ ਸਾਬਣ ਨਾਲ ਹੱਥ ਧੋਣ ਦੇ ਫਾਇਦਿਆਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰਨ ‘ਤੇ ਵੀ ਜ਼ੋਰ ਦਿੱਤਾ।
                  ਇਸ ਦਿਵਸ ਦੀ ਮਹੱਤਤਾ ਨੂੰ ਵਧਾਉਣ ਲਈ ਬੱਚਿਆਂ ਵਿੱਚ ਸਾਬਣ ਵੀ ਵੰਡੇ ਗਏ। ਇਸ ਮੌਕੇ ਸ਼੍ਰੀ ਮੁਹੰਮਦ ਇਸ਼ਫਾਕ ਜ਼ਿਲ੍ਹਾ ਪ੍ਰੋਗਰਾਮ ਸਪੈਸ਼ਲਿਸਟ ਕਮ ਕਾਰਜਕਾਰੀ ਇੰਜੀਨੀਅਰ ਡੀ.ਪੀ.ਐਮ.ਸੀ. ਲੁਧਿਆਣਾ ਨੇ ਦੱਸਿਆ ਕਿ ਲਗਾਤਾਰ 3 ਸਾਲਾਂ ਤੋਂ ਲੁਧਿਆਣਾ ਜ਼ਿਲ੍ਹੇ ਵਿੱਚ ਵਿਸ਼ਵ ਹੱਥ ਧੋਣ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ  ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਿੰਡਾਂ ਦੇ ਲੋਕਾਂ ਨੂੰ ਸਿਹਤਮੰਦ ਅਤੇ ਵਧੀਆ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ ਅਤੇ ਵਿਭਾਗ ਪਿੰਡ ਦੇ ਲੋਕਾ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾ ਰਿਹਾ ਹੈ।
                  ਇਸ ਮੌਕੇ ਸਕੂਲੀ ਬੱਚਿਆਂ ਨੇ ਪਾਣੀ ਦੀ ਮਹੱਤਤਾ ਨੂੰ ਪੇਸ਼ ਕਰਦੀਆਂ ਕਵਿਤਾਵਾਂ ਅਤੇ ਗੀਤ ਵੀ ਸੁਣਾਏ। ਕਾਬਿਲੇਗੌਰ ਹੈ ਕਿ ਵਿਸ਼ਵ ਹੱਥ ਧੋਣ ਦਿਵਸ ਪੂਰੇ ਵਿਸ਼ਵ ਵਿੱਚ 15 ਅਕਤੂਬਰ ਤੋਂ ਬਾਅਦ ਵਾਲੇ ਹਫਤੇ ਵਿੱਚ ਮਨਾਇਆ ਜਾਂਦਾ ਹੈ। ਸਮਾਗਮ ‘ਚ ਹੋਰਨਾਂ ਤੋਂ ਇਲਾਵਾ ਡਾ. ਐਮ.ਏ. ਜ਼ਹੀਰ, ਸ੍ਰੀ ਅਸ਼ੋਕ ਆਦਿਲ ਕਠੂਰੀਆ, ਸ੍ਰੀ ਮਨਦੀਪ ਕੌਸ਼ਲ, ਸ੍ਰੀ ਮਨਦੀਪ ਸਿੰਘ ਉੱਪਲ, ਸ੍ਰੀਮਤੀ ਰਿੰਪੀ, ਸ੍ਰੀਮਤੀ ਸਿਵਿਆ ਸ਼ਰਮਾ ਅਤੇ ਨੇੜਲੇ ਪਿੰਡਾਂ ਦੇ ਸਰਪੰਚ ਸ਼ਾਮਿਲ ਸਨ।

Translate »