ਫਿਰੋਜ਼ਪੁਰ – ਪੰਜਾਬ ਸਰਕਾਰ ਵੱਲੋਂ ਫਸਲਾਂ ਦੇ ਮੰਡੀਕਰਨ ਲਈ ਬੁਨਿਆਦੀ ਢਾਂਚੇ ਤੇ 600 ਕਰੋੜ ਰੁਪਏ ਤੋਂ ਜਿਆਦਾ ਰਾਸ਼ੀ ਖਰਚ ਕੀਤੀ ਗਈ ਹੈ। ਇਹ ਜਾਣਕਾਰੀ ਸਿੰਚਾਈ ਮੰਤਰੀ ਸ੍ਰ ਜਨਮੇਜਾ ਸਿੰਘ ਸੇਖੋਂ ਨੇ ਮਾਰਕੀਟ ਕਮੇਟੀ ਫਿਰੋਜ਼ਪੁਰ ਛਾਉਣੀ ਅਧੀਨ ਥਰੈਸ਼ਰ ਤੇ ਹੋਰ ਹਾਦਸਿਆ ਦਾ ਸ਼ਿਕਾਰ ਵਿਅਕਤੀਆਂ ਅਤੇ ਉਨ੍ਹਾਂ ਦੇ ਵਾਰਸਾ ਨੂੰ 5 ਲੱਖ 60 ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈਕ ਤਕਸੀਮ ਕਰਨ ਉਪਰੰਤ ਦਿੱਤੀ।
ਸ੍ਰ ਸੇਖੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਮੁਹਾਲੀ ਵਿਖੇ ਅਤਿ ਆਧੁਨਿਕ ਕਿਸਮ ਦੀ ਫਲ ਤੇ ਸਬਜੀ ਮੰਡੀ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਤੇ 35 ਕਰੋੜ ਰੁਪਏ ਖਰਚ ਆਏ ਹਨ। ਸ੍ਰੀ ਗੁਰੂ ਰਾਮ ਦਾਸ ਅੰਤਰ-ਰਾਸ਼ਟਰੀ ਹਵਾਈ ਅੱਡਾ ਅਮ੍ਰਿਤਸਰ ਵਿਖੇ ਫਲਾਂ ਅਤੇ ਸਬਜੀਆਂ ਦੀ ਬਰਾਮਦ ਲਈ 24 ਕਰੋੜ ਰੁਪਏ ਦੀ ਲਾਗਤ ਨਾਲ ਕਾਰਗੋ ਸੈਂਟਰ ਬਣਾਇਆ ਗਿਆ ਹੈ। ਇਸ ਤੋ ਇਲਾਵਾ ਰਾਜ ਵਿਚ ਪੰਜ ਸਿਟਰਸ (ਕਿੰਨੂ) ਅਸਟੇਟ ਬਣਾਉਣ ਤੋਂ ਇਲਾਵਾ ਫਲਾਂ ਤੇ ਸਬਜੀਆਂ ਦੀ ਸੰਭਾਲ ਲਈ 23 ਨਵੇਂ ਪੈਕ ਹਾਉਸ ਬਣਾਏ ਗਏ ਹਨ। ਉਨ੍ਹਾ ਕਿਹਾ ਕਿ ਸਰਕਾਰ ਵੱਲੋਂ ਕਰਵਾਏ ਗਏ ਰਿਕਾਰਡ ਤੋੜ ਤੇਜ ਵਿਕਾਸ ਕਾਰਜਾਂ ਤੇ ਲੋਕ ਭਲਾਈ ਦੇ ਕੰਮਾਂ ਕਾਰਨ ਰਾਜ ਦੇ ਸਾਰੇ ਵਰਗ ਸਰਕਾਰ ਤੋ ਪੂਰੀ ਤਰਾਂ ਖੁਸ਼ ਹਨ ਤੇ ਵਿਰੋਧੀ ਕਾਂਗਰਸ ਪਾਰਟੀ ਕੋਲ ਸਰਕਾਰ ਖਿਲਾਫ ਕੋਈ ਮੁੱਦਾ ਹੀ ਨਹੀ। ਉਨ੍ਹਾ ਕਿਹਾ ਕਿ ਹਰਿਆਣੇ ਦੀ ਹਿਸਾਰ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਹੋਈ ਕਰਾਰੀ ਹਾਰ ਤੋਂ ਪਤਾ ਲਗਦਾ ਹੈ ਕਿ ਦੇਸ਼ ਦੇ ਲੋਕ ਵੀ ਹੁਣ ਕਾਂਗਰਸ ਪਾਰਟੀ ਨੂੰ ਕੇਂਦਰ ਤੇ ਰਾਜਾਂ ਵਿਚੋਂ ਚਲਦਾ ਕਰਨ ਲਈ ਕਾਹਲੇ ਹਨ। ਇਸ ਮੌਕੇ ਮਾਰਕੀਟ ਕਮੇਟੀ ਫਿਰੋਜ਼ਪੁਰ ਛਾਉਣੀ ਦੇ ਚੇਅਰਮੈਨ ਸ੍ਰ:ਬਚਿੱਤਰ ਸਿੰਘ ਮੌਰ, ਸ੍ਰ ਜੇ.ਜੇ.ਸਿੰਘ, ਮਾਸਟਰ ਗੁਰਨਾਮ ਸਿੰਘ, ਸ੍ਰੀ ਮਨੋਹਰ ਲਾਲ ਧੀਂਗੜਾ, ਸ੍ਰ ਮਨਜੀਤ ਸਿੰਘ ਤਹਿਸੀਲਦਾਰ ਸਮੇਤ ਤੋ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਆਗੂ ਹਾਜਰ ਸਨ।