October 17, 2011 admin

ਸੇਵਾ ਦਾ ਅਧਿਕਾਰ ਕਾਨੂੰਨ ਸਰਕਾਰ ਦਾ ਇਤਿਹਾਸਕ ਕਦਮ: ਸੇਖੋਂ

ਫਿਰੋਜ਼ਪੁਰ – ਸੇਵਾ ਦਾ ਅਧਿਕਾਰ ਕਾਨੂੰਨ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਵਿਚ 67 ਸਿਵਲ ਤੇ ਪੁਲੀਸ ਸੇਵਾਵਾਂ ਨੂੰ ਸਮਾਂਬੰਧ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਹੋਂਦ ਵਿਚ ਲਿਆਂਦਾ ਗਿਆ ਇਹ ਕਾਨੂੰਨ ਰਾਜ ਦੇ ਲੋਕਾਂ ਨੂੰ ਸਰਕਾਰੀ ਅਫਸਰਾਂ ਤੇ ਮੁਲਾਜਮਾਂ ਦੇ ਅਸਲੀ ਮਾਲਕ ਬਣਾਉਣ ਵੱਲ ਕ੍ਰਾਤੀਕਾਰੀ ਕਦਮ ਸਾਬਤ ਹੋਵੇਗਾ। ਇਨ੍ਹਾਂ ਵਿਚਾਰ ਦਾ ਪ੍ਰਗਟਾਵਾ ਸਿੰਚਾਈ ਮੰਤਰੀ ਸ੍ਰ ਜਨਮੇਜਾ ਸਿੰਘ ਸੇਖੋਂ ਨੇ ਪੁਲੀਸ ਸਟੇਸ਼ਨ ਫਿਰੋਜ਼ਪੁਰ ਸ਼ਹਿਰ ਵਿਖੇ ਨਵੇਂ ਬਣੇ ਸਾਂਝ ਕੇਂਦਰ (ਸੁਵਿਧਾ ਕੇਂਦਰ) ਦਾ ਉਦਘਾਟਨ ਕਰਨ ਉਪਰੰਤ ਸ਼ਹਿਰ ਦੇ ਪੰਤਵੰਤਿਆਂ ਨੂੰ ਸੰਬੋਧਨ ਕਰਦਿਆ ਕੀਤਾ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸ੍ਰ ਸੁਖਪਾਲ ਸਿੰਘ ਨੰਨੂ, ਜ਼ਿਲ੍ਹਾ ਪੁਲੀਸ ਮੁਖੀ ਸ੍ਰ ਸੁਰਜੀਤ ਸਿੰਘ ਤੇ ਸ੍ਰ ਗੁਰਮੀਤ ਸਿੰਘ ਐਸ.ਪੀ(ਐਚ) ਵੀ ਹਾਜਰ ਸਨ।
ਸ੍ਰ ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ੍ਰ ਸੁਰਜੀਤ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵੱਲੋਂ ਹੋਂਦ ਵਿਚ ਲਿਆਂਦੇ ਗਏ ਸੇਵਾ ਅਧਿਕਾਰ ਕਾਨੂੰਨ ਨਾਲ ਜਿਥੇ ਸਰਕਾਰੀ ਅਧਿਕਾਰੀ ਵੱਖ-ਵੱਖ ਵਿਭਾਗਾਂ ਦੀਆਂ 67 ਕਿਸਮ ਦੀਆਂ ਸੇਵਾਵਾਂ ਮਿਥੇ ਸਮੇਂ ਵਿਚ ਦੇਣ ਲਈ ਪਾਬੰਦ ਹੋਣਗੇ ਅਤੇ ਇਸ ਕੰਮ ਵਿਚ ਅਣਗਿਹਲੀ ਕਰਨ ਵਾਲੇ ਅਧਿਕਾਰੀ ਵਿਰੁਧ ਜੁਰਮਾਨੇ ਤੇ ਸਜਾ ਦਾ ਪ੍ਰਬੰਧ ਵੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਖੋਲੇ ਗਏ ਸਾਂਝ ਕੇਂਦਰ ਵਿਚ ਐਨ.ਆਰ.ਆਈਜ ਤੇ ਵਿਦੇਸ਼ੀ ਕਾਉਂਟਰ, ਪੜਤਾਲ ਤੇ ਮਨਜੂਰੀ ਕਾਂਉਟਰ, ਟ੍ਰੇਫਿਕ ਪ੍ਰਬੰਧਕ ਪ੍ਰਣਾਲੀ ਕਾਂਉਟਰ, ਅਪਰਾਧ ਸੂਚਨਾਂ ਕਾਂਉਟਰ, ਮਨਜੂਰੀਆਂ ਅਤੇ ਆਰ.ਟੀ.ਆਈ ਸਬੰਧੀ ਕਾਂਉਟਰ ਖੋਲੇ ਗਏ ਹਨ, ਜਿੰਨ੍ਹਾ ਤੋ ਲੋਕਾਂ ਨੂੰ ਮਿਥੇ ਸਮੇਂ ਵਿਚ ਮੁਫਤ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਨੇ ਲੰਮਾਂ ਸਮਾਂ ਰਾਜ ਕੀਤਾ; ਪਰ ਕਾਂਗਰਸੀਆਂ ਨੇ ਲੋਕਾਂ ਦੇ ਭਲੇ ਦੀ ਥਾਂ ਆਪਣਾ ਢਿੱਡ ਭਰਨ ਨੂੰ ਹੀ ਤਰਜੀਹ ਦਿੱਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਵਾਂਗ ਅਕਾਲੀ-ਭਾਜਪਾ ਸਰਕਾਰ ਦੀਆਂ ਨੀਤੀਆਂ ਤੇ ਕੰਮਾਂ ਦਾ ਸਾਥ ਦੇਣ।
ਮੁੱਖ ਸੰਸਦੀ ਸਕੱਤਰ ਸ੍ਰ ਸੁਖਪਾਲ ਸਿੰਘ ਨੰਨੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾ ਵਿਚ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਕੇ ਰਾਜ ਨਹੀ ਸੇਵਾ ਦਾ ਸੰਕਲਪ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਂਝ ਕੇਂਦਰਾਂ ਦੀ ਸਥਾਪਨਾ ਨਾਲ ਲੋਕਾਂ ਨੂੰ ਪੁਲੀਸ ਦੇ ਰੋਜਮਰਾ ਦੇ ਕੰਮਾਂ ਬਾਰੇ ਵੱਡੀ ਸਹੂਲਤ ਮਿਲੇਗੀ।
ਜ਼ਿਲ੍ਹਾ ਪੁਲੀਸ ਮੁੱਖੀ ਸ੍ਰ ਸੁਰਜੀਤ ਸਿੰਘ ਨੇ ਮੁੱਖ ਮਹਿਮਾਨ ਸ੍ਰ ਜਨਮੇਜਾ ਸਿੰਘ ਸੇਖੋਂ ਤੇ ਸ੍ਰ ਸੁਖਪਾਲ ਸਿੰਘ ਨੰਨੂ ਦਾ ਧੰਨਵਾਦ ਕਰਦਿਆ, ਸਾਂਝ ਕੇਂਦਰ ਵਿਚ ਲੋਕਾਂ ਨੂੰ ਦਿੱਤੀਆਂ ਜਾਂਣ ਵਾਲੀਆਂ ਸਹੂਲਤਾਂ ਸਬੰਧੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ  ਕੰਮ ਲਈ ਪੁਲੀਸ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਦੇਣ। ਇਸ ਸਮਾਗਮ ਵਿਚ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਦਵਿੰਦਰ ਕਪੂਰ, ਸ੍ਰ ਜੋਗਿੰਦਰ ਸਿੰਘ ਜਿੰਦੂ ਪ੍ਰਧਾਨ ਕੈਂਟ ਬੋਰਡ, ਸ੍ਰ ਜੇ.ਜੇ.ਸਿੰਘ, ਸ੍ਰੀ ਜਗਜੀਤ ਸਿੰਘ ਸਰੋਆਂ ਡੀ.ਐਸ.ਪੀ, ਸ੍ਰੀ ਨੰਦ ਕਿਸ਼ੋਰ ਗੂਗਨ ਪ੍ਰਧਾਨ ਆੜਤੀਆਂ ਐਸੋਸ਼ੀਏਸ਼ਨ, ਸ੍ਰ ਦਲਜੀਤ ਸਿੰਘ ਸੀਨੀ.ਉਪ ਪ੍ਰਧਾਨ ਨਗਰ ਕੌਂਸਲ ਸਮੇਤ ਨਗਰ ਕੌਂਸਲ ਦੇ ਮੈਂਬਰ ਤੇ ਸ਼ਹਿਰੀ ਪੰਤਵੰਤੇ ਵੱਡੀ ਗਿਣਤੀ ਵਿਚ ਹਾਜਰ ਸਨ।

Translate »