October 17, 2011 admin

ਜਲੰਧਰ ਦੀਆਂ ਚਾਰ ਪੁਲਿਸ ਸਬ ਡਵੀਜ਼ਨਾਂ ਵਿਚ ਸਾਂਝ ਕੇਂਦਰਾਂ ਦੇ ਉਦਘਾਟਨ ਕੀਤੇ

ਜਲੰਧਰ  – ਪੰਜਾਬ ਪੁਲਿਸ ਵਲੋਂ ਰਾਜ ਪੱਧਰੀ ਸੂਚਨਾ ਤਕਨਾਲੌਜੀ ਪਲੇਟਫਾਰਮ ਉਪਰ ਨਾਗਰਿਕਾਂ ਨੂੰ ਸਮਾਂ ਬੱਧ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਅੱਜ ਜਲੰਧਰ ਸ਼ਹਿਰ ਦੀਆਂ ਚਾਰ ਪੁਲਿਸ ਸਬ ਡਵੀਜ਼ਨਾਂ ਵਿਚ ਸਾਂਝ ਕੇਂਦਰਾਂ ਦੇ ਉਦਘਾਟਨ ਕੀਤੇ ਗਏ । ਥਾਣਾ ਡਵੀਜ਼ਨ ਨੰਬਰ 3 ਵਿਚ ਸਾਂਝ ਕੇਂਦਰ ਦਾ ਉਦਘਾਟਨ ਮੁੱਖ ਸੰਸਦੀ ਸਕੱਤਰ ਸ੍ਰੀ ਕੇ.ਡੀ.ਭੰਡਾਰੀ ਨੇ ਕੀਤਾ। ਥਾਣਾ ਮਾਡਲ ਟਾਊਨ ਵਿਖੇ ਸਥਾਪਿਤ ਕੀਤੇ ਗਏ ਸਾਂਝ ਕੇਂਦਰ ਦਾ ਉਦਘਾਟਨ ਸ੍ਰੀ ਗੁਰਚਰਨ ਸਿੰਘ ਚੰਨਂੀ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਜਲੰਧਰ ਨੇ, ਡਵੀਜਨ ਨੰਬਰ 4 ਦੇ ਥਾਣੇ ਵਿਚ ਸ੍ਰੀ ਮਨੋਰੰਜਨ ਕਾਲੀਆ ਸਾਬਕਾ ਮੰਤਰੀ ਅਤੇ ਥਾਣਾ ਕੈਂਂਟ ਵਿਚ ਬਣਾਏ ਗਏ ਸਾਂਝ ਕੇਂਦਰ ਦਾ ਉਦਘਾਟਨ ਸ੍ਰੀ ਪਰਮਜੀਤ ਸਿੰਘ ਰਾਏ ਚੇਅਰਮੈਨ ਮਾਰਕਿਟ ਕਮੇਟੀ ਜਲੰਧਰ ਕੇਂਟ ਨੇ ਕੀਤਾ। ਸ੍ਰੀ ਗੌਰਵ ਯਾਦਵ ਕਮਿਸ਼ਨਰ ਜਲੰਧਰ ਪੁਲਿਸ, ਸ੍ਰੀ ਆਰ.ਕੇ.ਸ਼ਰਮਾ ਐਸ.ਪੀ.ਸਿਟੀ 1, ਸ੍ਰੀ ਯੁਰਿੰਦਰ ਸਿੰਘ ਡਿਪਟੀ ਕਮਿਸ਼ਨਰ ਪੁਲਿਸ ਅਤੇ ਸ੍ਰੀ ਗਗਨਜੀਤ ਸਿੰਘ ਏ.ਸੀ.ਪੀ. ਵੀ ਇਸ ਮੌਕੇ ਤੇ ਹਾਜਰ ਸਨ।
                        ਸ੍ਰੀ ਕੇ.ਡੀ.ਭੰਡਾਰੀ ਮੁੱਖ ਸੰਸਦੀ ਸਕੱਤਰ ਨੇ ਥਾਣਾ ਡਵੀਜ਼ਨ ਨੰਬਰ 3 ਵਿੱਚ ਸਥਾਪਿਤ ਕੀਤੇ ਗਏ ਸਾਂਝ ਕੇਂਦਰ ਦਾ ਉਦਘਾਟਨ ਕਰਨ ਉਪਰੰਤ ਦੱਸਿਆ ਕਿ ਇਸ ਸਾਂਝ ਕੇਂਦਰ ਦੇ ਸਥਾਪਿਤ ਹੋਣ ਨਾਲ ਪੰਜਾਬ ਸਰਕਾਰ ਵਲੋਂ ਬਣਾਏ ਗਏ ਸੇਵਾ ਦੇ ਅਧਿਕਾਰ ਕਾਨੂੰਨ ਨੂੰ ਇਸ ਕੇਂਦਰ ਰਾਹੀਂ ਸੁਚੱਜੇ ਢੰਗ ਨਾਲ ਲਾਗੂ ਕੀਤਾ ਜਾ ਸਕੇਗਾ। ਸ੍ਰੀ ਗੁਰਚਰਨ ਸਿੰਘ ਚੰਨੀ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਜਲੰਧਰ ਨੇ ਦੱਸਿਆ ਕਿ ਪੁਲਿਸ ਵਿਭਾਗ ਵਲੋਂ ਜਲੰਧਰ ਸ਼ਹਿਰ ਦੇ ਵੱਖ ਵੱਖ ਥਾਣਿਆ ਵਿਚ ਸਥਾਪਿਤ ਕੀਤੇ ਗਏ ਸਾਂਝ ਕੇਂਦਰਾਂ ਰਾਹੀਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨਿਰਧਾਰਿਤ ਸਮੇਂ ਵਿੱਚ ਯਕੀਨੀ ਬਣਾਉਣ ਲਈ ਇਨ੍ਹਾਂ ਕੇਂਦਰਾਂ ਵਾਸਤੇ ਪੰਜਾਬ ਸਰਕਾਰ ਵਲੋਂ ਇਸ ਸਾਲ 30 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ । ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵਿਭਾਗ ਵਲੋਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਇਕ ਹੀ ਖਿੜਕੀ ਤੋਂ ਦਿੱਤੀਆਂ ਜਾਣਗੀਆਂ ਅਤੇ ਲੋਕ ਬਿਨਾਂ ਕਿਸੇ ਦੇਰੀ ਅਤੇ ਪ੍ਰੇਸਾਨੀ ਦੇ ਅਪਣੇ ਕੰਮਾਂ ਅਤੇ ਉਨ੍ਹਾਂ ਦੇ ਨਿਪਟਾਰੇ ਸਬੰਧੀ ਸੂਚਨਾਵਾਂ ਪ੍ਰਾਪਤ ਕਰ ਸਕਣਗੇ।
           ਸ੍ਰੀ ਆਰ.ਕੇ.ਸ਼ਰਮਾਂ ਐਸ.ਪੀ.ਸਿਟੀ 1 ਨੇ ਇਸ ਮੌਕੇ ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਨ੍ਹਾਂ ਸਥਾਪਿਤ ਕੀਤੇ ਗਏ ਸਾਂਝ ਕੇਂਦਰਾਂ ਵਿੱਚ ਤਿੰਨ ਤਿੰਨ ਕਾਊਂਟਰ ਲਗਾਏ ਗਏ ਹਨ ਜਿਥੋਂ ਇਤਰਾਜ ਹੀਣ ਸਰਟੀਫਿਕੇਟ, ਅਸਲ੍ਹਾ ਲਾਇਸੰਸ , ਪਹਿਲੀ ਸੂਚਨਾ ਰਿਪੋਰਟ ਦੀ ਨਕਲ, ਅਨਟਰੇਸ ਰਿਪੋਰਟ ਦੀ ਨਕਲ,ਅਪਰਾਧ ਕੇਸਾਂ ਦੀ ਪ੍ਰਗਤੀ, ਪੈਰੋਲ ਕੇਸ,ਆਰਥਿਕ ਅਪਰਾਧ,ਟਰੈਵਲ ਏਜੰਟਾ ਵਲੋਂ ਧੋਖਾ ਦੇਹੀ ਅਤੇ ਜਾਲਸ਼ਾਜੀ ਦੇ ਕੇਸ ਨਿਪਟਾਉਣ ਤੋਂ ਇਲਾਵਾ ਸੋਭਾ ਯਾਤਰਾ ਕੱਢਣ, ਲਾਊਡ ਸਪੀਕਰ ਲਗਾਉਣ, ਆਰਕੈਸਟਰਾ ਲਗਾਉਣ ਦੀ ਪ੍ਰਵਾਨਗੀ ਦਿੱਤੀ ਜਾਵਗੀ । ਇਸੇ ਤਰ੍ਹਾਂ ਪਾਸ ਪੋਰਟ, ਕਿਰਾਏਦਾਰ,ਗੱਡੀਆਂ ਦਾ ਪੰਜੀਕਰਨ,ਨੌਕਰੀ ਅਤੇ ਚਾਲ ਚੱਲਣ ਆਦਿ ਤਸਦੀਕ ਕੀਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਾਂਝ ਕੇਂਦਰਾਂ ਤੇ ਇਕ ਵੱਖਰੇ ਕਾਊਂਟਰ ਉਪਰ ਵਿਦੇਸ਼ੀਆਂ ਦੇ ਆਉਣ ਤੇ ਜਾਣ ਦੀ ਰਜਿਸਟਰੇਸ਼ਨ , ਵਿਦੇਸ਼ੀਆਂ ਦੀ ਰਿਹਾਇਸ਼ੀ ਇਜਾਜਤ ਵਿਚ ਵਾਧਾ, ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਦੀਆਂ ਸ਼ਿਕਾਇਤਾਂ ਅਤੇ ਜਾਂਚ ਸਬੰਧੀ ਤੋਂ ਇਲਾਵਾ ਬਾਹਰਲੇ ਦੇਸ਼ਾਂ ਵਿਚ ਗੁੰਮ ਹੋਏ ਪਾਸਪੋਰਟਾਂ ਦੀ ਇਨਕੁਆਰੀ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਤੇ ਦੱਸਿਆ ਗਿਆ ਕਿ ਇਨ੍ਹਾਂ ਸਾਂਝ ਕੇਂਦਰਾਂ ਵਿਚ ਪਬਲਿਕ ਡੀਲਿੰਗ ਵਿੱਚ ਸ਼ਾਮਿਲ ਕਮਿਊਨਿਟੀ ਮੈਂਬਰਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਵੀ ਕਮਿਊਨਿਟੀ ਪੁਲਿਸ ਦੇ ਸਿਧਾਂਤ ਬਾਰੇ ਸਿਖਲਾਈ ਦਿੱਤੀ ਜਾਵੇਗੀ। ਇਸ ਤਰ੍ਹਾਂ ਇਹ ਸਾਂਝ ਕੇਂਦਰ ਤਹਿਸੀਲ ਅਤੇ ਪੁਲਿਸ ਥਾਣਾ ਪੱਧਰ ਤੇ ਪੁਲਿਸ ਨਾਲ ਨਾਗਰਿਕਾਂ ਦੇ ਜ਼ਿਆਦਾ ਸੰਪਰਕ ਬਣਾਉਣ ਲਈ ਸਹਾਈ ਹੋਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਸਾਰੇ ਸਾਂਝ ਕੇਂਦਰ ਰਜਿਸਟਰੇਸ਼ਨ ਆਫ ਸੋਸਾਇਟੀ ਐਕਟ ਅਧੀਨ ਖੁਦ ਮੁਖਤਿਆਰ ਸੁਸਾਇਟੀਆਂ ਵਜੋਂ ਰਜਿਸਟਰਡ ਹਨ ਅਤੇ ਇਨ੍ਹਾਂ ਕੇਂਦਰਾਂ ਨੂੰ ਇਕ ਵਿੱਲਖਣ ਪਹਿਚਾਣ ਦੇਣ ਲਈ ਸਾਰੇ ਕੇਂਦਰਾਂ ਨੂੰ ਇਕ ਸਾਰ ਡਿਜਾਇਨ ਕੀਤੀ ਬਿਲਡਿੰਗ ਵਿੱਚ ਸਥਾਪਿਤ ਕਰਨ ਤੋਂ ਇਲਾਵਾ ਇਕੋ ਜਿਹਾ ਫਰਨੀਚਰ ਅਤੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਗਿਆ ਹੈ।

Translate »