ਲੁਧਿਆਣਾ- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਿਹਾ ਅੰਤਰ-ਕਾਲਜ ਯੁਵਕ ਮੇਲਾ ਖੇੜੇ ਤੇ ਹੁਲਾਸ ਦੇ ਮਾਹੌਲ ਵਿੱਚ ਸੰਪੂਰਨ ਹੋ ਗਿਆ। ਲਗਭਗ ਇਕ ਹਫਤਾ ਚਲੇ ਇਸ ਮੇਲੇ ਦੇ ਸਮਾਪਨ ਸਮਾਰੋਹ ਵਿੱਚ ਡਾ. ਬਲਦੇਵ ਸਿੰਘ ਢਿੱਲੋਂ, ਉਪਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਤੌਰ ਮੁੱਖ ਮਹਿਮਾਨ ਪਧਾਰੇ, ਜਦਕਿ ਡਾ. ਵਿਜੇ ਕੁਮਾਰ ਤਨੇਜਾ ਉਪ-ਕੁਲਪਤੀ ਵੈਟਨਰੀ ਯੂਨੀਵਰਸਿਟੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਯੁਵਕ ਮੇਲਾ ੭ ਅਕਤੂਬਰ ਨੂੰ ਡਾ. ਸਤਿੰਦਰ ਪਾਲ ਸਿੰਘ ਸੰਘਾ ਨਿਰਦੇਸ਼ਕ ਵਿਦਿਆਰਥੀ ਭਲਾਈ ਦੀ ਅਗਵਾਈ ਵਿੱਚ ਸ਼ੁਰੂ ਹੋਇਆ ਸੀ। ਡਾ. ਦਰਸ਼ਨ ਸਿੰਘ ਔਲਖ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਲਗਭਗ ੩੦ ਮੁਕਾਬਲਿਆਂ ਲਈ ਵਿਦਿਆਰਥੀਆਂ ਵਿੱਚ ਜ਼ੋਰ ਅਜ਼ਮਾਇਸ਼ ਹੋਈ। ਯੂਨੀਵਰਸਿਟੀ ਵਿੱਚ ਸਥਾਪਿਤ ਤਿੰਨ ਕਾਲਜਾਂ, ਕਾਲਜ ਆਫ ਫਿਸ਼ਰੀਜ਼, ਕਾਲਜ ਆਫ ਵੈਟਨਰੀ ਸਾਇੰਸ ਅਤੇ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਤੋਂ ਇਲਾਵਾ ਸਕੂਲ ਆਫ ਐਨੀਮਲ ਬਾਇਓਟੈਕਨਾਲੋਜੀ, ਵੈਟਨਰੀ ਪਾਲੀਟੈਕਨਿਕ ਕਾਲਜ, ਕਾਲਝਰਾਣੀ (ਬਠਿੰਡਾ) ਅਤੇ ਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਉੱਘੇ ਹਾਸਰਸ ਕਲਾਕਾਰ ਮੇਹਰ ਮਿੱਤਲ ਅਤੇ ਭਜਨਾ ਅਮਲੀ (ਗੁਰਦੇਵ ਢਿੱਲੋਂ) ਨੇ ਵੀ ਆਪਣੇ ਫ਼ਨ ਦਾ ਮੁਜ਼ਾਹਰਾ ਕਰਕੇ ਦਰਸ਼ਕਾਂ ਲਈ ਹਾਸੇ ਦੀ ਛਹਿਬਰ ਲਾ ਦਿੱਤੀ। ਲਗਭਗ ੨੦੦ ਵਿਦਿਆਰਥੀਆਂ ਨੇ ਯੁਵਕ ਮੇਲੇ ਦੇ ਮੁਕਾਬਲੇ ਵਿੱਚ ਹਿੱਸਾ ਲਿਆ।ਵਿਦਿਆਰਥੀਆਂ ਨੇ ਸੰਗੀਤ, ਕੋਮਲ ਕਲਾਵਾਂ, ਨਾਟਕੀ ਕਲਾਵਾਂ, ਨਾਚ ਅਤੇ ਸਾਹਿਤਕ ਵਿਧਾਵਾਂ ਵਿੱਚ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ।