ਫਤਹਿਗੜ੍ਹ ਸਾਹਿਬ – ਜ਼ਿਲ੍ਹਾ ਪੁਲਿਸ ਮੁੱਖੀ ਸ੍ਰ: ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਮ ਲੋਕਾਂ ਦੀ ਸਹੂਲਤ ਲਈ ” ਸਾਂਝ ਪ੍ਰੋਜੈਕਟ ” ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 27 ਪੁਲਿਸ ਜ਼ਿਲ੍ਹੇ,114 ਤਹਿਸੀਲਾਂ ਅਤੇ 359 ਪੁਲਿਸ ਥਾਣਿਆਂ ਵਿੱਚ ਕਮਿਉਨਿਟੀ ਪੁਲਸਿੰਗ ਸਰੋਤ ਕੇਂਦਰਾਂ ਦੇ ਸੁਚੱਜੇ ਪ੍ਰਬੰਧ ਲਈ ਸਾਂਝ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ ਤਾਂ ਜੋ ਆਮ ਲੋਕ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਪੁਲਿਸ ਵਿਭਾਗ ਨਾਲ ਸਬੰਧਤ ਰੋਜਾਨਾਂ ਦੇ ਕੰਮ ਨਿਸਚਤ ਸਮੇਂ ਵਿੱਚ ਆਸਾਨੀ ਨਾਲ ਕਰਵਾ ਸਕਣ । ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਸਾਂਝ ਕੇਂਦਰਾਂ ਤੇ ਲੋਕਾਂ ਨੂੰ ਆਨ -ਲਾਇਨ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ ।
ਸ੍ਰ: ਖੱਟੜਾ ਨੇ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ 4 ਸਬ ਡਵੀਜਨ ਪੱਧਰ ਦੇ ‘ ਸੁਵਿਧਾ ਕੇਂਦਰ ‘ ਅਤੇ 8 ਪੁਲਿਸ ਸਟੇਸ਼ਨਾਂ ‘ਤੇ ‘ਆਊਟ ਰੀਚ ਸੈਂਟਰ ‘ ਖੋਲੇ ਗਏ ਹਨ । ਉਨ੍ਹਾਂ ਦੱਸਿਆ ਕਿ ਸੁਵਿਧਾ ਸੈਂਟਰ ਫ਼ਤਹਿਗੜ੍ਹ ਸਾਹਿਬ ਦਾ ਉਦਘਾਟਨ ਵਿਧਾਇਕ ਸਰਹਿੰਦ ਸ: ਦੀਦਾਰ ਸਿੰਘ ਭੱਟੀ ਨੇ ਕੀਤਾ । ਸੁਵਿਧਾ ਸੈਂਟਰ ਬਸੀ ਪਠਾਣਾ ਦਾ ਉਦਘਾਟਨ ਸ: ਰਣਧੀਰ ਸਿੰਘ ਚੀਮਾ ਮੈਂਬਰ ਐਸ.ਜੀ.ਪੀ.ਸੀ ਨੇ ਕੀਤਾ । ਸੁਵਿਧਾ ਸੈਂਟਰ ਖਮਾਣੋ ਦਾ ਉਦਘਾਟਨ ਬੀਬੀ ਸਤਵਿੰਦਰ ਕੌਰ ਧਾਰੀਵਾਲ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਨੇ ਅਤੇ ਸੁਵਿਧਾ ਸੈਂਟਰ ਅਮਲੋਹ ਦਾ ਉਦਘਾਟਨ ਸ: ਪ੍ਰੇਮ ਸਿੰਘ ਚੰਦੂਮਾਜਰਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦੁਆਰਾ ਕੀਤਾ ਗਿਆ। ਇਸ ਮੌਕੇ ਸ਼੍ਰੀ ਜਸਪ੍ਰੀਤ ਸਿੰਘ ਸਿੱਧੂ ਐਸ.ਪੀ (ਐਚ), ਸ਼੍ਰੀ ਗੁਰਪ੍ਰੀਤ ਸਿੰਘ ਐਸ.ਪੀ ( ਡੀ) ਅਤੇ ਸਬੰਧਤ ਡੀ.ਐਸ.ਪੀਜ਼ ਅਤੇ ਐਸ.ਐਚ.ਓਜ਼ ਤੋਂ ਇਲਾਵਾ ਇਨ੍ਹਾਂ ਸਾਂਝ ਕਮੇਟੀਆਂ ਦੇ ਮੈਂਬਰ ਅਤੇ ਪਤਵੰਤੇ ਵੀ ਹਾਜਰ ਸਨ ।
ਸ:ਖੱਟੜਾ ਨੇ ਦੱਸਿਆ ਕਿ ਇਹਨਾਂ ਸਾਂਝ ਕੇਂਦਰਾਂ ਤੇ ਲੋਕਾਂ ਨੂੰ 20 ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆ ਜਿਨ੍ਹਾਂ ਵਿੱਚ ਵਿਦੇਸ਼ੀਆਂ ਦੀ ਰਜਿਸ਼ਟਰੇਸਨ (ਆਉਣ ਤੇ ਜਾਣ ) ਲਈ ਸਬੰਧਤ ਪੁਲਿਸ ਕਮਿਸ਼ਨਰ ਜਾਂ ਐਸ.ਐਸ.ਪੀ ਵੱਲੋਂ ਮੌਕੇ ਤੇ ਹੀ ਦਿੱਤੀ ਜਾਵੇਗੀ । ਵਿਦੇਸ਼ੀਆਂ ਦੇ ਰਿਹਾਇਸ਼ੀ ਪਰਮਟ ਵਿੱਚ ਵਾਧਾ ਪੰਜ ਦਿਨਾਂ ਦੌਰਾਨ ਐਸ.ਐਸ.ਪੀ ਵੱਲੋਂ ਕੀਤਾ ਜਾਵੇਗਾ । ਸਬੰਧਤ ਐਸ.ਐਚ.ਓ ਜਾਂ ਸੁਵਿਧਾ ਕੇਂਦਰ ਦੇ ਇੰਚਾਰਜ ਵੱਲੋਂ ਡੀ.ਡੀ.ਆਰ ਅਤੇ ਐਫ . ਆਈ .ਆਰ. ਦੀ ਕਾਪੀ ਤੁਰੰਤ ਮੋਕੇ ਤੇ ਜਾਂ ਆਨ -ਲਾਈਨ ਦਿੱਤੀ ਜਾਵੇਗੀ । ਲਾਉਡ ਸਪੀਕਰ ਦੀ ਮਨਜੂਰੀ ਪੰਜ ਦਿਨਾਂ ਵਿੱਚ, ਮੇਲਿਆਂ ,ਪ੍ਰਦਰਸ਼ਨੀਆਂ, ਸਮਾਗਮਾਂ ਦੀ ਮਨਜੂਰੀ ਪੰਜ ਦਿਨਾਂ ਵਿੱਚ, ਅਜਨਬੀਆਂ ਦੇ ਚਾਲ ਚਲਣ ਦੀ ਤਸਦੀਕ ਪੰਜ ਦਿਨਾਂ ਵਿੱਚ, ਕਿਰਾਏਦਾਰ ਅਤੇ ਨੌਕਰਾਂ ਦੇ ਚਾਲ ਚਲਣ ਦੀ ਤਸਦੀਕ ਪੰਜ ਦਿਨਾਂ ਵਿੱਚ, ਨੌਕਰੀ ਨਾਲ ਸਬੰਧਤ ਤਸਦੀਕੀਕਰਣ 30 ਦਿਨਾਂ ਵਿੱਚ, ਸੜਕ ਹਾਦਸਿਆਂ ਵਿੱਚ ਨਾ ਲੱਭਣ ਸਬੰਧੀ ਰਿਪੋਰਟ ਦੀ ਕਾਪੀ 45 ਦਿਨਾਂ ਵਿੱਚ, ਚੋਰੀ ਦੇ ਵਾਹਨਾਂ ਦੇ ਮਾਮਲਿਆਂ ‘ਚ ਨਾ ਲੱਭਣ ਦੀ ਰਿਪੋਰਟ 45 ਦਿਨਾਂ ਵਿੱਚ, ਪੁਰਾਣੇ ਵਾਹਨਾਂ ਦੀ ਐਨ.ਓ.ਸੀ ਪੰਜ ਦਿਨਾਂ ਵਿੱਚ, ਚਾਲ ਚਲਣ ਤਸਦੀਕ 10 ਦਿਨਾਂ ਵਿੱਚ, ਅਸਲਾ ਲਾਇਸੰਸ ਨਵਿਆਉਣ ਲਈ ਤਸਦੀਕੀਕਰਣ 15 ਦਿਨਾਂ ਵਿੱਚ, ਪਾਸਪੋਰਟ ਲਈ ਤਸਦੀਕੀ ਕਰਨ 21 ਦਿਨਾਂ ਵਿੱਚ ਅਤੇ ਨਵੇਂ ਅਸਲਾ ਲਾਇਸੰਸ ਲਈ ਤਸਦੀਕੀਕਰਨ 30 ਦਿਨਾਂ ਵਿੱਚ ਕਰਨਾ ਲਾਜਮੀ ਹੋਵੇਗਾ ।
ਐਸ.ਐਸ.ਪੀ ਨੇ ਦੱਸਿਆ ਕਿ ਜੇਕਰ ਆਮ ਨਾਗਰਿਕਾਂ ਨੂੰ ਨਿਸਚਿਤ ਸਮੇਂ ਵਿੱਚ ਇਹ ਸੇਵਾਵਾਂ ਨਹੀਂ ਮਿਲਦੀਆਂ ਤਾਂ ਉਹ ਪਹਿਲੀ ਅਪੀਲ ਪੁਲਿਸ ਰੇਂਜ਼ ਦੇ ਡੀ.ਆਈ.ਜੀ., ਡੀ.ਐਸ.ਪੀ., ਐਸ.ਪੀ. ਕੋਲ ਕਰ ਸਕਦਾ ਹੈ। ਜੇਕਰ ਉਸ ਨੂੰ ਫਿਰ ਵੀ ਇਹ ਸੇਵਾਵਾਂ ਨਹੀਂ ਮਿਲਦੀਆਂ ਤਾਂ ਉਹ ਦੂਜੀ ਅਪੀਲ ਸਬੰਧਤ ਪੁਲਿਸ ਜੋਨ ਦੇ ਆਈ.ਜੀ. ਅਤੇ ਕੁਝ ਸੇਵਾਵਾਂ ਲਈ ਪੁਲਿਸ ਕਮਿਸ਼ਨਰ ਜਾਂ ਐਸ.ਐਸ.ਪੀ. ਕੋਲ ਕਰ ਸਕਦਾ ਹੈ।