ਲੁਧਿਆਣਾ – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫਿਸ਼ਰੀਜ਼ ਕਾਲਜ ਵਿਖੇ ‘ਤਾਜ਼ੇ ਪਾਣੀ ਵਿੱਚ ਝੀਂਗਾ ਮੱਛੀ ਉਤਪਾਦਨ ਲਈ ਮੁਹਾਰਤ ਵਿਕਾਸ’ ਸਿਖਲਾਈ ਕੈਂਪ ਲਾਇਆ ਗਿਆ। ਇਸ ਦੋ ਰੋਜਾ ਸਿਖਲਾਈ ਕੋਰਸ ਵਿੱਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ 22 ਕਿਸਾਨਾਂ ਨੇ ਹਿੱਸਾ ਲਿਆ।
ਭਾਰਤ ਵਿੱਚ ਬੜੇ ਲੰਮੇ ਸਮੇਂ ਤੋਂ ਪਾਣੀ ਵਿੱਚ ਪਾਲੇ ਜਾਣ ਵਾਲੇ ਮੱਛੀ ਆਦਿ ਵਰਗੇ ਜੀਵਾਂ ਨੂੰ ਨਵੀਆਂ ਤਕਨੀਕਾਂ ਅਤੇ ਖੋਜਾਂ ਰਾਹੀਂ ਵਪਾਰਕ ਤੌਰ ਤੇ ਇਕ ਮੁਨਾਫੇ ਵਾਲੇ ਕਿੱਤੇ ਵਜੋਂ ਤਿਆਰ ਕਰ ਲਿਆ ਗਿਆ ਹੈ। ਤਾਜ਼ੇ ਪਾਣੀ ਦਾ ਝੀਂਗਾ ਵੀ ਇਸ ਵਕਤ ਘਰੈਲੂ ਤੇ ਅੰਤਰ-ਰਾਸ਼ਟਰੀ ਮੰਡੀ ਵਿੱਚ ਭੋਜਨ ਅਤੇ ਸਜਾਵਟੀ ਜੀਵ ਦੇ ਤੌਰ ਤੇ ਬਹੁਤ ਤੇਜ਼ੀ ਨਾਲ ਮਕਬੂਲ ਹੋਇਆ ਹੈ। ਡਾ. ਆਸ਼ਾ ਧਵਨ, ਡੀਨ ਫਿਸ਼ਰੀਜ਼ ਕਾਲਜ ਨੇ ਕਿਹਾ ਕਿ ਪੰਜਾਬ ਵਿੱਚ ਝੀਂਗਾ ਮੱਛੀ ਦਾ ਉਤਪਾਦਨ ਇਸ ਦੇ ਬੱਚ, ਖੁਰਾਕ, ਮੰਡੀਕਾਰੀ ਦੀ ਅਣਹੋਂਦ ਅਤੇ ਇਸ ਦਾ ਸਾਲ ਵਿੱਚ ਸਿਰਫ ਸੱਤ ਕੁ ਮਹੀਨੇ ਉਤਪਾਦਨ (ਅਪ੍ਰੈਲ ਤੋਂ ਅਕਤੂਬਰ) ਵਰਗੀਆਂ ਸਮੱਸਿਆਵਾਂ ਕਰਕੇ ਬਹੁਤਾ ਹਰਮਨ ਪਿਆਰਾ ਨਹੀ ਸੀ ਹੋ ਸਕਿਆ। ਹੁਣ ਵੈਟਨਰੀ ਯੂਨੀਵਰਸਿਟੀ ਦਾ ਫਿਸ਼ਰੀਜ ਕਾਲਜ ਇਨ੍ਹਾਂ ਮੁਸ਼ਕਿਲਾਂ ਦੇ ਹੱਲ ਵਾਸਤੇ ਕਈ ਨਵੇਂ ਤੇ ਖੋਜੀ ਉਪਰਾਲੇ ਕਰ ਰਿਹਾ ਹੈ ਜਿਸ ਨਾਲ ਕਈ ਹਾਂ ਪੱਖੀ ਨਤੀਜੇ ਆਉਣ ਦੀ ਸੰਭਾਵਨਾ ਹੈ। ਇਨ੍ਹਾਂ ਕਾਰਣਾਂ ਕਰਕੇ ਕਿਸਾਨ ਇਸ ਦੇ ਉਤਪਾਦਨ ਵਿੱਚ ਕਾਫੀ ਰੂਚਿਤ ਹੋ ਰਹੇ ਹਨ।
ਡਾ. ਅਖਿਲ ਗੁਪਤਾ ਸਹਾਇਕ ਪ੍ਰੋਫੈਸਰ ਅਤੇ ਕੋਰਸ ਦੇ ਸੰਯੋਜਕ ਨੇ ਦੱਸਿਆ ਕਿ ਸਿਖਲਾਈ ਦੌਰਾਨ ਝੀਂਗਾ ਦੇ ਬੱਚ ਦੀ ਸੰਭਾਲ, ਬਿਹਤਰ ਖੁਰਾਕੀ ਪ੍ਰਬੰਧ ਅਤੇ ਸੁਚੱਜੇ ਪ੍ਰਬੰਧਨ ਸਬੰਧੀ ਜਾਣਕਾਰੀਆਂ ਸਿੱਖਿਆਰਥੀਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਜਿਸ ਨਾਲ ਕਿ ਝੀਂਗਾ ਦਾ ਉਤਪਾਦਨ ਵਧਾਇਆ ਜਾ ਸਕੇ। ਉਨ੍ਹਾਂ ਨੇ ਖਰਚੇ ਘਟਾਉਣ ਲਈ ਵਧੀਆ ਕਿਸਮ ਦੀ ਘੱਟ ਲਾਗਤ ਨਾਲ ਤਿਆਰ ਹੋਣ ਵਾਲੀ ਖੁਰਾਕ ਦੇ ਬਾਰੇ ਵੀ ਚਾਨਣਾ ਪਾਇਆ।
ਸਫਲ ਮੱਛੀ ਪਾਲਕ ਸੁਲਤਾਨ ਸਿੰਘ ਜੋ ਕਿ ਹਰਿਆਣਾ ਤੋਂ ਆਏ ਸਨ ਅਤੇ ਆਪਣੇ ਮੱਛੀ ਪ੍ਰਾਸੈਸਿੰਗ ਪਲਾਂਟ ਚਲਾ ਰਹੇ ਹਨ ਨੇ ਸਿੱਖਿਆਰਥੀਆਂ ਨੂੰ ਸੀਮਿਤ ਸਾਧਨਾਂ ਨਾਲ ਵੱਧ ਮੁਨਾਫਾ ਕਮਾਉਣ ਦੇ ਕਈ ਗੁਰ ਦੱਸੇ।
ਸਿੱਖਿਆਰਥੀਆਂ ਤੋਂ ਉਨ੍ਹਾਂ ਦੇ ਵਿਚਾਰ ਜਾਣ ਕੇ ਦਰਜ਼ ਕੀਤੇ ਗਏ ਤਾਂ ਜੋ ਆਉਣ ਵਾਲੇ ਸਿਖਲਾਈ ਕੋਰਸਾਂ ਵਿੱਚ ਉਨ੍ਹਾਂ ਦੀ ਵਰਤੋਂ ਕਰਕੇ ਸਿਖਲਾਈ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਸਿੱਖਿਆਰਥੀ ਕਰਵਾਏ ਗਏ ਇਸ ਸਿਖਲਾਈ ਕੋਰਸ ਤੋਂ ਸੰਤੁਸ਼ਟ ਸਨ ਅਤੇ ਉਨ੍ਹਾਂ ਵਿਚਾਰ ਪ੍ਰਗਟਾਇਆ ਕਿ ਆਉਂਦੇ ਵਕਤ ਵਿੱਚ ਇਹ ਸਿਖਲਾਈ ਕੋਰਸ ਛੇਤੀ ਅਤੇ ਜ਼ਿਆਦਾ ਵਕਤ ਦੇ ਲਗਾਏ ਜਾਣ।