ਚੰਡੀਗੜ੍ਹ – ਇਥੇ ਪੰਜਾਬ ਦੇ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਸੇਵਾ ਸਿੰਘ ਸੇਖਵਾਂ ਦੀ ਪ੍ਰਧਾਨਗੀ ਹੇਠ ਹੋਈ ਭਾਸ਼ਾ ਵਿਭਾਗ ਦੀ ਰਾਜ ਸਲਾਹਕਾਰ ਬੋਰਡ ਦੀ ਮੀਟਿੰਗ ਵਿੱਚ ਸਾਲ 2010 ਅਤੇ ਸਾਲ 2011 ਲਈ ਸਾਹਿਤਕਾਰਾਂ/ ਕਲਾਕਾਰਾਂ ਲਈ ਪੰਜਾਬੀ ਸਾਹਿਤ ਰਤਨ/ਸ਼੍ਰੋਮਣੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸੇਖਵਾਂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸਾਲ 2010 ਅਤੇ ਸਾਲ 2011 ਲਈ ਵੱਖ ਵੱਖ 15 ਵਰਗਾਂ ਵਿੱਚ ਪੁਰਸਕਾਰਾਂ ਦਾ ਫੈਸਲਾ ਕਰਨ ਤੋਂ ਇਲਾਵਾ 3 ਵਿਸ਼ੇਸ ਸਨਮਾਨ ਵੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਵਉੱਚ ਪੁਰਸਕਾਰ ਪੰਜਾਬੀ ਸਾਹਿਤ ਰਤਨ ਲਈ ਕ੍ਰਮਵਾਰ ਡਾ. ਮਹਿੰਦਰ ਕੌਰ ਗਿੱਲ ਅਤੇ ਪ੍ਰੇਮ ਪ੍ਰਕਾਸ਼ ਖੰਨਵੀ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਲਈ ਡਾ. ਤੇਜਵੰਤ ਮਾਨ ਅਤੇ ਸ਼੍ਰੀ ਸੁਰਜੀਤ ਹਾਂਸ, ਸ਼੍ਰੋਮਣੀ ਹਿੰਦੀ ਸਾਹਿਤਕਾਰ ਪੁਰਸਕਾਰ ਲਈ ਸ਼੍ਰੀ ਗੁਰਬਚਨ ਸਿੰਘ ਅਤੇ ਸ਼੍ਰੀ ਕ੍ਰਿਸ਼ਨ ਕੁਮਾਰ ਰੱਤੂ, ਸ਼੍ਰੋਮਣੀ ਉਰਦੂ ਸਾਹਿਤਕਾਰ ਪੁਰਸਕਾਰ ਲਈ ਸਰਦਾਰ ਅੰਜੁਮ ਅਤੇ ਡਾ. ਰੂਬੀਨਾ ਸ਼ਬਨਮ, ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਪੁਰਸਕਾਰ ਲਈ ਸ਼੍ਰੀ ਸ਼ਿਵ ਪ੍ਰਸ਼ਾਦ ਭਾਰਦਵਾਜ਼ ਅਤੇ ਡਾ. ਮਹੇਸ਼ ਚੰਦਰ ਸ਼ਰਮਾ ਗੌਤਮ, ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਸ਼੍ਰੀ ਸੁਰਿੰਦਰ ਗਿੱਲ ਅਤੇ ਸ਼੍ਰੀ ਸੁਰਜੀਤ ਜੱਜ, ਸ਼੍ਰੋਮਣੀ ਪੰਜਾਬੀ ਆਲੋਚਕ ਪੁਰਸਕਾਰ ਲਈ ਸ਼੍ਰੀ ਹਰਭਜਨ ਸਿੰਘ ਭਾਟੀਆ ਅਤੇ ਸ਼੍ਰੋਮਣੀ ਗਿਆਨ ਸਾਹਿਤਕਾਰ ਪੁਰਸਕਾਰ ਸ਼੍ਰੀ ਸਰੂਪ ਸਿੰਘ ਅਲੱਗ, ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਵਿਦੇਸ਼ੀ) ਪੁਰਸਕਾਰ ਲਈ ਵੀਨਾ ਵਰਮਾ ਅਤੇ ਸ਼੍ਰੀ ਜਰਨੈਲ ਸਿੰਘ ਟੋਰਾਂਟੋ, ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਪੰਜਾਬੋਂ ਬਾਹਰ) ਸ਼੍ਰੀ ਦਰਸ਼ਨ ਸਿੰਘ ਭਾਊ ਅਤੇ ਸ਼੍ਰੀ ਹਰਭਜਨ ਸਿੰਘ ਕੋਮਲ, ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ ਲਈ ਸ਼੍ਰੀ ਸੁਖਦੇਵ ਸਿੰਘ ਗਰੇਵਾਲ ਅਤੇ ਸ਼੍ਰੀ ਕਮਲਜੀਤ ਨੀਲੋਂ, ਸ਼੍ਰੋਮਣੀ ਪੰਜਾਬੀ ਪੱਤਰਕਾਰ ਪੁਰਸਕਾਰ ਲਈ ਸ਼੍ਰੀ ਹੁਕਮ ਚੰਦ ਸ਼ਰਮਾ ਅਤੇ ਸ਼੍ਰੀ ਕਮਲਜੀਤ ਸਿੰਘ ਬਨਵੈਤ, ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਪੁਰਸਕਾਰ ਲਈ ਸ਼੍ਰੀ ਗੁਰਵਿੰਦਰ ਸਿੰਘ ਧਾਲੀਵਾਲ ਅਤੇ ਸ਼੍ਰੀ ਜਗਦੀਸ਼ ਸਿੰਘ ਵਰਿਆਮ , ਸ਼੍ਰੋਮਣੀ ਰਾਗੀ/ਢਾਡੀ/ਕਵੀਸ਼ਰ ਪੁਰਸਕਾਰ ਲਈ ਕਵੀਸ਼ਰ ਜੋਗਾ ਸਿੰਘ ਜੋਗੀ ਅਤੇ ਨਿਰਮਲ ਸਿੰਘ ਖਾਲਸਾ, ਸ਼੍ਰੋਮਣੀ ਪੰਜਾਬੀ ਟੈਲੀਵਿਜ਼ਨ/ਰੇਡੀਓ/ਥੀਏਟਰ ਪੁਰਸਕਾਰ ਲਈ ਸ਼੍ਰੀਮਤੀ ਜਤਿੰਦਰ ਕੌਰ ਅਤੇ ਸ਼੍ਰੀ ਕੇਸਰ ਸਿੰਘ (ਫਿਲਮਸਾਜ਼), ਸ਼੍ਰੋਮਣੀ ਪੰਜਾਬੀ ਗਾਇਕ/ਸੰਗੀਤਕਾਰ ਪੁਰਸਕਾਰ ਲਈ ਸ਼੍ਰੀ ਅਮਰਜੀਤ ਗੁਰਦਾਸਪੁਰੀ ਅਤੇ ਸ਼੍ਰੀ ਕੁਲਦੀਪ ਮਾਣਕ ਕ੍ਰਮਵਾਰ ਸਾਲ 2010 ਅਤੇ ਸਾਲ 2011 ਦੇ ਪੁਰਸਕਾਰਾਂ ਲਈ ਚੁਣੇ ਗਏ ਹਨ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬੀ ਸਾਹਿਤ ਰਤਨ ਲਈ ਪੰਜ-ਪੰਜ ਲੱਖ ਰੁਪਏ, ਸ਼ਾਲ, ਮੈਡਲ ਅਤੇ ਪਲੇਕ ਜਦੋਂ ਕਿ ਸ਼੍ਰੋਮਣੀ ਪੁਰਸਕਾਰਾਂ ਲਈ ਢਾਈ-ਢਾਈ ਲੱਖ ਰੁਪਏ, ਸ਼ਾਲ, ਮੈਡਲ ਅਤੇ ਪਲੇਕ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰੋਤਸ਼ਾਹਨ ਵਿੱਚ ਨਿਵੇਕਲੇ ਯੋਗਦਾਨ ਲਈ ਸ਼੍ਰੀ ਕ੍ਰਿਪਾਲ ਸਿੰਘ ਬਡੂੰਗਰ ਅਤੇ ਸ਼੍ਰੀ ਹਰਵਿੰਦਰ ਸਿੰਘ ਖਾਲਸਾ ਨੂੰ ਕ੍ਰਮਵਾਰ ਡੇਢ-ਡੇਢ ਲੱਖ ਰੁਪਏ ਅਤੇ ਸ਼੍ਰੀ ਗੁਲਜ਼ਾਰ ਸਿੰਘ ਸ਼ੌਂਕੀ ਨੂੰ ਇਕ ਲੱਖ ਰੁਪਏ ਵਿਸ਼ੇਸ਼ ਸਨਮਾਨ ਵਜੋਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਛੇਤੀ ਹੀ ਇਕ ਵਿਸ਼ੇਸ ਸਮਾਗਮ ਦਾ ਆਯੋਜਨ ਕਰਕੇ ਇਨ੍ਹਾਂ ਪੁਰਸਕਾਰਾਂ ਦੀ ਵੰਡ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਸੇਖਵਾਂ ਨੇ ਸਮੂਹ ਸਾਹਿਤਕਾਰਾਂ ਦਾ ਸਵਾਗਤ ਕਰਦਿਆਂ ਪੂਰਨ ਭਰੋਸਾ ਪ੍ਰਗਟਾਇਆ ਕਿ ਉਹ ਭਵਿੱਖ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਉਂਦੇ ਰਹਿਣਗੇ।
ਮੀਟਿੰਗ ਵਿੱਚ ਡਾ. ਰੋਸ਼ਨ ਸੰਕਾਰੀਆ ਸਕੱਤਰ/ਉਚੇਰੀ ਸਿੱਖਿਆ ਅਤੇ ਭਾਸ਼ਾ, ਡਾ. ਬਲਬੀਰ ਕੌਰ ਡਾਇਰੈਕਟਰ ਭਾਸ਼ਾ Îਵਿਭਾਗ ਤੋਂ ਇਲਾਵਾ ਵੱਖ-ਵੱਖ ਸਾਹਿਤ ਅਕਾਦਮੀਆਂ ਦੇ ਅਹੁਦੇਦਾਰਾਂ ਅਤੇ ਬੋਰਡ ਦੇ ਮੈਂਬਰ ਸਾਹਿਤਕਾਰਾਂ, ਪੱਤਰਕਾਰਾਂ ਅਤੇ ਵਿਦਵਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।