ਪਟਿਆਲਾ- ” ਚੋਣ ਕਮਿਸ਼ਨ ਭਾਰਤ ਸਰਕਾਰ ਵੱਲੋਂ ਫੋਟੋ ਵੋਟਰ ਸੂਚੀਆਂ ਵਿੱਚ ਨਾਮ ਦਰਜ ਕਰਵਾਉਣ ਸਬੰਧੀ ਦਾਅਵੇ ਅਤੇ ਕਿਸੇ ਗਲਤ ਇੰਦਰਾਜ ਨੂੰ ਠੀਕ ਕਰਵਾਉਣ ਜਾਂ ਰਿਹਾਇਸ਼ ਛੱਡ ਚੁੱਕੇ ਜਾਂ ਮਰ ਚੁੱਕੇ ਵੋਟਰਾਂ ਦੇ ਨਾਂਵਾਂ ਦੀ ਕਟੌਤੀ ਸਬੰਧੀ ਇਤਰਾਜ ਫਾਰਮ ਭਰ ਕੇ ਦੇਣ ਦੀ ਅੰਤਿਮ ਤਾਰੀਖ ਵਿੱਚ 24 ਅਕਤੂਬਰ ਤੱਕ ਦਾ ਵਾਧਾ ਕੀਤਾ ਗਿਆ ਹੈ । ਜਿਹੜੇ ਵਿਅਕਤੀ ਹਾਲੇ ਤੱਕ ਆਪਣੇ ਦਾਅਵੇ/ਇਤਰਾਜ ਪੇਸ਼ ਨਹੀਂ ਕਰ ਸਕੇ ਉਹ ਬੂਥ ਲੈਵਲ ਅਧਿਕਾਰੀਆਂ ਦੇ ਕੋਲ ਆਪਣੇ ਦਾਅਵੇ/ਇਤਰਾਜ ਪੇਸ਼ ਕਰ ਸਕਦੇ ਹਨ । ” ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਕਿਹਾ ਕਿ ਕੋਈ ਵੀ ਵਿਅਕਤੀ ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ੍ਹ ਦੀ ਵੈਬਸਾਈਟ www.ceopunjab.nic.in ‘ਤੇ ਕਿਸੇ ਵੀ ਹਲਕੇ ਦੇ ਕਿਸੇ ਵੀ ਭਾਗ ਦੀ ਵੋਟਰ ਸੂਚੀ ਦੇਖ ਸਕਦਾ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਾਫ ਸੁਥਰੀਆਂ ਤੇ ਗਲਤੀ ਰਹਿਤ ਵੋਟਰ ਸੂਚੀਆਂ ਤਿਆਰ ਕਰਨ ਵਿੱਚ ਆਪਣਾ ਸਹਿਯੋਗ ਦੇਣ । ਉਨ੍ਹਾਂ ਕਿਹਾ ਕਿ 1 ਜਨਵਰੀ 2012 ਨੂੰ ਜਿਹੜਾ ਵਿਅਕਤੀ 18 ਸਾਲ ਜਾਂ ਇਸ ਤੋਂ ਵੱਧ ਉਮਰ ਹੋਣ ਦੀ ਯੋਗਤਾ ਰੱਖਦਾ ਹੈ ਉਹ ਫਾਰਮ ਨੰਬਰ 6 ਦੇ ਨਾਲ ਆਪਣੀ ਫੋਟੋ ਲਗਾ ਕੇ ਅਤੇ ਉਮਰ ਤੇ ਰਿਹਾਇਸ਼ ਸਬੰਧੀ ਸਬੂਤ ਦੇ ਆਪਣਾ ਦਾਅਵਾ ਪੇਸ਼ ਕਰ ਸਕਦਾ ਹੈ ।