ਬਠਿੰਡਾ -”ਬਠਿੰਡਾ ਵਿਖੇ 1 ਨਵੰਬਰ, 2011 ਨੂੰ ਹੋਣ ਵਾਲਾ ਦੂਜੇ ਵਿਸ਼ਵ ਕਬੱਡੀ ਕੱਪ ਦਾ ਉਦਘਾਟਨੀ ਸਮਾਰੋਹ ਅੰਤਰਰਾਸ਼ਟਰੀ ਪੱਧਰ ਦਾ ਅਤੇ ਵਿਲੱਖਣ ਹੋਵੇਗਾ।” ਇਹ ਵਿਚਾਰ ਅੱਜ ਇਥੇ ਖੇਡ ਸਟੇਡੀਅਮ ਵਿਖੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਹ ਇਥੇ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਸਨ।
ਉਪ-ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਬਣ ਰਹੇ ਸਟੇਡੀਅਮ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਹ 24-25 ਅਕਤੂਬਰ ਤੱਕ ਬਿਲਕੁਲ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ਕਬੱਡੀ ਕੱਪ ਦਾ ਉਦਘਾਟਨੀ ਸਮਾਰੋਹ ਐਨਾ ਵਧੀਆ ਹੋਵੇਗਾ ਕਿ ਦੁਨੀਆ ਯਾਦ ਰੱਖੇਗੀ ਅਤੇ ਪੂਰੇ 20 ਦਿਨ ਦੁਨੀਆ ਦੇ ਕੋਨੇ-ਕੋਨੇ ‘ਚ ਬੈਠੇ ਕਬੱਡੀ ਪ੍ਰੇਮੀ ਇਸ ਮਹਾਕੁੰਭ ਦਾ ਨਜ਼ਾਰਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਆਯੋਜਨ ਨਾਲ ਪੰਜਾਬ ਦਾ ਨਾਂਅ ਵਿਸ਼ਵ ਪੱਧਰ ‘ਤੇ ਚਮਕੇਗਾ। ਸ: ਬਾਦਲ ਨੇ ਕਿਹਾ ਕਿ ਉਦਘਾਟਨੀ ਸਮਾਰੋਹ ਦੌਰਾਨ ਹੋਣ ਵਾਲਾ ਸੱਭਿਆਚਾਰਕ ਪ੍ਰੋਗਰਾਮ ਅਜਿਹਾ ਹੋਵੇਗਾ ਜਿਸ ਤਰ੍ਹਾਂ ਦਾ ਭਾਰਤ ਵਿਚ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਪੁਰਸ਼ ਵਰਗ ‘ਚ 14 ਮੁਲਕਾਂ ਦੀਆਂ ਅਤੇ ਮਹਿਲਾ ਵਰਗ ‘ਚ 4 ਮੁਲਕਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮਾਰੋਹ ਦਾ ਕੁੱਲ ਬਜਟ 15 ਕਰੋੜ ਦਾ ਹੈ ਜਿਹੜਾ ਕਿ ਸਪਾਂਸਰਡ ਹੋਵੇਗਾ ਜਦਕਿ ਇਨਾਮੀ ਰਾਸ਼ੀ 6 ਕਰੋੜ ਦੇ ਕਰੀਬ ਹੋਵੇਗੀ ਜੋ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ। ਸ: ਬਾਦਲ ਨੇ ਕਿਹਾ ਕਿ ਇਸ ਆਯੋਜਨ ਨਾਲ ਪੰਜਾਬ ਦੇ ਨੌਜਵਾਨ ਖੇਡਾਂ ਵੱਲ ਉਤਸ਼ਾਹਿਤ ਹੋਣਗੇ।
ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਕਬੱਡੀ ਕੱਪ ਦੀ ਸਫ਼ਲਤਾ ਲਈ ਸਹਿਯੋਗ ਦੇਣ ਤਾਂ ਜੋ ਇਸ ਨੂੰ ਇਤਿਹਾਸਕ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ 18 ਨਵੰਬਰ ਨੂੰ ਸੈਮੀਫਾਈਨਲ ਮੈਚ ਵੀ ਬਠਿੰਡਾ ਵਿਖੇ ਹੋਵੇਗਾ। ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਵਿਸ਼ਵ ਕੱਪ ਦੌਰਾਨ ਡੋਪ ਟੈਸਟਿੰਗ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ ਅਤੇ ਹਰੇਕ ਟੀਮ ਦਾ ਡੋਪ ਟੈਸਟ ਹੋਵੇਗਾ। ਉਨ੍ਹਾਂ ਦੱਸਿਆ ਕਿ ਬਠਿੰਡਾ ‘ਚ ਜਲਦ ਹੀ ਹਾਕੀ ਦਾ ਸਟੇਡੀਅਮ ਤਿਆਰ ਹੋ ਰਿਹਾ ਹੈ ਜਿਥੇ ਅੰਤਰਰਾਸ਼ਟਰੀ ਮੈਚ ਖੇਡੇ ਜਾਇਆ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੇਵਲ ਇਕੋ ਏਜੰਡਾ ਪੰਜਾਬ ਦਾ ਵਿਕਾਸ ਹੈ ਅਤੇ ਉਹ ਇਸਦੇ ਲਈ ਪੂਰਾ ਜ਼ੋਰ ਲਗਾ ਰਹੇ ਹਨ। ਉਨ੍ਹਾਂ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਕਿਸਾਨ-ਵਿਰੋਧੀ ਹੈ ਅਤੇ ਖਾਦਾਂ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧੇ ਨੇ ਉਸ ਦਾ ਕਿਸਾਨ-ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਹਿੱਤਾਂ ਦੀ ਰਾਖੀ ਕਰਨ ਦੀ ਥਾਂ ਕੁਝ ਵਪਾਰਕ ਘਰਾਣਿਆਂ ਨੂੰ ਲਾਭ ਦੇ ਰਹੀ ਹੈ।
ਉਨ੍ਹਾਂ ਨੇ ਸਟੇਡੀਅਮ ਦੀ ਤਿਆਰੀ ਦਾ ਵੀ ਜਾਇਜ਼ਾ ਲਿਆ ਅਤੇ ਬਾਅਦ ਵਿਚ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨਾਲ ਵਿਸ਼ਵ ਕਬੱਡੀ ਕੱਪ ਸਬੰਧੀ ਮੀਟਿੰਗ ਵੀ ਕੀਤੀ। ਇਸ ਮੌਕੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ: ਸਿਕੰਦਰ ਸਿੰਘ ਮਲੂਕਾ, ਪੰਜਾਬ ਦੇ ਖੇਡ ਨਿਰਦੇਸ਼ਕ ਸ: ਪਰਗਟ ਸਿੰਘ, ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਕਮਲ ਕਿਸ਼ੋਰ ਯਾਦਵ, ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਡਾ. ਐਸ ਕਰੁਣਾ ਰਾਜੂ, ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਆਈ ਜੀ ਬਠਿੰਡਾ ਰੇਂਜ ਸ੍ਰੀ ਨਿਰਮਲ ਸਿੰਘ ਢਿੱਲੋਂ, ਡੀ ਆਈ ਜੀ ਸ੍ਰੀ ਪਰਮਜੀਤ ਸਿੰਘ ਗਰੇਵਾਲ, ਐਸ ਐਸ ਪੀ ਬਠਿੰਡਾ ਡਾ. ਸੁਖਚੈਨ ਸਿੰਘ ਗਿੱਲ, ਮੇਅਰ ਸ੍ਰੀ ਬਲਜੀਤ ਸਿੰਘ ਬੀੜ ਬਹਿਮਣ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਉਚ ਅਧਿਕਾਰੀ ਹਾਜ਼ਰ ਸਨ।