October 20, 2011 admin

ਜ਼ਿਲ੍ਹਾ ਮੈਜਿਸਟਰੇਟ ਨੇ ਦਿਵਾਲੀ ਮੌਕੇ ਬਜ਼ਾਰਾਂ ਵਿੱਚ ਪਟਾਖੇ ਵੇਚਣ `ਤੇ ਲਗਾਈ ਪਾਬੰਧੀ, ਪਟਾਖੇ ਵੇਚਣ ਲਈ ਥਾਂ ਨਿਰਧਾਰਤ ਕੀਤੀ

ਬਰਨਾਲਾ, 19 ਅਕਤੂਬਰ- ਦਿਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਕੋਈ ਅਣਸੁਖਾਵੀਂ ਘਟਨਾਂ ਵਾਪਰਨ ਤੋਂ ਰੋਕਣ ਲਈ ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ੍ਰੀ ਪਰਮਜੀਤ ਸਿੰਘ ਵੱਲੋਂ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਬਰਨਾਲਾ ਦੇ ਆਮ ਬਜ਼ਾਰਾਂ ਵਿੱਚ ਕਿਸੇ ਕਿਸਮ ਦੀ ਉੱਚੀ ਅਵਾਜ਼ ਵਾਲੇ ਪਟਾਖੇ, ਆਤਸ਼ਬਾਜੀ ਆਦਿ ਸਮੱਗਰੀ ਨੂੰ ਬਣਾਉਣ, ਖਰੀਦਣ ਅਤੇ ਵੇਚਣ ਤੇ ਪਾਬੰਧੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਵਿਦਿਅਕ ਸੰਸਥਾਵਾਂ ਅਤੇ ਹਸਪਤਾਲਾਂ ਦੇ ਨਜਦੀਕ ਹਰ ਸਮੇਂ ਅਤੇ ਆਮ ਥਾਵਾਂ `ਤੇ ਰਾਤ 10 ਵਜੇ ਤੋਂ ਸਵੇਰ 6 ਵਜੇ ਤੱਕ ਪਟਾਖੇ ਚਲਾਉਣ ਦੀ ਪੂਰਨ ਪਾਬੰਦੀ ਹੋਵੇਗੀ।
ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟਰੇਟ ਨੇ ਦਿਵਾਲੀ ਮੌਕੇ ਜ਼ਿਲ੍ਹਾ ਬਰਨਾਲਾ ਵਿੱਚ ਛੋਟੇ ਪਟਾਖਿਆਂ ਨੂੰ ਵੇਚਣ ਲਈ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ, ਦੁਸ਼ਿਹਰਾ ਗਰਾਉਂਡ 16 ਏਕੜ ਬਰਨਾਲਾ, ਦੁਸ਼ਿਹਰਾ ਗਰਾਉਂਡ 22 ਏਕੜ ਬਰਨਾਲਾ, ਗੁਰਦੁਆਰਾ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਅਤੇ ਤਪਾ ਵਾਸਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਘੁੰਨਸ ਰੋਡ ਤਪਾ ਅਤੇ ਤਪਾ ਖੇਡ ਸਟੇਡੀਅਮ ਦੀ ਜਗ੍ਹਾ ਨਿਰਧਾਰਤ ਕੀਤੀ ਹੈ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹਨਾਂ ਥਾਵਾਂ `ਤੇ ਛੋਟੇ ਪਟਾਖੇ ਵੇਚਣ ਲਈ ਸਬੰਧਤ ਉੱਪ ਮੰਡਲ ਮੈਜਿਸਟਰੇਟ ਨਿਯਮਾਂ ਅਨੁਸਾਰ ਫੀਸ ਜਮ੍ਹਾਂ ਕਰਵਾਕੇ ਦੁਕਾਨਦਾਰਾਂ ਨੂੰ ਆਰਜ਼ੀ ਲਾਇਸੈਂਸ ਜਾਰੀ ਕਰਨਗੇ ਅਤੇ ਇਸ ਲਾਇਸੰਸ ਤੋਂ ਬਿਨਾਂ ਕੋਈ ਵੀ ਪਟਾਖੇ ਨਹੀਂ ਵੇਚ ਸਕੇਗਾ। ਪਾਬੰਦੀ ਦੇ ਇਹ ਹੁਕਮ 18 ਅਕਤੂਬਰ 2011 ਤੋਂ 17 ਦਸੰਬਰ 2011 ਤੱਕ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਪਰਮਜੀਤ ਸਿੰਘ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਇਹਨਾਂ ਨਿਰਧਾਰਤ ਥਾਵਾਂ ਤੋਂ ਬਿਨਾਂ ਕਿਸੇ ਹੋਰ ਥਾਂ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ।
ਜ਼ਿਲ੍ਹਾ ਮੈਜਿਸਟਰੇਟ ਨੇ ਸੀਨੀਅਰ ਪੁਲਿਸ ਕਪਤਾਨ ਬਰਨਾਲਾ ਅਤੇ ਉੱਪ ਮੰਡਲ ਮੈਜਿਸਟਰੇਟ ਬਰਨਾਲਾ ਅਤੇ ਤਪਾ ਨੂੰ ਇਹਨਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਵਾੳੇੁਣ ਲਈ ਕਿਹਾ ਹੈ।

Translate »