October 20, 2011 admin

ਕੈਰੋਂ ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਸਮੇਂ ਸਿਰ ਅਦਾਇਗੀ ਲਈ ਆੜਤੀਆਂ ਨੂੰ ਵਿਸ਼ੇਸ਼ ਕਿਸਮ ਦੇ ਕਾਰਡ ਦੇਣ ਦੇ ਪਾਇਲਟ ਪ੍ਰੋਜੈਕਟ ਦਾ ਉਦਘਾਟਨ

ਪਟਿਆਲਾ- ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੀ ਸਮੇਂ ਸਿਰ ਅਦਾਇਗੀ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਆੜਤੀਆਂ ਨੂੰ ਮੰਡੀ ਵਿੱਚੋਂ ਹੀ ਮਾਸਟਰ ਕਾਰਡ ਤਕਨਾਲੌਜੀ ਨਾਲ ਅਦਾਇਗੀ ਕਰਨ ਦੇ ਪਾਇਲਟ ਪ੍ਰੋਜੈਕਟ ਦਾ ਅੱਜ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰ: ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਉਦਘਾਟਨ ਕੀਤਾ। ਪਟਿਆਲਾ ਦੀ ਸਰਹੰਦ ਰੋਡ ਅਨਾਜ ਮੰਡੀ ਵਿਖੇ ਸਥਿਤ ਮਾਰਕੀਟ ਕਮੇਟੀ ਦੇ ਦਫਤਰ ਵਿਖੇ ਇਸ ਪ੍ਰੋਜੈਕਟ ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ: ਕੈਰੋਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੰਤਰ ਰਾਸ਼ਟਰੀ ਬੈਕਿੰਗ ਮਾਪ-ਦੰਡਾਂ ਅਨੁਸਾਰ ਮਾਸਟਰ ਕਾਰਡ ਤਕਨਾਲੌਜੀ ਦੇ ਅਧਾਰ ‘ਤੇ ਖੁਦ ਸੈਟਰਲ ਬੈਂਕ ਆਫ ਇੰਡੀਆ ਤੋਂ ਇੱਕ ਅਜਿਹਾ ਕਾਰਡ ਤਿਆਰ ਕਰਵਾਇਆ ਗਿਆ ਹੈ ਜਿਸ ਨਾਲ ਮਸ਼ੀਨ ਵਿੱਚ ਕਾਰਡ ਸਵੈਪ ਕਰਨ ‘ਤੇ ਖਰੀਦੀ ਗਈ ਫਸਲ ਦੇ ਪੈਸੇ ਆੜਤੀਏ ਦੇ ਖਾਤੇ ਵਿੱਚ ਪੈ ਜਾਣਗੇ ਅਤੇ ਉਹ ਸਮੇਂ ਸਿਰ ਕਿਸਾਨਾਂ ਨੂੰ ਅਦਾਇਗੀ ਕਰ ਸਕਣਗੇ।

ਖੁਰਾਕ ਤੇ ਸਿਵਲ ਸਪਲਾਈ ਮੰਤਰੀ ਜਿਨ੍ਹਾਂ ਨੇ ਇਸ ਕਾਰਡ ਨੂੰ ਕੈਰੋਂ ਕਾਰਡ ਦਾ ਨਾਮ ਦਿੱਤਾ ਹੈ ਨੇ ਦੱਸਿਆ ਕਿ ਹਰੇਕ ਆੜਤੀਏ ਨੂੰ ਇੱਕ ਅਜਿਹਾ ਕਾਰਡ ਦਿੱਤਾ ਜਾਵੇਗਾ ਜੋ ਕਿ ਮੰਡੀਆਂ ਵਿੱਚ ਹੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਕੋਲ ਉਪਲਬਧ ਮਸ਼ੀਨਾਂ ਵਿੱਚ ਆਪਣਾ ਕਾਰਡ ਸਵੈਪ ਕਰਨਗੇ ਅਤੇ ਸਬੰਧਤ ਆੜਤੀਏ ਵੱਲੋਂ ਖਰੀਦੀ ਗਈ ਫਸਲ ਦੇ ਪੇਸ਼ ਕੀਤੇ ਗਏ ਬਿਲ ਨੂੰ  ਮੌਕੇ ‘ਤੇ ਹੀ ਮਸ਼ੀਨ ਵਿੱਚ ਦਰਜ਼ ਕਰਨ ‘ਤੇ ਆੜਤੀਏ ਨੂੰ ਉਸੇ ਸਮੇਂ ਰਸੀਦ ਹਾਸਲ ਹੋ ਜਾਵੇਗੀ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਚੰਡੀਗੜ੍ਹ ਮੁੱਖ ਦਫਤਰ ਵਿਖੇ ਇਸ ਦਾ ਪੂਰਾ ਵੇਰਵਾ ਤੁਰੰਤ ਮੁੱਖ ਸਰਵਰ ‘ਤੇ ਪਹੁੰਚ ਜਾਵੇਗਾ ਅਤੇ ਇਸ ਦੀ ਅਦਾਇਗੀ ਸਬੰਧਤ ਆੜਤੀਏ ਦੇ ਖਾਤੇ ਵਿੱਚ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਸੈਂਟਰਲ ਬੈਂਕ ਆਫ ਇੰਡੀਆ ਨਾਲ ਤਾਲਮੇਲ ਕਰਕੇ ਪੰਜਾਬ ਵਿੱਚ 100 ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ ਬਾਅਦ ਵਿੱਚ ਪੂਰੇ ਰਾਜ ਭਰ ਵਿੱਚ 2000 ਤੋਂ ਵੀ ਵੱਧ ਮਸ਼ੀਨਾਂ ਲਗਾ ਦਿੱਤੀਆਂ ਜਾਣਗੀਆਂ। ਸ੍ਰ: ਕੈਰੋਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਰੋਜ਼ਾਨਾਂ ਫਸਲਾਂ ਦੀ ਖਰੀਦ ਅਤੇ ਅਦਾਇਗੀ ‘ਤੇ ਸਿੱਧੀ ਨਜ਼ਰ ਰੱਖੀ ਜਾ ਸਕੇਗੀ ਅਤੇ ਆੜਤੀਆਂ ਨੂੰ ਅਦਾਇਗੀ ਸਿਰਫ ਇੱਕ ਖਾਤੇ ਵਿੱਚੋਂ ਹੀ ਕੀਤੀ ਜਾਵੇਗੀ।

ਇਸ ਮੌਕੇ ਪੱਤਰਕਾਰਾਂ ਵੱਲੋਂ ਝੋਨੇ ਦੀ ਸਟੋਰੇਜ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ੍ਰ: ਕੈਰੋਂ ਨੇ ਦੱਸਿਆ ਕਿ ਪੰਜਾਬ ਸਮੇਤ ਵੱਖ-ਵੱਖ ਰਾਜਾਂ ਵੱਲੋਂ ਕੇਂਦਰ ਕੋਲ ਇਹ ਮਸਲਾ ਉਠਾਉਣ ‘ਤੇ ਪੂਰੇ ਦੇਸ਼ ਭਰ ਵਿੱਚ ਸਾਹਮਣੇ ਆਈ 120 ਲੱਖ ਟਨ ਸਟੋਰੇਜ ਦੀ ਘਾਟ ਵਿੱਚੋਂ ਇਕੱਲੇ ਪੰਜਾਬ ਵਿੱਚ ਹੀ 80 ਲੱਖ ਟਨ ਸਟੋਰੇਜ ਦੀ ਘਾਟ ਸਾਹਮਣੇ ਆਈ ਸੀ ਜਿਸ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੇਂਦਰ ਸਰਕਾਰ ਨਾਲ ਰਾਵਤਾ ਬਣਾਇਆ ਹੋਇਆ ਹੈ । ਉਨ੍ਹਾਂ ਦੱਸਿਆ ਕਿ 23 ਲੱਖ ਟਨ ਦੀ ਸਮਰੱਥਾ ਵਾਲੀ ਸਟੋਰੇਜ ‘ਤੇ ਕੰਮ ਚਲ ਰਿਹਾ ਹੈ ਅਤੇ ਛੇਤੀ ਹੀ ਇਸ ਨੂੰ ਵਧਾ ਕੇ 45 ਲੱਖ ਟਨ ਕਰ ਦਿੱਤਾ ਜਾਵੇਗਾ ਜੋ ਕਿ ਪਿਛਲੇ 45 ਸਾਲਾਂ ਦਾ ਰਿਕਾਰਡ ਹੈ।

         Îਇਸ ਮੌਕੇ ਖੁਰਾਕ ਤੇ ਸਪਲਾਈ ਵਿਭਾਗ ਦੇ ਸਕੱਤਰ ਸ੍ਰ: ਡੀ.ਐਸ. ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਬੜੇ ਸੁਚੱਜੇ ਢੰਗ ਨਾਲ ਚਲ ਰਿਹਾ ਹੈ ਅਤੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੀ ਅਦਾਇਗੀ ਸਮੇਂ ਸਿਰ ਕੀਤੀ ਜਾ ਰਹੀ ਹੈ।

         ਇਸ ਮੌਕੇ ਸ੍ਰ: ਕੈਰੋਂ ਨੇ ਆੜਤੀਆਂ ਤੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਤੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡਵੀਜ਼ਨਲ ਕਮਿਸ਼ਨਰ ਸ਼੍ਰੀ ਐਸ.ਆਰ.ਲੱਧੜ, ਪਨਸਪ ਦੇ ਐਮ.ਡੀ. ਸ਼੍ਰੀ ਵਿਕਾਸ ਪ੍ਰਤਾਪ ਸਿੰਘ, ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਸ੍ਰ: ਹਰਵਿੰਦਰ ਸਿੰਘ ਹਰਪਾਲਪੁਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ-1 ਸ਼੍ਰੀਮਤੀ ਅੰਜੁਮਨ ਭਾਸਕਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ-2 ਸ਼੍ਰੀ ਏ.ਪੀ. ਸਿੰਘ, ਜ਼ਿਲ੍ਹਾ ਟਰਾਂਸਪੋਰਟ ਅਫਸਰ ਸ਼੍ਰੀ ਗੁਰਪਾਲ ਸਿੰਘ ਚਾਹਲ, ਜ਼ਿਲ੍ਹਾ ਮੰਡੀ ਅਫਸਰ ਸ਼੍ਰੀ ਗੁਰਭਜਨ ਸਿੰਘ ਔਲਖ, ਮਾਰਕੀਟ ਕਮੇਟੀ ਪਟਿਆਲਾ ਦੇ ਸਕੱਤਰ ਸ੍ਰ: ਰੁਪਿੰਦਰ ਸਿੰਘ ਮਾਨ, ਆੜਤੀਆਂ ਵੱਲੋਂ ਸ਼੍ਰੀ ਦੇਵੀ ਦਿਆਲ ਗੋਇਲ, ਸ਼੍ਰੀ ਗੁਰਨਾਮ ਸਿੰਘ ਲਚਕਾਣੀ, ਸ਼੍ਰੀ ਹਰਬੰਸ ਬਾਂਸਲ, ਸ਼੍ਰੀ ਸਵਰਨ ਸਿੰਘ, ਸ਼੍ਰੀ ਹਰਜੀਤ ਸਿੰਘ ਸ਼ੇਰੂ, ਸ਼੍ਰੀ ਰਾਕੇਸ਼ ਸਿੰਗਲਾ, ਸ਼੍ਰੀ ਮਦਨ ਗੋਇਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਵੀ ਹਾਜ਼ਰ ਸਨ। 

Translate »