ਫਤਹਿਗੜ੍ਹ ਸਾਹਿਬ- ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਜੋ ਫੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ 4 ਅਕਤੂਬਰ ਤੋਂ 20 ਅਕਤੂਬਰ ਤੱਕ ਹੋਣੀ ਸੀ, ਉਹ ਹੁਣ 24 ਅਕਤੂਬਰ ਤੱਕ ਹੋਵੇਗੀ। ਉਨ੍ਹਾਂ ਜ਼ਿਲ੍ਹੇ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਚੋਣ ਹਲਕੇ 54-ਬਸੀ ਪਠਾਣਾਂ ( ਅ.ਜ. ) , 55-ਫਤਹਿਗੜ੍ਹ ਸਾਹਿਬ, 56 ਅਮਲੋਹ ਦੇ ਚੋਣਕਾਰ ਰਜਿਸਟਰੇਸ਼ਨ ਅਫਸਰਾਂ -ਕਮ-ਉੱਪ ਮੰਡਲ ਮੈਜਿਸਟਰੇਟ ਨੂੰ ਨਿਰਦੇਸ਼ ਦਿੱਤੇ ਕਿ ਉਨ੍ਹਾਂ ਅਧੀਨ ਆਉਂਦੇ ਸਾਰੇ ਬੂਥ ਲੈਵਲ ਅਫਸਰਾਂ ਨੂੰ ਤੁਰੰਤ ਨਿਰਦੇਸ਼ ਦਿੱਤੇ ਜਾਣ ਕਿ ਉਹ 24 ਅਕਤੂਬਰ ਤੱਕ ਉਨ੍ਹਾਂ ਅਧੀਨ ਆਉਂਦੇ ਪੋਲਿੰਗ ਬੂਥਾਂ ਤੇ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਜਾਰੀ ਰੱਖਣ। ਉਨ੍ਹਾਂ ਚੋਣਕਾਰ ਰਜਿਸ਼ਟਰੇਸ਼ਨ ਅਫਸਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ 100 ਫੀਸਦੀ ਫੋਟੋ ਵੋਟਰ ਸ਼ਨਾਖਤੀ ਕਾਰਡ ਬਣਾਉਣ ਦਾ ਟੀਚਾ ਮੁਕੰਮਲ ਕੀਤਾ ਜਾਵੇ।
ਸ੍ਰੀ ਮਹਾਜਨ ਨੇ ਕਿਹਾ ਕਿ ਜੇਕਰ ਕਿਸੇ ਨਾਗਰਿਕ ਦੀ 1 ਜਨਵਰੀ 2012 ਨੂੰ ਉਮਰ 18 ਸਾਲ ਹੋ ਗਈ ਹੋਵੇ ਤਾਂ ਉਹ ਫਾਰਮ ਨੰਬਰ 6 ਦੇ ਨਾਲ ਆਪਣੀ ਉਮਰ ਅਤੇ ਰਿਹਾਇਸ਼ ਦਾ ਸਬੂਤ ਅਤੇ ਦੋ ਪਾਸਪੋਰਟ ਸਾਈਜ ਦੀਆਂ ਫੋਟੋਆਂ ਲਗਾ ਕੇ ਆਪਣੇ ਨੇੜੇ ਦੇ ਬੂਥ ਤੇ ਵੋਟ ਬਣਾਉਣ ਵਾਸਤੇ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਦੀ ਮੌਤ ਹੋ ਜਾਣ ਕਾਰਨ ਜਾਂ ਉੱਥੋਂ ਪੱਕੇ ਤੌਰ ਤੇ ਬਦਲ ਜਾਣ ਕਾਰਨ ਜੇ ਵੋਟ ਕਟਵਾਉਣੀ ਹੋਵੇ ਤਾਂ ਫਾਰਮ ਨੰਬਰ 7 ਭਰ ਕੇ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵੋਟਰ ਸੂਚੀਆਂ ਵਿੱਚ ਜੇਕਰ ਕਿਸੇ ਦਾ ਨਾਂ, ਪਤਾ ਜਾਂ ਕੋਈ ਹੋਰ ਗਲਤੀ ਪਾਈ ਜਾਵੇ ਤਾਂ ਉਸ ਦੀ ਸੋਧ ਲਈ ਫਾਰਮ ਨੰਬਰ 8 ਭਰੇ ਜਾਣੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਇੱਕੋ ਵਿਧਾਨ ਸਭਾ ਚੋਣ ਹਲਕੇ ਵਿੱਚ ਕਿਸੇ ਦਾ ਪਤਾ ਬਦਲਦਾ ਹੈ ਤਾਂ ਉਸ ਨੂੰ ਫਾਰਮ ਨੰ:8 ਏ ਭਰ ਕੇ ਦੇਣਾ ਹੋਵੇਗਾ। ਜੇਕਰ ਕਿਸੇ ਵਿਅਕਤੀ ਦਾ ਨਾਂ ਵੋਟਰ ਸੂਚੀ ਵਿੱਚ ਦਰਜ ਹੈ ਪਰੰਤੂ ਉਸ ਦੀ ਫੋਟੋ ਨਹੀਂ ਹੈ ਤਾਂ ਉਹ 001 ਬੀ ਫਾਰਮ ਦੇ ਨਾਲ ਦੋ ਪਾਸਪੋਰਟ ਸਾਈਜ ਦੀਆਂ ਤਾਜਾ ਰੰਗਦਾਰ ਫੋਟੋਆਂ ਲਗਾ ਕੇ ਸਬੰਧਤ ਬੀ.ਐਲ.ਓ. ਨੂੰ ਦੇ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਵਾਸੀ ਭਾਰਤੀ ਵੀ ਫਾਰਮ ਨੰਬਰ 6 ਏ ਭਰ ਕੇ ਨਵੀਂ ਵੋਟ ਬਣਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 18 ਸਾਲ ਤੋਂ ਉੱਪਰ ਉਮਰ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਚੋਣ ਪ੍ਰਕ੍ਰਿਆ ਵਿੱਚ ਸ਼ਾਮਲ ਹੋਣ ਲਈ ਪ੍ਰੇਰਤ ਕਰਨ ਵਾਸਤੇ ਉਨ੍ਹਾਂ ਨੂੰ ਚੋਣ ਕਮਿਸ਼ਨ ਵੱਲੋਂ ਇਹ ਛੋਟ ਦਿੱਤੀ ਗਈ ਹੈ ਕਿ ਉਹ ਜਿਸ ਵਿੱਦਿਅਕ ਸੰਸਥਾ ਵਿੱਚ ਪੜ੍ਹਦੇ ਹਨ ਉਸ ਦੇ ਹੋਸਟਲ ਦੇ ਪਤੇ ਤੇ ਜਾਂ ਆਪਣੇ ਪੱਕੇ ਪਤੇ ਤੇ ਵੀ ਆਪਣੀ ਵੋਟ ਬਣਵਾ ਸਕਦੇ ਹਨ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਕਿ ਉਹ ਵੱਧ ਤੋਂ ਵੱਧ ਨੌਜਵਾਨ ਵੋਟਰਾਂ ਨੂੰ ਵੋਟ ਬਣਾਉਣ ਲਈ ਪ੍ਰੇਰਤ ਕਰਨ ਤਾਂ ਜੋ ਕੋਈ ਵੀ ਨੌਜਵਾਨ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ 25 ਸਾਲ ਤੋਂ ਵੱਧ ਉਮਰ ਦਾ ਵੋਟਰ ਜੇਕਰ ਉਸ ਨੇ ਪਹਿਲਾਂ ਵੋਟ ਨਹੀਂ ਬਣਾਈ ਤਾਂ ਉਹ ਇਸ ਸਬੰਧੀ ਇੱਕ ਘੋਸ਼ਣਾ ਪੱਤਰ ਦੇ ਕੇ ਆਪਣੀ ਵੋਟ ਬਣਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 19 ਨਵੰਬਰ 2011 ਨੂੰ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਸਬੰਧਤ ਵਿਧਾਨ ਸਭਾ ਹਲਕੇ ਦੇ ਚੋਣਕਾਰ ਰਜਿਸ਼ਟਰੇਸ਼ਨ ਅਫਸਰਾਂ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੋਧੀਆਂ ਹੋਈਆਂ ਫੋਟੋ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 2 ਜਨਵਰੀ 2012 ਨੂੰ ਕੀਤੀ ਜਾਵੇਗੀ।