October 20, 2011 admin

ਕਾਂਗਰਸ ਅਤੇ ਦਲ ਬਦਲੂ ਨੇਤਾਵਾਂ ਦਾ ਸੂਬੇ ਦੇ ਲੋਕ ਡੱਟ ਕੇ ਵਿਰੋਧ ਕਰਨR09;ਬਾਦਲ

ਲੰਬੀ (ਸ੍ਰੀ ਮੁਕਤਸਰ ਸਾਹਿਬ) – ਸੂਬੇ ਦੇ ਲੋਕ ਪੰਜਾਬ ਦੋਖੀ ਕਾਂਗਰਸ ਅਤੇ ਅਕਾਲੀ ਦਲ ਦੇ ਭਗੌੜਿਆਂ ਨੂੰ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਮੁੰਹ ਨਹੀਂ ਲਾਉਣਗੇ ਅਤੇ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਕਾਂਗਰਸ ਸਮਰਥਤ ਸਾਂਝੇ ਮੋਰਚੇ ਦਾ ਸਫਾਇਆ ਹੋ ਗਿਆ ਸੀ ਉਸੇ ਤਰਾਂ ਅਸੰਬਲੀ ਚੋਣਾਂ ਵਿਚ ਵੀ ਕਾਂਗਰਸ ਅਤੇ ਨਵੇਂ ਗਠਿਤ ਤੀਜੇ ਮੋਰਚੇ ਦਾ ਸਫਾਇਆ ਹੋ ਜਾਵੇਗਾ। ਇਹ ਗੱਲ ਅੱਜ ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ ਨੇ ਹਲਕਾ ਲੰਬੀ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪਿੰਡ ਥਰਾਜਵਾਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ।

         ਉਨ੍ਹਾਂ ਕਿਹਾ ਕਿ ਤੀਜੇ ਮੋਰਚੇ ਵਿਚ ਸ਼ਾਮਿਲ ਸ: ਸੁਰਜੀਤ ਸਿੰਘ ਬਰਨਾਲਾ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਪ੍ਰਧਾਨਗੀ, ਮੁੱਖ ਮੰਤਰੀ, ਕੇਂਦਰੀ ਮੰਤਰੀ ਅਤੇ ਰਾਜਪਾਲ ਦਾ ਅਹੁਦਾ ਦਿੱਤਾ ਉਨ੍ਹਾਂ ਨੇ ਹੀ  ਸ਼੍ਰੋਮਣੀ ਅਕਾਲੀ ਦਲ ਨਾਲ ਵਿਸ਼ਵਾਸਘਾਤ ਕਰਕੇ ਆਪਣਾ ਰਾਜਸੀ ਜੀਵਨ ਤਬਾਹ ਕਰ ਲਿਆ ਹੈ।  ਸ੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ ਜਿਸ ਨੂੰ ਸੂਬੇ ਦੇ ਲੋਕ ਦਿਲ ਦੀਆਂ ਡੁੰਗਾਈਆਂ ਤੋਂ ਆਦਰ ਸਤਿਕਾਰ ਦਿੰਦੇ ਹਨ। ਸ: ਬਾਦਲ ਨੇ ਕਿਹਾ ਕਿ ਇਸੇ ਤਰਾਂ ਸ: ਮਨਪ੍ਰੀਤ ਸਿੰਘ ਬਾਦਲ ਨੂੰ ਵੀ ਪਾਰਟੀ ਨੇ ਤਿੰਨ ਵਾਰ ਵਿਧਾਇਕ ਅਤੇ ਇਸ ਵਾਰ ਵਿੱਤ ਮੰਤਰੀ ਦੇ ਅਹੁਦੇ ਨਾਲ ਨਵਾਜ਼ਿਆ ਪਰ ਉਹ ਵੀ ਪਾਰਟੀ ਨਾਲ ਧੋਖਾ ਕਰ ਗਿਆ। ਉਨ੍ਹਾਂ ਕਿਹਾ ਕਿ ਮਾਂ ਪਾਰਟੀ ਤੋਂ ਵੱਖ ਹੋਣ ਵਾਲੇ ਵਿਅਕਤੀਆਂ ਨੂੰ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨੇ ਨਕਾਰਿਆਂ ਹੈ ਅਤੇ ਅੱਗੇ ਤੋਂ ਵੀ ਲੋਕ ਖੁੱਲ ਕੇ ਅਜਿਹੇ ਦਲਬਦਲੂ ਲੀਡਰਾਂ ਦਾ ਵਿਰੋਧ ਕਰਣਗੇ ਕਿਉਂਕਿ ਇੰਨ੍ਹਾਂ ਲੀਡਰਾਂ ਦਾ ਕੋਈ ਮੂਲ ਅਧਾਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜਿਸ ਤਰਾਂ ਹਿਸਾਰ ਵਿਚ ਕਾਂਗਰਸ ਦੀ ਜਮਾਨਤ ਜਬਤ ਹੋ ਗਈ ਹੈ ਉਸੇ ਤਰਾਂ ਪੰਜਾਬ ਵਿਚ ਵੀ ਲੋਕ ਕਾਂਗਰਸ ਅਤੇ ਸਾਂਝੇ ਮੋਰਚੇ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਕਰਵਾ ਦੇਣਗੇ। ਉਨ੍ਹਾਂ ਕਿਹਾ ਕਿ ਦਲ ਬਦਲੀ ਦਾ ਗੁਨਾਹ ਭ੍ਰਿਸ਼ਟਾਚਾਰ ਤੋਂ ਵੀ ਵੱਡਾ ਗੁਨਾਹ ਹੈ ਅਤੇ ਉਨ੍ਹਾਂ ਗਾਂਧੀਵਾਦੀ ਨੇਤਾ ਸ੍ਰੀ ਅੰਨਾ ਹਜਾਰੇ ਨੂੰ ਅਪੀਲ ਕੀਤੀ ਕਿ ਜਿੱਥੇ ਉਨ੍ਹਾਂ ਨੇ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਬੀੜ੍ਹਾ ਚੁੱਕਿਆ ਹੈ ਉੱਥੇ ਉਹ ਅਜਿਹੇ ਦਲ ਬਦਲੂ ਆਗੂਆਂ ਖਿਲਾਫ਼ ਵੀ ਜਨ ਜਾਗ੍ਰਿਤੀ ਮੁਹਿੰਮ ਚਲਾਉਣ। ਉਨ੍ਹਾਂ ਨੇ ਅੰਨਾਂ ਟੀਮ ‘ਤੇ ਹੋ ਰਹੇ ਹਮਲਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਲੋਕਤੰਤਰ ਵਿਚ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ।

         ਸ: ਬਾਦਲ ਨੇ  ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ, ਦੇਸ਼ ਦੀ ਸੁੱਰਖਿਆ ਕਰਨ ਵਿਚ ਨਕਾਮ ਸਿੱਧ ਹੋਈ ਹੈ। ਇਕ ਪਾਸੇ ਦੇਸ਼ ਵਿਚ ਲਗਾਤਾਰ ਆਂਤਕੀ ਹਮਲੇ ਹੋ ਰਹੇ ਹਨ ਉੱਥੇ ਚੀਨ ਵੀ ਲਗਾਤਾਰ ਆਕਰਮਕ ਰੁੱਖ ਅਪਨਾ ਰਿਹਾ ਹੈ। ਪਰ ਕੇਂਦਰ ਸਰਕਾਰ ਦੇਸ਼ ਦੇ ਹਿੱਤਾ ਪ੍ਰਤੀ ਗੰਭੀਰ ਨਾ ਹੋਕੇ ਭ੍ਰਿਸ਼ਟਾਚਾਰ ਵਿਚ ਗਲਤਾਨ ਹੈ। ਲੋਕਾਂ ਨਾਲੋਂ ਟੁੱਟ ਚੁੱਕੀ ਕਾਂਗਰਸ ਅਤੇ ਇਸ ਦੀ ਸਰਕਾਰ ਗਰੀਬ, ਕਿਸਾਨ ਅਤੇ ਆਮ ਆਦਮੀ ਵਿਰੋਧੀ ਨੀਤੀਆਂ ਰਾਹੀਂ ਦੇਸ਼ ਵਿਚ ਮਹਿੰਗਾਈ ਵਧਾ ਰਹੀ ਹੈ। ਖੇਤੀ ਦੇ ਲਾਗਤ ਅਤੇ ਉਤਪਾਦਨ ਦੇ ਭਾਅ ਕੇਂਦਰ ਦੇ ਨਿਯੰਤਰਨ ਹੇਠਾਂ ਹਨ ਜਿਸ ਕਾਰਨ ਮੁਲਕ ਦੀ ਕਿਸਾਨੀ ਤਬਾਹ ਹੋ ਰਹੀ ਹੈ। ਕਾਂਗਰਸ ਨੇ ਹਮੇਸ਼ਾ ਝੂਠੇ ਲਾਰਿਆਂ ਅਤੇ ਨਾਹਰਿਆਂ ਰਾਹੀਂ 60 ਸਾਲ ਤੋਂ ਗਰੀਬਾਂ ਨੂੰ ਭਰਮਾਇਆ ਹੋਇਆ ਸੀ ਪਰ ਉਸਨੇ ਗਰੀਬਾਂ ਲਈ ਹਕੀਕੀ ਤੌਰ ਤੇ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਪਿਛਲੇ ਦੋ ਸਾਲ ਤੋਂ ਪ੍ਰਧਾਨ ਮੰਤਰੀ ਨੂੰ ਅਪੀਲਾਂ ਕਰ ਰਹੇ ਕਿ ਕੇਂਦਰ ਲਈ ਪੰਜਾਬ ਵੱਲੋਂ ਖਰੀਦੇ ਜਾਂਦੇ ਅਨਾਜ ਦੀ ਸੰਭਾਲ ਲਈ ਪੰਜਾਬ ਵਿਚ ਗੋਦਾਮ ਬਣਾਏ ਜਾਣ ਪਰ ਕੇਂਦਰ ਤੋਂ ਇਸ ਸਬੰਧੀ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ।

         ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਹਲਕਾ ਲੰਬੀ ਦੇ ਪਿੰਡ ਲੰਬੀ, ਖੂਡੀਆਂ ਗੁਲਾਬ ਸਿੰਘ, ਖੂਡੀਆਂ ਮਹਾਂ ਸਿੰਘ, ਮਾਹੂਆਣਾ, ਧੌਲਾ, ਥਰਾਜ਼ ਵਾਲਾ, ਲਾਲਬਾਈ, ਲਾਲਬਾਈ ਉੱਤਰੀ, ਚਨੂੰ, ਚਨੂੰ ਪੂਰਬੀ ਅਤੇ ਬੀਦੋਵਾਲ ਵਿਖੇ ਸੰਗਤ ਦਰਸ਼ਨ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਅਤੇ ਲਗਭਗ 3 ਕਰੋੜ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵੰਡੀਆਂ। ਇਸ ਮੌਕੇ ਉਨ੍ਹਾਂ ਮਾਈ ਭਾਗੋ ਵਿਦਿਆਂ ਸਕੀਮ ਦੇ ਤਹਿਤ ਪਿੰਡ ਲੰਬੀ ਵਿਚ 115, ਪਿੰਡ ਚਨੂੰ ਵਿਚ 54, ਪਿੰਡ ਥਰਾਜਵਾਲਾ ਵਿਚ 21 ਅਤੇ ਪਿੰਡ ਲਾਲਬਾਈ ਵਿਚ 11 ਗਿਆਰਵਵੀਂ ਅਤੇ ਬਾਹਰਵੀਂ ਜਮਾਤ ਦੀਆਂ ਸਕੂਲੀ ਵਿਦਿਆਰਥਣਾਂ ਨੂੰ ਕੁੱਲ 201 ਸਾਈਕਲ ਤਕਸੀਮ ਕੀਤੇ। ਇਸ ਤੋਂ ਬਿਨ੍ਹਾਂ ਸ: ਬਾਦਲ ਨੇ ਪਿੰਡ ਲੰਬੀ, ਖੂਡੀਆਂ ਗੁਲਾਬ ਸਿੰਘ ਅਤੇ ਚਨੂੰ ਵਿਚ ਹਾਇਰ ਸੰਕੈਡਰੀ ਸਕੂਲਾਂ ਦੀਆਂ ਇਮਾਰਤਾਂ ਲਈ 35 ਲੱਖ ਰੁਪਏ ਦੇ ਚੈਕ ਵੀ ਦਿੱਤੇ।

         ਹੋਰਨਾਂ ਤੋਂ ਇਲਾਵਾ ਇਸ ਮੌਕੇ ‘ਤੇ ਮੇਜ਼ਰ ਭੁਪਿੰਦਰ ਸਿੰਘ ਢਿੱਲੋਂ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ: ਕੇ.ਜੇ.ਐਸ.ਚੀਮਾ ਵਿਸ਼ੇਸ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ, ਸ: ਤਜਿੰਦਰ ਸਿੰਘ ਮਿੱਡੂ ਖੇੜਾ ਚੇਅਰਮੈਨ, ਜੱਥੇਦਾਰ ਗੁਰਪਾਲ ਸਿੰਘ ਗੋਰਾ, ਸ: ਅਵਤਾਰ ਸਿੰਘ ਬੰਨਵਾਲਾ ਓਐਸਡੀ ਉਪਮੁੱਖਮੰਤਰੀ ਪੰਜਾਬ, ਸ: ਜਗਸੀਰ ਸਿੰਘ ਓ.ਐਸ.ਡੀ., ਡਾ: ਰਿਸ਼ੀ ਪਾਲ ਓ.ਐਸ.ਡੀ. ਮੁੱਖ ਮੰਤਰੀ ਪੰਜਾਬ, ਸ: ਅਰਸ਼ਦੀਪ ਸਿੰਘ ਥਿੰਦ ਡਿਪਟੀ ਕਮਿਸ਼ਨਰ, ਸ: ਇੰਦਰਮੋਹਨ ਸਿੰਘ ਐਸ.ਐਸ.ਪੀ., ਸ੍ਰੀ ਅਮਿਤ ਢਾਕਾ ਏ.ਡੀ.ਸੀ., ਸ: ਐਚ. ਐਸ. ਸਰਾਂ ਡੀ.ਡੀ.ਪੀ.ਓ., ਸ: ਬਲਬੀਰ ਸਿੰਘ ਐਸ.ਡੀ.ਐੈਮ. ਮਲੋਟ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜਰ ਸਨ।

Translate »