* ਰੱਖੜਾ ਵੱਲੋਂ ਸਹਿਬਾਜਪੁਰ ਅਤੇ ਮੈਣ ਦੇ ਸਾਂਝੇ ਪ੍ਰੋਜੈਕਟ ਦਾ ਉਦਘਾਟਨ
ਪਟਿਆਲਾ- ” ਪਿੰਡਾਂ ਦੇ ਗੰਦੇ ਪਾਣੀ ਨੂੰ ਸਿੰਚਾਈ ਯੋਗ ਬਣਾਉਣ ਲਈ ਪਟਿਆਲਾ ਜ਼ਿਲ੍ਹੇ ਦੇ 8 ਪਿੰਡਾਂ ਵਿੱਚ 1 ਕਰੋੜ 84 ਲੱਖ ਰੁਪਏ ਦੇ ਪ੍ਰੋਜੈਕਟਾਂ ‘ਤੇ ਕੰਮ ਜੰਗੀ ਪੱਧਰ ‘ਤੇ ਚੱਲ ਰਹੇ ਹਨ ਜਿਸ ਤਹਿਤ ਬਰਸਾਤਾਂ ਦੇ ਦਿਨਾਂ ਵਿੱਚ ਪਿੰਡਾਂ ਦੇ ਟੋਭਿਆਂ ਵਿੱਚ ਜਮ੍ਹਾਂ ਹੋਣ ਵਾਲਾ ਵਾਧੂ ਗੰਦਾ ਪਾਣੀ ਵਿਸ਼ੇਸ਼ ਤਕਨੀਕ ਰਾਹੀਂ ਜਿਥੇ ਖੇਤੀ ਲਈ ਵਰਤਿਆ ਜਾ ਸਕੇਗਾ ਉਥੇ ਹੀ ਇਸ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪੈਦਾ ਹੁੰਦੀਆਂ ਸਮੱਸਿਆਵਾਂ ਤੋਂ ਵੀ ਲੋਕਾਂ ਨੂੰ ਰਾਹਤ ਮਿਲ ਜਾਵੇਗੀ ।” ਇਹ ਜਾਣਕਾਰੀ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਸੁਰਜੀਤ ਸਿੰਘ ਰੱਖੜਾ ਨੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਪਟਿਆਲਾ-ਸਮਾਣਾ ਸੜਕ ‘ਤੇ ਸਥਿਤ ਪਿੰਡ ਸਹਿਬਾਜਪੁਰ ਵਿਖੇ ਸਹਿਬਾਜਪੁਰ ਅਤੇ ਮੈਣ ਦੇ ਇਸ ਸਾਂਝੇ ਪ੍ਰੋਜੈਕਟ ਦਾ ਉਦਘਾਟਨ ਕਰਨ ਮਗਰੋਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਦਿੱਤੀ । ਸ੍ਰੀ ਰੱਖੜਾ ਨੇ ਕਿਹਾ ਕਿ ਭੂਮੀ ਅਤੇ ਪਾਣੀ ਸੰਭਾਲ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਸਹਿਬਾਜਪੁਰ, ਮੈਣ ਅਤੇ ਰੱਖੜਾ ਮੂੰਡਖੇੜਾ ਵਿੱਚ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਤੋਂ ਬਾਅਦ ਜ਼ਿਲ੍ਹੇ ਦੇ ਕਈ ਹੋਰ ਪਿੰਡਾਂ ਜਿਵੇਂ ਭਾਨਰੀ, ਖੇੜੀ ਬਰਨਾਂ, ਖੇੜਕੀ, ਕੋਟਲੀ, ਰਾਜਲਾ, ਹਰਪਾਲਪੁਰ ਲੋਚਮਾਂ, ਕਾਮੀਖੁਰਦ, ਬੀਬੀਪੁਰ ਆਦਿ ਵਿੱਚ ਵੀ ਤੇਜ਼ੀ ਨਾਲ ਇਸ ਪ੍ਰੋਜੈਕਟ ਨੂੰ ਮੁਕੰਮਲ ਕਰ ਲਿਆ ਜਾਵੇਗਾ । ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਹਰੇਕ ਪਿੰਡ ਨੂੰ ਤਕਰੀਬਨ 28 ਲੱਖ ਰੁਪਏ ਦੀ ਸਬਸਿਡੀ ਮਿਲਦੀ ਹੈ ਜੋ ਕਿ ਕੁਲ ਲਾਗਤ ਦਾ 90 ਫੀਸਦੀ ਹਿੱਸਾ ਬਣਦਾ ਹੈ ਜਦਕਿ ਲਾਗਤ ਦਾ 10 ਫੀਸਦੀ ਹਿੱਸਾ ਪਿੰਡ ਦੀ ਪੰਚਾਇਤ ਵੱਲੋਂ ਪਾਇਆ ਜਾਂਦਾ ਹੈ । ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਪ੍ਰੋਜੈਕਟ ਨਾਲ ਪਾਣੀ ਦੀ ਕਰੀਬ 25 ਫੀਸਦੀ ਬੱਚਤ ਹੋਵੇਗੀ ਜਿਸ ਨਾਲ ਫਸਲਾਂ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ ਅਤੇ ਕੱਚੇ ਖਾਲਾਂ ਅਧੀਨ ਰਕਬਾ ਵੀ ਵਾਹੀਯੋਗ ਬਣ ਸਕੇਗਾ ।
ਇਸ ਮੌਕੇ ਸ਼੍ਰੀ ਰੱਖੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਕਾਰਨ ਜਿਥੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ ਉਥੇ ਹੀ ਹੋਰ ਵਰਗਾਂ ਦੇ ਲੋਕ ਵੀ ਇਨ੍ਹਾਂ ਸਕੀਮਾਂ ਦਾ ਲਾਭ ਲੈ ਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਰਹੇ ਹਨ । ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਲੋਕਾਂ ਨੂੰ ਇਕਜੁਟ ਹੋਣਾ ਪਵੇਗਾ ਤਾਂ ਜੋ ਬੇਰੁਜ਼ਗਾਰੀ ਅਤੇ ਗਰੀਬੀ ਨਾਲ ਜੂਝਣ ਵਾਲਿਆਂ ਨੂੰ ਵੀ ਉਨ੍ਹਾਂ ਦੇ ਹੱਕ ਦਿਵਾਏ ਜਾ ਸਕਣ । ਉਨ੍ਹਾਂ ਕਿਹਾ ਕਿ ਪਿੰਡ ਸਹਿਬਾਜਪੁਰ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਕਰੀਬ ਸਵਾ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ ਜਿਸ ਵਿੱਚ ਪਾਣੀ ਦੀ ਟੈਂਕੀ ਦਾ ਨਿਰਮਾਣ ਅਤੇ ਸੜਕ ਚੌੜੀ ਕਰਨਾ ਵੀ ਸ਼ਾਮਿਲ ਹੈ । ਉਨ੍ਹਾਂ ਕਿਹਾ ਕਿ ਪਿੰਡਾਂ ਦੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਭ ਉਠਾਉਣਾ ਚਾਹੀਦਾ ਹੈ ਤਾਂ ਜੋ ਉਹ ਵੀ ਰੁਜ਼ਗਾਰ ਵਸੀਲੇ ਪੈਦਾ ਕਰਨ ਦੇ ਸਮਰੱਥ ਹੋ ਸਕਣ । ਇਸ ਮੌਕੇ ਸ਼੍ਰੀ ਰੱਖੜਾ ਨੇ ਪਿੰਡ ਦੇ ਸਰਪੰਚ ਸ਼੍ਰੀ ਮਨਪ੍ਰੀਤ ਸਿੰਘ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਪੰਜ ਲੱਖ ਰੁਪਏ ਦਾ ਚੈਕ ਵੀ ਸੌਂਪਿਆ ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਡਕਾਲਾ ਸ਼੍ਰੀ ਹਰਜਿੰਦਰ ਸਿੰਘ ਬੱਲ, ਸ਼੍ਰੀ ਰਜਿੰਦਰ ਸਿੰਘ, ਸ਼੍ਰੀ ਗੁਰਮੇਲ ਸਿੰਘ, ਸ਼੍ਰੀ ਰਵਿੰਦਰ ਸਿੰਘ ਗਿੱਲ, ਮੰਡਲ ਭੂਮੀ ਰੱਖਿਆ ਅਫਸਰ ਸ਼੍ਰੀ ਪ੍ਰਭੂਦਵਿੰਦਰ ਸਿੰਘ ਬਾਜਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਹਾਜ਼ਰ ਸਨ ।