ਅੰਮ੍ਰਿਤਸਰ – ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ੍ਰ. ਕਾਹਨ ਸਿੰਘ ਪਨੂੰ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵਾਤਾਵਰਣ ਨੂੰ ਹਰਾ ਭਰਾ ਰੱਖਣ ਅਤੇ ਜੰਗਲੀ ਬੂਟੇ ਲਗਾਉਣ ਲਈ ਚਲਾਈ ਮੁਹਿੰਮ ਤਹਿਤ ਅੰਮ੍ਰਿਤਸਰ ਦੇ ਫੌਜੀ ਇਲਾਕੇ ਵਿੱਚ ਤਕਰੀਬਨ 6 ਲੱਖ ਬੂਟੇ ਲਗਾਉਣ ਟੀਚਾ ਮਿਥਿਆ ਗਿਆ ਹੈ ਅਤੇ ਇਨ੍ਹਾਂ ਬੂਟਿਆ ਨੂੰ ਲਗਾਉਣ ਦਾ ਖਰਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਅੰਮ੍ਰਿਤਸਰ ਸ੍ਰ. ਕੁਲਦੀਪ ਸਿੰਘ ਨੇ ਦੱਸਿਆ ਕਿ ਆਰਮੀ ਏਰੀਏ ਵਿੱਚ ਇਹ ਬੂਟੇ ਜੰਗਲ ਦੇ ਰੂਪ ਵਿੱਚ ਫੌਜ ਦੇ ਸਹਿਯੋਗ ਅਤੇ ਸਮਾਜਸੇਵੀ ਸੰਸਥਾ ਮਿਸ਼ਨਰੀ ਖੁਦਾਈ ਖਿਦਮਤਗਾਰਾ ਨਵੀਂ ਦਿੱਲੀ ਦੀ ਮਦਦ ਨਾਲ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਫੌਜੀ ਇਲਾਕਿਆਂ ਖਾਸਾ ਕੈਂਟ ਏਰੀਆ, ਤਿੱਬੜੀ ਮਿਲਟਰੀ ਸਟੇਸ਼ਨ, ਬਿਆਸ ਮਿਲਟਰੀ ਸਟੇਸ਼ਨ, ਆਦਮਪੁਰ ਫਾਇਰਿੰਗ ਰੇਂਜ ਅਤੇ ਏਅਰ ਫੋਰਸ ਸਟੇਸ਼ਨ ਅੰਮ੍ਰਿਤਸਰ ਵਿੱਚ ਬੂਟੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਹੁਣ ਤੱਕ ਇਨ੍ਹਾਂ ਇਲਾਕਿਆ ਵਿੱਚ 5 ਲੱਖ ਦੇ ਕਰੀਬ ਬੂਟੇ ਲੱਗ ਚੁੱਕੇ ਹਨ ਅਤੇ ਹੋਰ ਬੂਟੇ ਵੀ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਰਗੇ ਇਤਿਹਾਸਕ ਅਤੇ ਪਵਿੱਤਰ ਸ਼ਹਿਰ ਵਿੱਚ ਸੜਕਾਂ ਦੇ ਚੌੜਾ ਹੋਣ ਅਤੇ ਰਹਾਇਸ਼ੀ ਕਲੋਨੀਆਂ ਲਗਾਤਾਰ ਵਧਣ ਕਰਕੇ, ਜੰਗਲੀ ਰਕਬੇ ਵਿੱਚ ਹੋ ਰਹੇ ਘਾਟੇ ਨੂੰ ਪੂਰਾ ਕਰਨ ਅਤੇ ਵਾਤਾਵਰਣ ਤੇ ਆਬੋ-ਹਵਾ ਨੂੰ ਸਾਫ ਰੱਖਣ ਲਈ, ਇਹ ਬੂਟੇ ਜੰਗਲ ਦੇ ਰੂਪ ਵਿੱਚ ਆਰਮੀ ਏਰੀਆ ਵਿੱਚ ਜੂਨ 2011 ਤੋਂ ਅਕਤੂਬਰ 2011 ਤੱਕ ਲਗਾਏ ਜਾ ਰਹੇ ਹਨ, ਜਿੰਨਾਂ ਵਿੱਚ ਸਾਰੇ ਪੁਰਾਣੇ ਰੁੱਖ ਜਿਵੇਂ ਅਮਲਤਾਸ, ਗੁਲਮੋਹਰ, ਆਮਲਾ, ਕਰੀਰ, ਚੰਪਾ-ਚਮੇਲੀ, ਬਾਂਸ, ਬਹੇੜ੍ਹਾ, ਨਿੰਮ, ਟਾਹਲੀ, ਕਿੱਕਰ, ਬੇਰੀ, ਲਸੂੜਾ ਤੇ ਲਸੂੜੀ ਤੋਂ ਇਲਾਵਾ ਲਗਭਗ 256 ਕਿਸਮ ਦੇ ਛਾਂ-ਦਾਰ, ਫਲਦਾਰ ਅਤੇ ਫੁੱਲਾਂ ਦੇ ਬੂਟੇ ਲਗਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਆਰਮੀ ਏਰੀਏ ਵਿੱਚ ਜੰਗਲ ਦੀ ਤਰ੍ਹਾਂ ਬੂਟੇ ਲਗਾਏ ਜਾ ਰਹੇ ਹਨ ਅਤੇ ਆਸ ਹੈ ਕਿ ਫੌਜੀਆਂ ਵੱਲੋਂ ਕੀਤੀ ਵਧੀਆ ਸਾਂਭ ਸੰਭਾਲ ਸਦਕਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਇਹ ਉਪਰਾਲਾ ਸਫਲ ਸਾਬਤ ਹੋਵੇਗਾ।