October 21, 2011 admin

ਚੰਡੀਗੜ੍ਹ ਰਾਜ ਦੀਆਂ ਅੰਤਰ-ਸਕੂਲ ਗੱਤਕਾ ਖੇਡਾਂ 24 ਤੋਂ

ਚੰਡੀਗੜ – ਗੱਤਕਾ ਖੇਡ ਨੂੰ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ (ਐਸ.ਜੀ.ਐਫ.ਆਈ.) ਵਲੋਂ ਮਾਨਤਾ ਮਿਲਣ ਉਪਰੰਤ ਚੰਡੀਗੜ੍ਹ ਰਾਜ ਦੀਆਂ ਅੰਤਰ-ਸਕੂਲ ਗੱਤਕਾ ਖੇਡਾਂ (ਲੜਕੇ ਤੇ ਲੜਕੀਆਂ) ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-47 ਵਿਖੇ ਕਰਵਾਈਆਂ ਜਾ ਰਹੀਆਂ ਹਨ ਜੋ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਵਾਨਿਤ ਨਿਯਮਾਂ ਤਹਿਤ ਕਰਵਾਈਆਂ ਜਾਣਗੀਆਂ। ਅੱਜ ਇੱਥੇ ਇਹ ਜਾਣਕਾਰੀ ਚੰਡੀਗੜ੍ਹ ਗੱਤਕਾ ਐਸੋਸ਼ੀਏਸ਼ਨ (ਰਜਿ.) ਦੇ ਪ੍ਰਧਾਨ ਡਾ. ਦੀਪ ਸਿੰਘ ਨੇ ਦਿੰਦਿਆਂ ਦੱਸਿਆ ਕਿ ਇਨ੍ਹਾਂ ਰਾਜ ਪੱਧਰੀ ਖੇਡਾਂ ਦੌਰਾਨ 19 ਸਾਲ ਤੋਂ ਘੱਟ ਉਮਰ ਵਰਗ ਵਿੱਚ ਲੜਕਿਆਂ ਦੀਆਂ ਗੱਤਕਾ ਖੇਡਾਂ 24 ਤੇ 25 ਅਕਤੂਬਰ ਨੂੰ ਅਤੇ ਲੜਕੀਆਂ ਦੀਆਂ 27 ਤੇ 28 ਅਕਤੂਬਰ ਨੂੰ ਹੋਣਗੀਆਂ। ਇਨ੍ਹਾਂ ਖੇਡਾਂ ਲਈ ਗੱਤਕਾ ਆਫੀਸ਼ੀਅਲਾਂ ਦੀਆਂ ਡਿਉਟੀਆਂ ਲਾਉਣ ਅਤੇ ਹੋਰ ਪ੍ਰਬੰਧਾਂ ਸਬੰਧੀ ਅੱਜ ਇੱਥੇ ਚੰਡੀਗੜ੍ਹ ਗੱਤਕਾ ਐਸੋਸ਼ੀਏਸ਼ਨ ਦੇ ਪ੍ਰਧਾਨ ਡਾ. ਦੀਪ ਸਿੰਘ ਦੀ ਪ੍ਰਧਾਨਗੀ ਇੱਕ ਮੀਟਿੰਗ ਐਸੋਸ਼ੀਏਸ਼ਨ ਦੇ ਮੁੱਖ ਦਫਤਰ ਗੁਰਦੁਆਰਾ ਕੰਪਲੈਕਸ, ਸੈਕਟਰ 22ਡੀ ਵਿਖੇ ਹੋਈ। ਉਹਨਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਪਹਿਲੀ ਵਾਰ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਵਿੱਚ ਵਿੱਚ ਲਗਭਗ ਦਰਜਨ ਸਕੂਲਾਂ ਦੇ ਗੱਤਕਾ ਖਿਡਾਰੀ ਭਾਗ ਲੈਣਗੇ। ਉਹਨਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੌਰਾਨ ਚੰਡੀਗੜ੍ਹ ਗੱਤਕਾ ਐਸੋਸੀਏਸਨ ਵਲੋਂ ਆਫੀਸ਼ਿਅਲਜ਼ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਹੋਰ ਪ੍ਰਬੰਧਾਂ ਵਿੱਚ ਵੀ ਐਸੋਸ਼ੀਏਸ਼ਨ ਖੇਡ ਵਿਭਾਗ ਚੰਡੀਗੜ੍ਹ ਨੂੰ ਪੂਰਨ ਸਹਿਯੋਗ ਦੇਵੇਗੀ। ਉਨਾਂ ਕਿਹਾ ਕਿ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵੱਲੋਂ ਆਪਣੇ ਖੇਡ ਕੈਲੰਡਰ ਵਿੱਚ ਸ਼ਾਮਲ ਕਰਨ ਨਾਲ ਗੱਤਕਾ ਖੇਡ ਇਸ ਵਾਰ 56ਵੀਆਂ ਕੌਮੀ ਸਕੂਲ ਖੇਡਾਂ ਦਾ ਹਿੱਸਾ ਬਣਨ ਜਾ ਰਹੀ ਹੈ ਜਿਸ ਤਹਿਤ 20 ਤੋਂ 26 ਨਵੰਬਰ ਤੱਕ ਹੋਣ ਵਾਲੀਆਂ ਕੌਮੀ ਸਕੂਲ ਖੇਡਾਂ ਦੇ ਗੱਤਕਾ ਮੁਕਾਬਲੇ ਲੁਧਿਆਣਾ ਵਿਖੇ ਹੋਣਗੇ ਅਤੇ ਚੰਡੀਗੜ੍ਹ ਵਿਖੇ ਰਾਜ ਪੱਧਰੀ ਗੱਤਕਾ ਮੁਕਾਬਲਿਆਂ ਦੌਰਾਨ ਚੁਣੀ ਗਈ ਟੀਮ ਇਸ ਕੌਮੀ ਗੱਤਕਾ ਚੈਂਪੀਅਨਸ਼ਿਪ ਵਿੱਚ ਭਾਗ ਲਵੇਗੀ।
ਉਨ੍ਹਾਂ ਕਿਹਾ ਕਿ ਗੱਤਕਾ ਹੁਣ ਖੇਡ ਵਜੋਂ ਪ੍ਰਮਾਣਿਤ ਹੋਣ ਕਾਰਨ ਹੁਣ ਕੋਈ ਵੀ ਵਿਅਕਤੀ ਰਵਾਇਤੀ ਖੇਡ ਪੁਸ਼ਾਕ ਪਹਿਨ ਕੇ ਇਸ ਖੇਡ ਵਿੱਚ ਭਾਗ ਲੈ ਸਕਦਾ ਹੈ। ਪ੍ਹਧਾਨ ਡਾ: ਦੀਪ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਰਾਜ ਵਿੱਚ ਗੱਤਕਾ ਖੇਡ ਦੀ ਪ੍ਰਫੁੱਲਤਾ ਲਈ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਗੱਤਕਾ ਸੈਮੀਨਾਰ-ਕਮ-ਵਰਕਸ਼ਾਪ ਅਤੇ ਰਾਜ ਪੱਧਰੀ ਦੇ ਗੱਤਕਾ ਖੇਡ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਗੱਤਕਾ ਖੇਡ ਨੂੰ ਇਹ ਮਾਨਤਾ ਮਿਲਣਾ ਸਮੂਹ ਗੱਤਕੇਬਾਜਾਂ ਅਤੇ ਗੱਤਕਾ ਪ੍ਰੇਮੀਆਂ ਲਈ ਬਹੁਤ ਫਖਰ ਅਤੇ ਖੁਸ਼ੀ ਵਾਲੀ ਗੱਲ ਹੈ। ਇਸ ਮੌਕੇ ਉਹਨਾਂ ਨਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ: ਹਰਦੀਪ ਸਿੰਘ ਬਿੱਟੂ, ਸੀਨੀਅਰ ਮੀਤ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਬਰਾੜ, ਮੀਤ ਪ੍ਰਧਾਨ ਸ੍ਰੀ ਕੁਲਦੀਪ ਸਿੰਘ ਡੀ.ਐਫ.ਐਸ.À. ਮੋਹਾਲੀ, ਵਿੱਤ ਸਕੱਤਰ ਸ੍ਰੀ ਅਮਰਜੀਤ ਸਿੰਘ, ਸੰਯੁਕਤ ਸਕੱਤਰ ਸ੍ਰੀ ਕੁਲਵਿੰਦਰ ਸਿੰਘ ਰਾਏ, ਕਨਵੀਨਰ ਸ੍ਰੀ ਗੁਰਜੀਤ ਸਿੰਘ ਬਾਜਵਾ ਤੇ ਗੁਰਪ੍ਰੀਤ ਸਿੰਘ ਸਮੇਤ ਸੀਨੀਅਰ ਕੋਚ ਸ੍ਰੀ ਇੰਦਰਜੋਧ ਸਿੰਘ ਸੰਨ ਵੀ ਹਾਜ਼ਰ ਸਨ।

Translate »