October 21, 2011 admin

ਏ.ਡੀ.ਜੀ.ਪੀ ਵੱਲੋਂ ਤਿਓਹਾਰਾਂ ਦੇ ਮੱਦੇਨਜ਼ਰ ਰੇਲਵੇ ਪੁਲਿਸ ਨੂੰ ਵਧੇਰੇ ਚੌਕਸੀ ਵਰਤਣ ਦੀਆਂ ਹਦਾਇਤਾਂ

ਪਟਿਆਲਾ,  – ਤਿਓਹਾਰਾਂ ਦੇ ਮੱਦੇਨਜ਼ਰ ਪੰਜਾਬ ਰੇਲਵੇ ਦੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਜੀ.ਆਰ.ਪੀ., ਆਰ.ਪੀ.ਐਫ ਅਤੇ ਪੰਜਾਬ ਹੋਮਗਾਰਡਜ਼ ਦੇ ਉੱਚ ਅਧਿਕਾਰੀਆਂ ਦੀ ਅਹਿਮ ਮੀਟਿੰਗ ਵਧੀਕ ਡਾਇਰੈਕਟਰ ਜਨਰਲ ਪੁਲਿਸ, ਰੇਲਵੇ ਅਤੇ ਟਰੈਫਿਕ ਪੰਜਾਬ, ਚੰਡੀਗੜ੍ਹ ਸ਼੍ਰੀ ਆਰ.ਪੀ. ਸਿੰਘ ਦੀ ਪ੍ਰਧਾਨਗੀ ਹੇਠ ਪੁਲਿਸ ਲਾਈਨ ਜੀ.ਆਰ.ਪੀ ਪਟਿਆਲਾ ਵਿਖੇ ਹੋਈ । ਇਸ ਮੌਕੇ ਸ਼੍ਰੀ ਆਰ.ਪੀ ਸਿੰਘ ਨੇ ਕਿਹਾ ਕਿ ਰੇਲਵੇ ਇੱਕ ਅਸਾਨ ਨਿਸ਼ਾਨਾ ਹੋਣ ਕਾਰਨ ਇਸ ਦੀ ਸੁਰੱਖਿਆ ਨੂੰ ਵਧੇਰੇ ਮਜਬੂਤ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ । ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਕਿ ਰੇਲਗੱਡੀਆਂ ਵਿੱਚ ਚੌਕਸੀ ਵਧਾਉਂਦੇ ਹੋਏ ਲਗਾਤਾਰ ਜਾਂਚ ਮੁਹਿੰਮ ਜਾਰੀ ਰੱਖੀ ਜਾਵੇ ਤਾਂ ਜੋ ਸ਼ਰਾਰਤੀ ਅਨਸਰਾਂ ਦੀਆਂ ਕਾਰਵਾਈਆਂ ਨੂੰ ਸਮੇਂ ਸਿਰ ਰੋਕਿਆ ਜਾ ਸਕੇ ।
ਇਸ ਮੌਕੇ ਰੇਲਵੇ ਪੁਲਿਸ ਦੇ ਉੱਚ-ਅਧਿਕਾਰੀਆਂ ਵੱਲੋਂ ਜੀ.ਆਰ.ਪੀ ਅਤੇ ਆਰ.ਪੀ.ਐਫ ਦੀਆਂ ਟੀਮਾਂ ਬਣਾਉਣ ਲਈ ਸੁਝਾਅ ਪੇਸ਼ ਕੀਤੇ ਗਏ ਤਾਂ ਜੋ ਮਾੜੀਆਂ ਘਟਨਾਵਾਂ ਨੂੰ ਨੱਥ ਪਾਈ ਜਾ ਸਕੇ । ਇਸ ਮੌਕੇ ਪਿਛਲੇ ਦਿਨੀਂ ਜੀ.ਆਰ.ਪੀ ਵੱਲੋਂ ਸ਼ੁਰੂ ਕੀਤੀ ਗਈ ਵੈਬਸਾਈਟ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਦੌਰਾਨ ਏ.ਡੀ.ਜੀ.ਪੀ ਨੇ ਕਿਹਾ ਕਿ ਰੇਲਵੇ ਪੁਲਿਸ ਪੰਜਾਬ ਵੱਲੋਂ ਮੌਜੂਦਾ ਸਾਲ ਵਿੱਚ ਜੁਰਮ ਦੀਆਂ ਘਟਨਾਵਾਂ ਨੂੰ ਰੋਕਣ ਲਈ ਸ਼ਲਾਘਾਯੋਗ ਕਦਮ ਪੁੱਟੇ ਗਏ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੀ ਰੇਲਵੇ ਪੁਲਿਸ ਨੇ 15.50 ਕਿਲੋ ਅਫੀਮ, 395 ਕਿਲੋਗ੍ਰਾਮ ਭੁੱਕੀ, 2807 ਬੋਤਲਾਂ ਨਜਾਇਜ਼ ਸ਼ਰਾਬ, 402 ਬੋਤਲਾਂ ਸ਼ਰਾਬ ਠੇਕਾ, 4 ਪਿਸਤੌਲਾਂ/ਰਿਵਾਲਵਰ, 31.36 ਕਿਲੋ ਚਰਸ ਤੋਂ ਇਲਾਵਾ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ, ਨਸ਼ੀਲੇ ਟੀਕੇ ਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਜੀ.ਆਰ.ਪੀ ਪੰਜਾਬ ਵੱਲੋਂ ਸਥਾਨਕ ਅਤੇ ਵਿਸ਼ੇਸ਼ ਕਾਨੂੰਨ ਅਧੀਨ ਪਿਛਲੇ ਸਾਲ ਨਾਲੋਂ ਇਸ ਸਾਲ 100 ਪ੍ਰਤੀਸ਼ਤ ਤੋਂ ਵੱਧ ਬਰਾਮਦਗੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਇਸ ਸਾਲ ਦੌਰਾਨ ਚੋਰੀ ਦੇ ਕੇਸਾਂ ਵਿੱਚ 5 ਲੱਖ 6 ਹਜ਼ਾਰ 602 ਰੁਪਏ ਬਰਾਮਦ ਕੀਤੇ ਗਏ ਹਨ ਜਦਕਿ ਪਿਛਲੇ ਸਾਲ ਚੋਰੀ ਦੇ ਕੇਸਾਂ ਦੀ ਕੁੱਲ ਬਰਾਮਦਗੀ 2 ਲੱਖ 84 ਹਜ਼ਾਰ 54 ਰੁਪਏ ਸੀ ।
ਇਸ ਮੀਟਿੰਗ ਵਿੱਚ ਆਈ.ਜੀ. ਰੇਲਵੇ ਸ਼੍ਰੀ ਰੋਹਿਤ ਚੌਧਰੀ, ਸ਼੍ਰੀ ਅਲੋਕ ਕੁਮਾਰ ਡੀ.ਐਸ.ਸੀ. ਰੇਲਵੇ ਪ੍ਰੋਟੈਕਸ਼ਨ ਫੋਰਸ ਫਿਰੋਜ਼ਪੁਰ, ਸ਼੍ਰੀ ਪਾਲ ਸਿੰਘ ਧਾਲੀਵਾਲ ਕਮਾਂਡੈਂਟ ਪੰਜਾਬ ਹੋਮਗਾਰਡਜ਼, ਸ਼੍ਰੀ ਝਲਮਨ ਸਿੰਘ ਐਸ.ਪੀ, ਜੀ.ਆਰ.ਪੀ ਜਲੰਧਰ ਤੋਂ ਇਲਾਵਾ ਥਾਣਾ ਰੇਲਵੇ ਪੁਲਿਸ ਅਤੇ ਚੌਕੀ ਇੰਚਾਰਜਾਂ ਨੇ ਵੀ ਸ਼ਮੂਲੀਅਤ ਕੀਤੀ ।

Translate »