October 21, 2011 admin

ਰਾਜ ‘ਚੋਂ ਭ੍ਰਿਸ਼ਟਾਚਾਰ ਨੂੰ ਜੜੋਂ ਪੁੱਟਣ ‘ਚ ਲੋਕ ਸਰਕਾਰ ਦਾ ਸਾਥ ਦੇਣ-ਵਿੱਤ ਮੰਤਰੀ

ਕਪੂਰਥਲਾ – ‘ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਸਾਸ਼ਨ ਦੇਣ ਲਈ ਹਰ ਉਹ ਕਦਮ ਚੁੱਕ ਰਹੀ ਹੈ, ਜਿਸ ਨਾਲ ਤਾਕਤ ਆਮ ਲੋਕਾਂ ਨੂੰ ਮਿਲੇ ਅਤੇ ਪ੍ਰਸ਼ਾਸ਼ਨ ਜੁਆਬਦੇਹ ਹੋਵੇ। ਇਸ ਲਈ ਹਾਲ ਹੀ ‘ਚ ਸਰਕਾਰ ਵੱਲੋਂ ਸੇਵਾ ਅਧਿਕਾਰ ਕਾਨੂੰਨ ਪਾਸ ਕੀਤਾ ਗਿਆ ਹੈ, ਜਿਸ ਤਹਿਤ ਲੋਕਾਂ ਨੂੰ ਸੇਵਾ ਦਾ ਅਧਿਕਾਰ ਮਿਲ ਗਿਆ ਹੈ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਵਿਤ ਤੇ ਯੋਜਨਾ ਮੰਤਰੀ ਬੀਬੀ ਉਪਿੰਦਰਜੀਤ ਕੌਰ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਇਹ ਕੋਸ਼ਿਸ਼ਾਂ ਤਾਂ ਹੀ ਸਫਲ ਹੋ ਸਕਦੀਆਂ ਹਨ, ਜੇਕਰ ਲੋਕ ਸਰਕਾਰ ਦਾ ਸਾਥ ਦੇਣ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਖੋਲ੍ਹੇ ਗਏ ਸਾਂਝ ਕੇਂਦਰ ਵੀ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਉਣ ਦਾ ਇਕ ਯਤਨ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਇਹ ਸੁਪਨਾ ਹੈ ਕਿ ਰਾਜ ਦੇ ਆਮ ਲੋਕਾਂ ਨੂੰ ਇੰਨੇ ਕੁ ਸੁੱਖ, ਅਰਾਮ, ਸਹੂਲਤਾਂ ਦਿੱਤੀਆਂ ਜਾਣ ਕਿ ਉਹ ਆਪਣੇ ਆਪ ਨੂੰ ਅਜ਼ਾਦ ਦੇਸ਼ ਦੇ ਬਾਸ਼ਿੰਦੇ ਮਹਿਸੂਸ ਕਰ ਸਕਣ। ਉਨ੍ਹਾਂ ਦੱਸਿਆ ਕਿ ਸੇਵਾ ਅਧਿਕਾਰ ਕਾਨੂੰਨ ਲਾਗੂ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ ਅਤੇ ਜਿਸ ਤਰਾਂ ਪੰਜਾਬ ਨੇ ਸਮੇਂ-ਸਮੇਂ ਦੇਸ਼ ਦੀ ਹੋਰ ਖੇਤਰਾਂ ‘ਚ ਅਗਵਾਈ ਕੀਤੀ ਸੀ, ਹੁਣ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਉਣ ‘ਚ ਵੀ ਅਗਵਾਈ ਕਰੇਗਾ। ਉਨ੍ਹਾਂ ਕਿਹਾ ਕਿ ਕੇਂਦਰ ‘ਚ ਚੱਲ ਰਹੀ ਕਾਂਗਰਸ ਦੀ ਅਗਵਾਈ ਹੇਠਲੀ ਸਰਕਾਰ ਨਿੱਤ ਨਵੇਂ ਘਪਲਿਆਂ ‘ਚ ਫਸ ਰਹੀ ਹੈ ਅਤੇ ਇਸ ਖਿਲਾਫ ਆਮ ਲੋਕ ਸੜਕਾਂ ‘ਤੇ ਉਤਰ ਚੁੱਕੇ ਹਨ, ਜਦਕਿ ਇਸਦੇ ਉਲਟ ਪੰਜਾਬ ‘ਚ ਬਾਦਲ ਸਰਕਾਰ ਲੋਕ ਹਿੱਤੂ ਕਾਨੂੰਨ ਬਣਾ ਕੇ ਆਮ ਲੋਕਾਂ ਨੂੰ ਸੱਤਾ ਦਾ ਸੁੱਖ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ‘ਚ ਕਰੀਬ ਇਕ ਲੱਖ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ ਅਤੇ ਦਿੱਤਾ ਵੀ ਮੈਰਿਟ ਦੇ ਅਧਾਰ ‘ਤੇ, ਕੋਈ ਸਿਫਾਰਸ਼ ਨਹੀਂ, ਕੋਈ ਪੈਸਾ ਨਹੀਂ, ਘਰ ਬੈਠੇ ਨੌਕਰੀ ਲਈ ਅਵਾਜ਼ ਪਈ ਹੈ।

Translate »