ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੱਲ ਰਹੇ ਯੁਵਕ ਮੇਲੇ ਵਿੱਚ ਅੱਜ ਸ਼ਾਮ ਸੁਗਮ ਸੰਗੀਤ ਮੁਕਾਬਲੇ ਕਰਵਾਏ ਗਏ। ਇਹ ਸ਼ਾਮ ਉੱਘੇ ਗ਼ਜ਼ਲ ਗਾਇਕ ਸਵ: ਜਗਜੀਤ ਸਿੰਘ ਅਤੇ ਯੂਨੀਵਰਸਿਟੀ ਦੇ ਅਧਿਆਪਕ ਸਵ: ਕਸ਼ਮੀਰ ਜਤਿੰਦਰ ਸਿੰਘ ਨੂੰ ਸਮਰਪਿਤ ਕੀਤੀ ਗਈ। ਸ਼ਾਮ ਦੇ ਸਮਾਗਮ ਦੇ ਮੁੱਖ ਮਹਿਮਾਨ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਵੀ ਕੇ ਤਨੇਜਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀਆਂ ਨੇ ਫੁੱਲ ਪੱਤੀਆਂ ਭੇਂਟ ਕਰਕੇ ਇਨ੍ਹਾਂ ਦੋਹਾਂ ਕਲਾਕਾਰਾਂ ਨੂੰ ਸ਼ਰਧਾਜ਼ਲੀ ਦਿੱਤੀ। ਡਾ: ਵੀ ਕੇ ਤਨੇਜਾ ਦੇ ਨਾਲ ਆਏ ਸ਼੍ਰੀਮਤੀ ਤਨੇਜਾ ਅਤੇ ਡਾ: ਢਿੱਲੋਂ ਦੀ ਧਰਮ ਪਤਨੀ ਡਾ: ਪਰਮਜੀਤ ਕੌਰ ਢਿੱਲੋਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਆਰਗੇਨਾਈਜਿੰਗ ਸੈਕਟਰੀ ਡਾ: ਨਿਰਮਲ ਜੌੜਾ ਨੇ ਦੱਸਿਆ ਕਿ 22 ਅਤੇ 23 ਅਕਤੂਬਰ ਨੂੰ ਨਾਟਕੀ ਪੇਸ਼ਕਾਰੀਆਂ ਦਾ ਦਿਨ ਹੋਵੇਗਾ। ਇਹ ਦੋਵੇਂ ਦਿਨ ਡਾ: ਕੇਸ਼ੋ ਰਾਮ ਸ਼ਰਮਾ ਅਤੇ ਉੱਘੇ ਨਾਟਕਕਾਰ ਸ: ਗੁਰਸ਼ਰਨ ਸਿੰਘ ਨੂੰ ਸਮਰਪਿਤ ਕੀਤੇ ਜਾਣਗੇ।