ਹੁਸ਼ਿਆਰਪੁਰ – ਪੰਜਾਬ ਸਰਕਾਰ ਵੱਲੋਂ ਸਾਲ 2011-12 ਦੌਰਾਨ ਮਾਈ ਭਾਗੋ ਸਕੀਮ ਤਹਿਤ ਸਰਕਾਰੀ ਸਕੂਲਾਂ ਵਿੱਚ 10+1 ਅਤੇ 10+2 ਵਿੱਚ ਪੜ੍ਹਦੀਆਂ ਲੜਕੀਆਂ ਨੂੰ ਜੋ ਆਪਣੇ ਸਕੂਲ ਨੂੰ ਕੁਝ ਦੂਰੀ ਤੋਂ ਆਉਂਦੀਆਂ ਹਨ, ਨੂੰ ਮੁਫ਼ਤ ਸਾਈਕਲ ਦੇਣ ਲਈ 75 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੇਲਵੇ ਮੰਡੀ ਅਤੇ ਪਿੱਪਲਾਂਵਾਲਾ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲ ਦੇਣ ਮੌਕੇ ਕੀਤਾ।
ਸ੍ਰੀ ਸੂਦ ਨੇ ਕਿਹਾ ਪਿੰਡਾਂ ਤੋਂ ਆਉਂਦੀਆਂ ਲੜਕੀਆਂ ਨੂੰ ਪੜਾਈ ਵਿੱਚ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਅਤੇ ਲੜਕੀਆਂ ਵੱਲੋਂ ਪੜਾਈ ਵਿਚਾਲੇ ਛੱਡਣ ਨੂੰ ਘੱਟ ਕਰਨ ਦਾ ਸਰਕਾਰ ਵੱਲੋਂ ਇਹ ਨਵਾਂ ਉਪਰਾਲਾ ਕੀਤਾ ਗਿਆ ਹੈ ਜੋ ਕਿ ਬਹੁਤ ਲਾਹੇਵੰਦ ਸਾਬਤ ਹੋਵੇਗਾ। ਇਸ ਵਿੱਚ ਲੜਕੀਆਂ ਨੂੰ ਪਿੰਡਾਂ ਤੋਂ ਆਪਣੇ ਸਕੂਲਾਂ ਵਿੱਚ ਜਾਣ ਅਤੇ ਆਣ ਵਿੱਚ ਕਾਫ਼ੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਵਿੱਚ ਗਿਆਰਵੀਂ ਅਤੇ ਬਾਹਰਵੀਂ ਦੀਆਂ ਕੁਲ 9147 ਵਿਦਿਆਰਥਣਾਂ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਸਕੀਮ ਅਧੀਨ ਮੁਫ਼ਤ ਸਾਈਕਲ ਵੰਡੇ ਜਾ ਰਹੇ ਹਨ ਅਤੇ 2 ਕਰੋੜ 60 ਲੱਖ 77 ਹਜ਼ਾਰ 650 ਰੁਪਏ ਦਾ ਬਜ਼ਟ ਸਾਈਕਲ ਖਰੀਦ ਕਰਨ ਲਈ ਜਾਰੀ ਕੀਤਾ ਗਿਆ ਹੈ। ਉਨ੍ਹਾਂਕਿਹਾ ਕਿ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਾਈ ਭਾਗੋ ਸਕੀਮ ਤਹਿਤ ਰੇਲਵੇ ਮੰਡੀ ਵਿਖੇ ਗਿਆਰਵੀਂ ਦੀਆਂ 490 ਵਿਦਿਆਰਥਣਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਾਲਾ ਦੀਆਂ 39 ਵਿਦਿਆਰਥਣਾਂ ਨੂੰ ਸਾਈਕਲ ਦਿੱਤੇ ਗਏ ਹਨ।
ਉਨ੍ਹਾਂ ਹੋਰ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੇ ਸੁਨੇਹੇ ਵਿੱਚ ਲੜਕੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੀਵਾਰ ਅਤੇ ਸਮਾਜ ਦੀ ਤਰੱਕੀ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਔਰਤ ਹੀ ਸਮਾਜ ਦਾ ਅਜਿਹਾ ਅੰਗ ਹੈ ਜੋ ਕਿ ਜਨਮ ਤੋਂ ਲੈ ਕੇ ਇੱਕ ਬੇਟੀ, ਭੈਣ, ਪਤਨੀ ਅਤੇ ਮਾਂ ਦੇ ਰੂਪ ਵਿੱਚ ਆਪਣੀ ਭੂਮਿਕਾ ਨਿਭਾਉਂਦੀ ਹੋਈ ਪ੍ਰੀਵਾਰ ਦੇ ਮੈਂਬਰਾਂ ਅਤੇ ਸਮਾਜ ਨੂੰ ਸੇਧ ਦਿੰਦੀ ਹੈ ਅਤੇ ਸਮਾਜ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾਂ ਯਤਨਸ਼ੀਲ ਰਹੀ ਹੈ ਕਿ ਕੋਈ ਵੀ ਲੜਕੀ ਵਿਦਿਆ ਜਿਹੇ ਅਨਮੋਲ ਖ਼ਜਾਨੇ ਤੋਂ ਵਾਂਝੀ ਨਾ ਰਹਿ ਜਾਵੇ ਅਤੇ ਉਚੇਰੀ ਵਿਦਿਆ ਪ੍ਰਾਪਤ ਕਰਕੇ ਲੜਕਿਆਂ ਦੇ ਸਮਾਂਨਤਰ ਸਮਾਜ ਵਿੱਚ ਆਪਣਾ ਯੋਗ ਸਥਾਨ ਬਣਾ ਸਕੇ। ਇਸ ਮੌਕੇ ਤੇ ਸ੍ਰੀ ਸੂਦ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੇਲਵੇ ਮੰਡੀ ਵਿਖੇ ਨਵੇਂ ਬਣੇ ਕਮਰਿਆਂ ਦਾ ਉਦਘਾਟਨ ਕੀਤਾ ਅਤੇ ਹੋਰ ਨਵੇਂ ਕਮਰੇ ਬਣਾਉਣ ਲਈ 8.70 ਲੱਖ ਰੁਪਏ ਦਾ ਚੈਕ ਵੀ ਦਿੱਤਾ। ਇਸ ਮੌਕੇ ਤੇ ਸਕੂਲ ਦੇ ਸਟਾਫ਼ ਵੱਲੋਂ ਮੁੱਖ ਮਮਿਹਾਨ ਅਤੇ ਆਏ ਹੋਏ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਜਨਰਲ ਸਕੱਤਰ ਕਮਲਜੀਤ ਸੇਤੀਆ, ਦਿਹਾਤੀ ਮੰਡਲ ਪ੍ਰਧਾਨ ਵਿਜੇ ਪਠਾਨੀਆ, ਲਾਲਾ ਅਮਰ ਨਾਥ ਐਮ ਸੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਸੁਖਵਿੰਦਰ ਕੌਰ, ਕਾਰਜਸਾਧਕ ਅਫ਼ਸਰ ਪਰਮਜੀਤ ਸਿੰਘ, ਪ੍ਰਿੰਸੀਪਲ ਮਿਸ ਉਪਿੰਦਰ ਕੌਰ, ਡੀ ਪੀ ਓ ਅੰਸ਼ੂ ਠਾਕਰ, ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਭਾਜਪਾ ਅਨੰਦਵੀਰ ਸਿੰਘ, ਨਿਪੁੰਨ ਸ਼ਰਮਾ, ਸੁਮਨ, ਕੁਲਵੰਤ ਕੌਰ, ਸੁਨੀਲ ਕੁਮਾਰ, ਐਮ ਐਲ ਸ਼ਰਮਾ, ਰਾਮ ਆਸਰਾ, ਯਸ਼ਪਾਲ ਸ਼ਰਮਾ, ਡਾ ਇੰਦਰਜੀਤ ਸ਼ਰਮਾ, ਸੁਧੀਰ ਸੂਦ, ਕ੍ਰਿਸ਼ਨ ਕੁਮਾਰ, ਸੁਮੀਤਰ ਕੌਰ, ਸਰਬਜੀਤ ਕੌਰ, ਜ਼ਿਲ੍ਹਾ ਪ੍ਰਧਾਨ ਮਹਿਲਾ ਭਾਜਪਾ ਸਤਵੰਤ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।