ਜਲੰਧਰ – ਪੰਜਾਬ ਸਰਕਾਰ ਵਲੋਂ 1 ਨਵੰਬਰ ਤੋਂ 20 ਨਵੰਬਰ 2011 ਤੱਕ ਪੰਜਾਬ ਵਿਚ ਕਰਵਾਏ ਜਾ ਰਹੇ ਦੂਸਰੇ ਵਰਲਡ ਕਬੱਡੀ ਕੱਪ ਟੂਰਨਾਮੈਂਟ ਦੇ 4 ਮੈਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ 16 ਨਵੰਬਰ ਨੂੰ ਕਰਵਾਏ ਜਾ ਰਹੇ ਹਨ ਦੀਆਂ ਤਿਆਰੀਆਂ ਲਈ 15 ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਹ ਜਾਣਕਾਰੀ ਸ੍ਰੀ ਪ੍ਰਿਯਾਂਕ ਭਾਰਤੀ ਡਿਪਟੀ ਕਮਿਸ਼ਨਰ ਜਲੰਧਰ ਨੇ ਅੱਜ ਇਥੇ ਵਰਲਡ ਕਬੱਡੀ ਕੱਪ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਮੇਟੀਆਂ ਵਿਚ ਖਿਡਾਰੀਆਂ ਦੀ ਰਿਹਾਇਸ਼,ਖਾਣਪੀਣ ਦਾ ਪ੍ਰਬੰਧ, ਵੈਨਿਊ ਕਮੇਟੀ, ਸਟੇਜ,ਮੀਡੀਆ,ਸਕਿਊਰਟੀ,ਅਵਾਜਾਈ,ਮੈਡੀਕਲ ਸੇਵਾਵਾਂ,ਸਫਾਈ ਅਤੇ ਸਵਾਗਤੀ ਆਦਿ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਇਨ੍ਹਾਂ ਕਮੇਟੀਆਂ ਦੇ ਇੰਚਾਰਜ ਵੱਖ ਵੱਖ ਜ਼ਿਲ੍ਹਾ ਅਧਿਕਾਰੀਆਂ ਨੂੰ ਲਗਾਇਆ ਗਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੱਖ ਵੱਖ ਕਮੇਟੀਆਂ ਵਿਚ ਤਾਇਨਾਤ ਜ਼ਿਲ੍ਹਾ ਅਧਿਕਾਰੀ ਪੂਰੀ ਜਿੰਮੇਵਾਰੀ ਨਾਲ ਕੰਮ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਵਰਲਡ ਕਬੱਡੀ ਕੱਪ ਦੇ ਜਲੰਧਰ ਵਿਚ ਕਰਵਾਏ ਜਾ ਰਹੇ ਮੈਚ ਸੁਚੱਜੇ ਢੰਗ ਨਾਲ ਕਰਵਾਏ ਜਾ ਸਕਣ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਰਿਹਾਇਸ ਵਾਸਤੇ 100 ਕਮਰਿਆਂ ਦਾ ਪਬ੍ਰੰਧ ਕੀਤਾ ਗਿਆ ਹੈ ਅਤੇ ਖਿਡਾਰੀਆਂ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਖੇਡ ਸਟੇਡੀਅਮ ਤੱਕ ਲਿਜਾਣ ਵਾਸਤੇ ਅਵਾਜਾਈ ਦਾ ਪ੍ਰਬੰਧ ਕੀਤਾ ਗਿਆ ਹੈ।
ਸ੍ਰੀ ਭਾਰਤੀ ਨੇ ਕਿਹਾ ਕਿ ਜਲੰਧਰ ਵਿਚ ਕਰਵਾਏ ਜਾਣ ਵਾਲੇ ਮੁਕਾਬਲਿਆਂ ਵਿਚ ਪਾਕਿਸਤਾਨ ਅਤੇ ਸਪੇਨ, ਇਟਲੀ ਤੇ ਜਰਮਨੀ,ਅਮਰੀਕਾ ਤੇ ਨਾਰਵੇ ਦੀਆਂ ਪੁਰਸ਼ ਟੀਮਾਂ ਤੋਂ ਇਲਾਵਾ ਭਾਰਤ ਅਤੇ ਇਰਾਨ ਦੀਆਂ ਕੁੜੀਆਂ ਦੇ ਕਬੱਡੀ ਮੈਚ ਵੀ ਕਰਵਾਏ ਜਾਣਗੇ ਅਤੇ ਪੰਜਾਬ ਦੇ ਨਾਮਵਰ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਨਗੇ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਦੂਸਰੇ ਵਰਲਡ ਕਬੱਡੀ ਕੱਪ ਟੂਰਨਾਮੈਂਟ ਦਾ ਉਦਘਾਟਨ 01 ਨਵੰਬਰ 2011 ਨੂੰ ਬਠਿੰਡਾ ਵਿਖੇ ਕੀਤਾ ਜਾਵੇਗਾ ਅਤੇ ਟੂਰਨਾਮੈਂਟ ਦਾ ਫਾਈਨਲ ਮੈਚ ਲੁਧਿਆਣਾ ਵਿਚ ਹੋਵੇਗਾ। ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਖਿਤਾਬੀ ਮੁਕਾਬਲੇ ਨਾਲ ਜੋੜਨ ਲਈ ਟੂਰਨਾਮੈਂਟ ਦੇ ਬਾਕੀ ਮੈਚ ਫਰੀਦਕੋਟ, ਪਟਿਆਲਾ,ਗੁਰਦਾਸਪੁਰ,ਸ਼ਹੀਦ ਭਗਤ ਸਿੰਘ ਨਗਰ,ਸੰਗਰੂਰ,ਮੋਗਾ,ਮੁਕਤਸਰ, ਫਿਰੋਜਪੁਰ, ਕਪੂਰਥਲਾ, ਅੰਮ੍ਰਿਤਸਰ, ਹੁਸਿਆਰਪੁਰ,ਮਾਨਸਾ ਅਤੇ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ। ਇਸ ਮੌਕੇ ਕੈਪਟਨ ਕਰਨੈਲ ਸਿੰਘ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ, ਸ੍ਰੀ ਇਕਬਾਲ ਸਿੰਘ ਸੰਧੂ ਐਸ.ਡੀ.ਐਮ. ਜਲੰਧਰ 1, ਸ੍ਰੀ ਰਾਕੇਸ਼ ਕੌਸ਼ਲ ਜ਼ਿਲ੍ਹਾ ਖੇਡ ਅਫਸਰ ਜਲੰਧਰ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।