October 22, 2011 admin

ਮਨਪ੍ਰੀਤ ਨੇ ਬੁੱਕਲ ਦਾ ਸੱਪ ਹੋਣ ਦਾ ਸਬੂਤ ਦਿੱਤਾ: ਪ੍ਰੋ. ਚੰਦੂਮਾਜਰਾ

*ਪੰਥ ਦਾ ਭਗੌੜਾ ਇੰਗਲੈਂਡ ਤੋਂ ‘ਬਾਰ ਐਟ ਲਾਅ’ ਨਹੀਂ ਬਲਕਿ ਗੱਦਾਰੀ ਦੀ ਡੀ ਲਿਟ ਕਰ ਕੇ ਆਇਆ ਹੈ
*ਗੱਦਾਰ ਬਾਦਲ ਨਹੀਂ ਬਲਕਿ ਸਿੱਖਾਂ ਦੀ ਕਾਤਲ ਦਿੱਲੀ ਨਾਲ ਹੱਥ ਮਿਲਾਉਣ ਵਾਲਾ ਮਨਪ੍ਰੀਤ ਹੈ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅਕਾਲੀ ਦਲ ਅਤੇ ਆਪਣੇ ਸਿਆਸੀ ਗੁਰੂ ਤੋਂ ਭਗੌੜੇ ਹੋਏ ਮਨਪ੍ਰੀਤ ਸਿੰਘ ਬਾਦਲ ਵੱਲੋਂ ਦਰਵੇਸ਼ ਸਿਆਸਤਦਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਿਰੁੱਧ ਕੀਤੀ ਹੋਛੀ ਬਿਆਨਬਾਜ਼ੀ ਦਾ ਕਰੜਾ ਨੋਟਿਸ ਲੈਂਦਿਆ ਕਿਹਾ ਹੈ ਕਿ ਆਖਰ ਪੰਥ ਦੇ ਭਗੌੜੇ ਨੇ ਬੁੱਕਲ ਦੇ ਸੱਪ ਦੇ ਰੂਪ ਵਿੱਚ ਆਪਣਾ ਅਸਲੀ ਰੂਪ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਆਗੂ ਦੀ ਭੱਦੀ ਅਤੇ ਗੈਰ ਸੰਸਦੀ ਸ਼ਬਦਾਵਲੀ ਤੋਂ ਸਾਬਤ ਹੋ ਗਿਆ ਹੈ ਕਿ ਇਹ ਆਗੂ ਇੰਗਲੈਂਡ ਤੋਂ ‘ਬਾਰ ਐਟ ਲਾਅ’ ਨਹੀਂ ਬਲਕਿ ਗੱਦਾਰੀ ਦੀ ‘ਡੀ ਲਿਟ’ ਕਰ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਗੱਦਾਰਾਂ ਨੂੰ ਗੱਦਾਰੀ ਸ਼ਬਦ ਵਰਤਣ ਤੋਂ ਪਹਿਲਾਂ 100 ਵਾਰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਗਿੱਦੜਬਾਹਾ ਦੀ ਜ਼ਿਮਨੀ ਚੋਣ ਉਪਰੰਤ ਪਤਿਤ ਹੋ ਕੇ ਸ੍ਰੀ ਅਕਾਲ ਤਖਤ ਤੋਂ ਭਗੌੜਾ ਹੋਇਆ ਆਗੂ ਅੱਜ ਕਿਹੜੇ ਮੂੰਹ ਨਾਲ ਪੰਥ ਦੇ ਸਰਬ ਪ੍ਰਵਾਨਿਤ ਆਗੂਆਂ ਵਿਰੁੱਧ ਕੂਫਰ ਤੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਗੁਰੂ, ਪੰਥ ਅਤੇ ਵੋਟਰਾਂ ਦਾ ਭਗੌੜਾ ਕਿਸ ਮੂੰਹ ਨਾਲ ਗੱਦਾਰੀ ਦੀ ਪਰਿਭਾਸ਼ਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਹਾਲੀਆ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਇਸ ਆਗੂ ਨੂੰ ਦਿਖਾਈ ਗਈ ਸਿਆਸੀ ਵੁੱਕਤ ਉਪਰੰਤ ਇਹ ਆਗੂ ਆਪਣਾ ਮਾਨਸਿਕ ਤਵਾਜਨ ਗੁਆ ਬੈਠਾ ਹੈ। ਆਪਣੇ ਹੀ ਸਾਥੀਆਂ ਅਤੇ ਪੰਜਾਬ ਦੇ ਲੋਕਾਂ ਵੱਲੋਂ ਬੁਰੀ ਤਰ੍ਹਾਂ ਨਕਾਰੇ ਗਏ ਇਸ ਆਪੂ ਬਣੇ ਪ੍ਰਧਾਨ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਖਬਰਾਂ ਵਿੱਚ ਬਣੇ ਰਹਿਣ ਲਈ ਕੀਤੀ ਜਾ ਰਹੀ ਹੋਛੀ ਬਿਆਨਬਾਜ਼ੀ ਲਈ ਜਮਹੂਰੀਅਤ ਵਿੱਚ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਚਾਰ ਬਜਟ ਪੇਸ਼ ਕਰਨ ਦੇ ਬਾਵਜੂਦ ਕਿਸੇ ਵੀ ਪਾਸਿਓ ਕੋਈ ਸ਼ਾਬਾਸੀ ਲੈਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਿਹਾ ਇਹ ਆਗੂ ਕਿਹੜੇ ਮੂੰਹ ਨਾਲ ਰਾਜ ਦੇ ਵਿੱਤੀ ਹਾਲਾਤ ‘ਤੇ ਟਿੱਪਣੀ ਕਰਦਾ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਦੀ ਕਾਤਲ ਅਤੇ ਪੰਜਾਬ ਦੇ ਨਾਲ ਪੈਰ-ਪੈਰ ‘ਤੇ ਧੱਕਾ ਕਰਨ ਵਾਲੀ ਦਿੱਲੀ ਦੀ ਚੌਕੀ ਭਰਨ ਵਾਲਾ ਇਹ ਆਗੂ ਕਿਸ ਗੱਦਾਰੀ ਦੀ ਗੱਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੰਜ ਸਾਲਾਂ ਕੁਸ਼ਾਸਨ ਵਿਰੁੱਧ ਨੰਗੇਧੜ ਲੜਨ ਵਾਲੇ ਗੱਦਾਰ ਹਨ ਜਾਂ ਅੰਦਰੋ-ਅੰਦਰੀ ਸਾਂਝ ਪਾਉਣ ਵਾਲਾ ਇਹ ਆਗੂ ਗੱਦਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਹਿੱਤਾਂ ਅਤੇ ਭਲੇ ਲਈ ਆਪਣਾ ਭਰਾ ਅਤੇ ਭਤੀਜਾ ਗੰਵਾਉਣ ਵਾਲਾ ਕਿਸ ਤਰ੍ਹਾਂ ਗੱਦਾਰ ਅਤੇ ਕੁਨਬਾਪ੍ਰਸਤ ਕਿਹਾ ਜਾ ਸਕਦਾ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪਿਛਲੇ ਸਾਢੇ ਪੰਜ ਦਹਾਕਿਆਂ ਤੋਂ ਪੰਜਾਬ ਹੀ ਨਹੀਂ ਬਲਕਿ ਦੇਸ਼ ਦੀ ਸਿਆਸਤ ਵਿੱਚ ਆਪਣਾ ਵੱਖਰਾ ਮੁਕਾਮ ਬਣਾਉਣ ਵਾਲੇ ਸ. ਬਾਦਲ ਦਾ ਸਿਆਸੀ ਜੀਵਨ ਇਕ ਖੁੱਲ੍ਹੀ ਕਿਤਾਬ ਹੈ ਜਿਸ ਵਿੱਚ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਘਰਸ਼ ਅਤੇ ਆਮ ਲੋਕਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਪ੍ਰਤੀ ਨਿਰਸਵਾਰਥ ਯਤਨ ਹੀ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸ. ਬਾਦਲ ਅਤੇ ਉਨ੍ਹਾਂ ਵਾਂਗ ਹੀ ਉਨ੍ਹਾਂ ਦੇ ਉਦਮੀ ਅਤੇ ਪੰਜਾਬ ਦੇ ਸਰਵਪੱਖੀ ਵਿਕਾਸ ਨੂੰ ਪਰਣਾਏ ਸ. ਸੁਖਬੀਰ ਸਿੰਘ ਬਾਦਲ ਬਾਰੇ ਕੋਈ ਟਿੱਪਣੀ ਕਰਨ ਤੋਂ ਪਹਿਲਾਂ ਚੰਗਾ ਹੁੰਦਾ ਕਿ ਜੇ ਮਨਪ੍ਰੀਤ ਸਿੰਘ ਆਪਣਾ ਵੱਖਰਾ ਸਿਆਸੀ ਮੁਕਾਮ ਹਾਸਲ ਕਰ ਚੁੱਕੇ ਹੁੰਦੇ। ਉਨ੍ਹਾਂ ਕਿਹਾ ਕਿ ਕੁਝ ਕਾਕਿਆਂ- ਕੁਝ ਕਜ਼ਨਾਂ ਦੇ ਸਹਿਯੋਗ ਨਾਲ ਰਾਜ ਦਾ ਸਿਆਸੀ ਨਿਜ਼ਾਮ ਬਦਲਣ ਦੇ ਫੁੰਕਾਰੇ ਮਾਰ ਰਿਹਾ ਇਹ ਆਗੂ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਿਆਸੀ ਨਮੋਸ਼ੀ ਕਾਰਨ ਆਪਣੇ ਕਿੰਨੂਆਂ ਦੇ ਬਾਗ ਵਿੱਚੋਂ ਹੀ ਬਾਹਰ ਨਹੀਂ ਨਿਕਲਿਆ ਕਰਨਾ।

Translate »