ਅੰਮ੍ਰਿਤਸਰ – ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਪਿੰਡ ਲੋਪੋਕੇ ਵਿਖੇ ਅੱਜ ਅੰਮ੍ਰਿਤਸਰ ਜ਼ਿਲ੍ਹਾਂ ਯੋਜਨਾ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਸ੍ਰ. ਵੀਰ ਸਿੰਘ ਲੋਪੋਕੇ ਦੀ ਮਾਤਾ ਦਰਸ਼ਨ ਕੌਰ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਗ੍ਰਹਿ ਵਿਖੇ ਦੁੱਖ ਸਾਂਝਾ ਕਰਨ ਲਈ ਵਿਸ਼ੇਸ ਤੌਰ ‘ਤੇ ਪਹੁੰਚੇ। ਇਸ ਮੌਕੇ ਸ੍ਰ. ਲੋਪੋਕੇ ਨਾਲ ਦੁੱਖ ਸਾਂਝਾ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਇੱਕ ਮਾਂ ਦਾ ਇਸ ਦੁਨੀਆਂ ਤੋਂ ਚਲੇ ਜਾਣਾ ਉਸ ਪਰਿਵਾਰ ਲਈ ਬੜਾ ਹੀ ਅਸਿਹਯੋਗ ਹੁੰਦਾ ਹੈ ਪਰ ਪਰਮਾਤਮਾ ਦਾ ਭਾਣਾ ਸਾਨੂੰ ਸਾਰਿਆਂ ਨੂੰ ਮੰਨਣਾ ਪੈਂਦਾ ਹੈ। ਸ੍ਰ. ਬਾਦਲ ਨੇ ਅਰਦਾਸ ਕੀਤੀ ਕਿ ਪਰਮਾਤਮਾ ਮਾਤਾ ਦਰਸ਼ਨ ਕੌਰ ਦੀ ਆਤਮਾ ਨੂੰ ਸਾਂਤੀ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ। ਮਾਤਾ ਦਰਸ਼ਨ ਕੌਰ 87 ਵਰ੍ਹਿਆਂ ਦੇ ਸਨ ਅਤੇ ਬੀਤੀ 12 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ ਸਨ ਅਤੇ ਉਨ੍ਹਾਂ ਦੀ ਆਤਮਿਕ ਸਾਂਤੀ ਨਮਿਤ ਰਖਾਏ ਗਏ ਅਖੰਡ ਪਾਠ ਦਾ ਭੋਗ ਵੀ ਅੱਜ ਬਾਅਦ ਦੁਪਹਿਰ 1 ਵਜੇ ਪਿੰਡ ਲੋਪੋਕੇ ਵਿਖੇ ਪਿਆ। ਇਸ ਮੌਕੇ ਸ੍ਰ. ਵਿਰਸਾ ਸਿੰਘ ਵਲਟੋਹਾ, ਮਲਕੀਅਤ ਸਿੰਘ ਏ. ਆਰ, ਦੋਵੇਂ ਵਿਧਾਇਕ, ਬੀਬੀ ਬਲਵਿੰਦਰ ਕੌਰ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਆਰ. ਪੀ. ਸਿੰਘ, ਐੱਸ. ਡੀ. ਐੱਮ ਅਜਨਾਲਾ, ਸ੍ਰ. ਗਰੁਮੀਤ ਸਿੰਘ ਚੌਹਾਨ ਐੱਸ. ਐੱਸ. ਪੀ. ਦਿਹਾਤੀ ਅਤੇ ਇਲਾਕੇ ਦੇ ਹੋਰ ਪਤਵੰਤੇ ਹਾਜ਼ਰ ਸਨ।