October 22, 2011 admin

ਭਾਰਤ ਨੇ ਕ੍ਰਿਕਟ ਲੜੀ ਜਿੱਤਕੇ ਇੰਗਲੈਂਡ ਨੂੰ ਪਾਈ 19 ਦੀ 31

ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

ਇੰਗਲੈਂਡ ਕ੍ਰਿਕਟ ਟੀਮ ਏਲਿਸਟਰ ਕੁੱਕ ਦੀ ਕਪਤਾਨੀ ਅਧੀਨ ਅਤੇ ਕੋਚ ਰਿਚਰਡ ਹਾਲਚਾਲ ਦੀ ਅਗਵਾਈ ਹੇਠ 4 ਅਕਤੂਬਰ ਨੂੰ 5 ਇੱਕ ਰੋਜ਼ਾ ਮੈਚ ਅਤੇ ਇੱਕ ਟੀ-20 ਮੈਚ ਖੇਡਣ ਲਈ ਭਾਰਤ ਆਈ ਹੋਈ ਹੈ। ਸਾਰੇ ਮੈਚਾਂ ਦਾ ਸਮਾਂ ਡੇਅ/ਨਾਈਟ ਮਿਥਿਆ ਗਿਆ ਹੈ ,ਪਹਿਲੇ 5 ਮੈਚ ਰੋਜ਼ਾਨਾ ਸ਼ਾਮ ਨੂੰ 2-30 ਵਜੇ ਸ਼ੁਰੂ ਹੋਣਗੇ,ਜਦੋਂ ਕਿ ਆਖ਼ਰੀ ਟੀ-20 ਮੈਚ ਰਾਤ 8-00 ਵਜੇ ਸ਼ੁਰੂ ਹੋਵੇਗਾ। ਇਸ ਨੇ ਆਪਣੇ ਟੂਰ ਦੀ ਸ਼ੁਰੂਆਤ 8 ਅਕਤੂਬਰ ਦੇ ਹੈਦਰਾਬਾਦ ਵਾਲੇ ਅਭਿਆਸੀ ਮੈਚ ਨਾਲ ਕੀਤੀ ਹੈ। ਦੋਹਾਂ ਮੁਲਕਾਂ ਦੇ ਕ੍ਰਿਕਟ ਸਬੰਧ ਬਹੁਤ ਪੁਰਾਣੇ ਹਨ,1932 ਵਿੱਚ ਲਾਰਡਜ਼ ਵਿਖੇ ਪਹਿਲਾ ਟੈਸਟ ਮੈਚ ਖੇਡਿਆ ਗਿਆ,ਇੰਗਲੈਂਡ ਨੇ 269 ਅਤੇ 275/8 ਰਨਜ਼ ਬਣਾਏ,ਭਾਰਤੀ ਟੀਮ 189,187 ਰਨਜ਼ ਹੀ ਬਣਾ ਸਕੀ; ਇਸ ਤਰ੍ਹਾਂ ਇੰਗਲੈਂਡ ਟੀਮ 158 ਦੌੜਾਂ ਦੇ ਫ਼ਰਕ ਨਾਲ ਜੇਤੂ ਬਣੀ।ਇੰਗਲੈਂਡ ਟੀਮ ਨੇ 1933-34 ਵਿੱਚ ਭਾਰਤ ਦਾ ਦੌਰਾ ਕੀਤਾ।ਭਾਰਤ ਦੀ ਸਰ ਜਮੀਂ ਤੇ ਪਹਿਲਾ ਟੈਸਟ ਮੈਚ ਜਿਮਖਾਨਾ (ਮੁੰਬਈ) ਵਿਖੇ ਖੇਡਿਆ ਗਿਆ,ਇੰਗਲੈਂਡ ਟੀਮ 9 ਵਿਕਟਾਂ ਨਾਲ ਜੇਤੂ ਰਹੀ।ਈਡਨ ਗਾਰਡਨ ਕੋਲਕਾਤਾ ਵਿਚਲਾ ਦੂਜਾ ਮੈਚ ਡਰਾਅ ਹੋ ਗਿਆ, ਜਦੋਂ ਕਿ ਤੀਜੇ ਮਦਰਾਸ ਟੈਸਟ  ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ 202 ਰਨਜ਼ ਨਾਲ ਹਰਾਇਆ।
ਦੋਹਾਂ ਮੁਲਕਾਂ ਦਰਮਿਆਂਨ ਹੁਣ ਤੱਕ 103 ਟੈਸਟ ਮੈਚ ਹੋਏ ਹਨ,ਜਿਹਨਾਂ ਵਿੱਚੋਂ ਭਾਰਤ ਨੇ 19 ਅਤੇ ਇੰਗਲੈਂਡ ਨੇ 38 ਮੈਚ ਜਿੱਤੇ ਹਨ । ਜਦੋਂ ਕਿ 46 ਮੈਚ ਬਰਾਬਰ ਰਹੇ ਹਨ। ਦੋਹਾਂ ਮੁਲਕਾਂ ਨੇ ਆਪਣੇ ਕ੍ਰਿਕਟ ਇਤਿਹਾਸ ਦਾ 100 ਟੈਸਟ ਮੈਚ 21 ਤੋਂ 25 ਜੁਲਾਈ 2011 ਤੱਕ ਲਾਰਡਜ਼ ਵਿੱਚ ਖੇਡਿਆ,ਜੋ ਇੰਗਲੈਂਡ ਨੇ ਜਿੱਤਿਆ, 103 ਵਾਂ ਟੈਸਟ ਮੈਚ 18 ਤੋਂ 22 ਅਗਸਤ ਤੱਕ ਕੇਨਿੰਗਸਟਨ ਓਵਲ (ਲੰਡਨ) ਵਿੱਚ ਹੋਇਆ।
ਇੰਗਲੈਂਡ ਅਤੇ ਭਾਰਤ ਦਰਮਿਆਨ ਇੱਕ ਰੋਜ਼ਾ ਮੈਚਾਂ ਦੀ ਸ਼ੁਰੂਆਤ 13 ਜੁਲਾਈ 1974 ਨੂੰ ਹੈਡਿੰਗਲੇ ਲੀਡਜ਼ ਵਿੱਚ ਹੋਏ ਮੈਚ ਤੋਂ ਹੋਈ ਹੈ। ਜੋ ਕਿ 4 ਵਿਕਟਾਂ ਨਾਲ ਇੰਗਲੈਂਡ ਦੇ ਹਿੱਸੇ ਰਿਹਾ ਸੀ । ਮੌਜੂਦਾ ਸੀਰੀਜ਼ ਦੇ 20 ਅਕਤੂਬਰ ਵਾਲੇ ਮੈਚ ਸਮੇਤ ਹੁਣ ਤੱਕ ਦੋਹਾਂ ਮੁਲਕਾਂ ਨੇ ਅਜਿਹੇ 79 ਮੈਚ ਖੇਡੇ ਹਨ,ਜਿਹਨਾਂ ਵਿੱਚੋਂ ਭਾਰਤ ਨੇ 41, ਇੰਗਲੈਂਡ ਨੇ 33ਜਿੱਤੇ ਹਨ,ਜਦੋਂ ਕਿ ਦੋ ਮੈਚ ਟਾਈਡ ਹੋਏ ਹਨ, 3 ਮੈਚ ਬੇ-ਸਿੱਟਾ ਰਹੇ ਹਨ । ਮੌਜੂਦਾ ਸੀਰੀਜ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੋਹਾਂ ਮੁਲਕਾਂ ਦਾ ਆਖ਼ਰੀ ਇੱਕ ਰੋਜ਼ਾ ਮੈਚ 16  ਸਤੰਬਰ ਨੂੰ ਸੋਫਿਆ ਗਾਰਡਨ (ਕਾਰਡਿਫ਼) ਵਿਖੇ ਖੇਡਿਆ ਗਿਆ ਸੀ,ਹੁਣ 77 ਵਾਂ ਮੈਚ 14 ਅਕਤੂਬਰ 2011 ਨੂੰ ਹੈਦਰਾਬਾਦ ਵਿੱਚ ਖੇਡਿਆ ਗਿਆ ਹੈ। ਦੋਹਾਂ ਦੇਸ਼ਾਂ ਦਰਮਿਆਨ ਟੀ-20 ਸੀਰੀਜ਼ ਦੇ ਦੋ ਹੀ ਮੈਚ 19 ਸਤੰਬਰ 2007ਨੂੰ ਡਰਬਨ ਵਿੱਚ ,ਅਤੇ 31 ਅਗਸਤ 2011 ਨੂੰ ਓਲਡ ਟ੍ਰੈਫਲਡ (ਮਨਚੈਸਟਰ ) ਵਿੱਚ  ਹੋਏ ਹਨ । ਕ੍ਰਮਵਾਰ ਪਹਿਲਾ ਮੈਚ 18 ਰਨਜ਼ ਨਾਲ ਭਾਰਤ ਦੇ ਹਿੱਸੇ ਰਿਹਾ ਹੈ,ਅਤੇ ਦੂਜਾ ਮੈਚ 6 ਵਿਕਟਾਂ ਨਾਲ ਇੰਗਲੈਂਡ ਨੇ ਜਿੱਤਿਆ ਹੈ। ਤੀਜਾ ਟੀ-20 ਮੈਚ 29 ਅਕਤੂਬਰ ਨੂੰ ਹੋਣਾ ਹੈ।
ਭਾਰਤ ਵਿੱਚ ਦੋਹਾਂ ਮੁਲਕਾਂ ਨੇ 38 ਇੱਕ ਰੋਜ਼ਾ ਮੈਚ ਖੇਡੇ ਹਨ,ਜਿਨ੍ਹਾਂ ਵਿੱਚੋ ਭਾਰਤ ਨੇ 24,ਇੰਗਲੈਂਡ ਨੇ 13 ਜਿੱਤੇ ਹਨ। ਜਦੋਂ ਕਿ ਇੱਕ ਮੈਚ ਟਾਈ ਰਿਹਾ ਹੈ।ਭਾਰਤ ਦੇ ਸਚਿਨ ਤੇਂਦੂਲਕਰ ਨੇ 1455 ਦੌੜਾਂ (17 ਮੈਚ,37 ਪਾਰੀਆਂ),ਵੱਧ ਵਿਕਟਾਂ 36 ਹਰਭਜਨ ਸਿੰਘ (23 ਮੈਚ) ਦੇ ਹਿੱਸੇ ਰਹੀਆਂ ਹਨ।ਵਧੀਆ ਬੱਲੇਬਾਜ਼ੀ ਨਾਬਾਦ 138 ਦੌੜਾਂ ਯੁਵਰਾਜ ਸਿੰਘ ਦੀਆਂ (78 ਗੇਂਦਾਂ ਤੇ) ਅਤੇ ਵਧੀਆ ਗੇਂਦਬਾਜ਼ੀ ਅਸ਼ੀਸ਼ ਨੈਹਿਰਾ ਦੀ 6 ਵਿਕਟਾਂ (23 ਰਨਜ਼) ਰਹੀ ਹੈ।ਇੰਗਲੈਂਡ ਵਿੱਚ 33 ਮੈਚ ਹੋਏ ਹਨ,ਭਾਰਤ ਨੇ 11 ਅਤੇ ਇੰਗਲੈਂਡ ਨੇ 18 ਮੈਚ ਜਿੱਤੇ ਹਨ। ਤਿੰਨ ਮੈਚਾਂ ਦਾ ਫ਼ੈਸਲਾ ਨਹੀ ਹੋਇਆ ਹੈ। ਇੱਕ ਮੈਚ ਟਾਈ ਰਿਹਾ ਹੈ। ਹੋਰਨਾਂ ਥਾਵਾਂ ‘ਤੇ ਦੋਹਾਂ ਦੇਸ਼ਾਂ ਨੇ 8 ਮੈਚ ਖੇਡੇ ਹਨ,ਜਿਨ੍ਹਾਂ ਵਿੱਚੋਂ 6 ਭਾਰਤ ਨੇ,2 ਇੰਗਲੈਂਡ ਨੇ,ਜਿੱਤੇ ਹਨ। ਇੰਗਲੈਂਡ ਦੇ ਪਾਲ ਕੌਲਿੰਗਵੁੱਡ ਨੇ 866 ਰਨ (14 ਮੈਚ,31 ਪਾਰੀਆਂ),ਵੱਧ ਵਿਕਟਾਂ ਐਂਡਰਿਊ ਫਿਲਟਾਫ 37 (30 ਮੈਚ),ਵੱਧ ਸਕੋਰ ਐਂਡਰਿਊ ਸਟਰਾਸ 158 ਰਨਜ਼ (145 ਗੇਂਦਾਂ),ਅਤੇ ਵਧੀਆ ਗੇਂਦਬਾਜ਼ੀ ਰੋਨੀ ਇਰਾਨੀ ਦੀ 5 ਵਿਕਟਾਂ (26 ਦੌੜਾਂ),ਨਾਲ ਰਹੀ ਹੈ। ਇੰਗਲੈਂਡ ਪਿਛਲੇ ਦੋ ਦੌਰਿਆਂ ਦੌਰਾਨ ਭਾਰਤੀ ਟੀਮ ਤੋਂ ਇੱਕ ਰੋਜ਼ਾ ਮੈਚਾਂ ਵਿੱਚ 5-1 ਅਤੇ 5-0 ਨਾਲ ਮਾਤ ਖਾ ਚੁੱਕਿਆ ਹੈ। ਮੌਜੂਦਾ ਇੱਕ ਰੋਜ਼ਾ ਸੀਰੀਜ਼ ਵਿੱਚ ਭਾਰਤ 3-0 ਨਾਲ ਲੜੀ ਜਿੱਤ ਕਿ ਅੱਗੇ ਚੱਲ ਰਿਹਾ ਹੈ।
ਮੌਜੂਦਾ ਇੱਕ ਰੋਜ਼ਾ ਲੜੀ ਦਾ ਪਹਿਲਾ ਇੱਕ ਰੋਜ਼ਾ ਮੈਚ 14 ਅਕਤੂਬਰ ਸ਼ੁਕਰਵਾਰ ਨੂੰ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਹੈਦਰਾਬਾਦ ਵਿੱਚ ਹੋਇਆ, ਭਾਰਤ ਨੇ ਇਹ ਮੈਚ 126 ਰਨਜ਼ ਨਾਲ ਜਿਤਿਆ। ਸਕੋਰ;–ਭਾਰਤ: 300/7 ਰਨਜ,æ ਕਪਤਾਨ ਮਹਿੰਦਰ ਸਿੰਘ ਧੋਨੀ ਨਾਟ ਆਊਟ 87 ਰਨ,ਇੰਗਲੈਂਡ 174 ਦੌੜਾਂ, 36-1 ਓਵਰ, ਆਲ ਆਊਟ।, 17 ਅਕਤੂਬਰ ਸੋਮਵਾਰ ਨੂੰ ਦੂਜਾ ਵੰਨ ਡੇਅ;ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਨਵੀਂ ਦਿੱਲੀ ਦੀ ਪਿੱਚ ਉੱਤੇ ਖੇਡਿਆ ਗਿਆ। ਭਾਰਤ 8 ਵਿਕਟਾਂ ਨਾਲ ਜੇਤੂ ਰਿਹਾ। ਸਕੋਰ;ਇੰਗਲੈਂਡ 48-2 ਓਵਰਾਂ ਵਿੱਚ 236 ਦੌੜਾਂ,ਅਤੇ ਭਾਰਤ ਵਿਰਾਟ ਕੋਹਲੀ ਦੀਆਂ 112 ਦੌੜਾਂ ਸਮੇਤ 36-4 ਓਵਰ ਵਿੱਚ 238 ਦੌੜਾਂ।, 20 ਅਕਤੂਬਰ ਵੀਰਵਾਰ ਦਾ ਤੀਜਾ ਵੰਨ ਡੇਅ ; ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਮੁਹਾਲੀ ਵਿੱਚ ਦਰਸ਼ਕਾਂ ਨੇ ਮਾਣਿਆਂ,ਜਿਸ ਵਿੱਚ ਭਾਰਤ ਨੇ 5 ਵਿਕਟਾਂ ਨਾਲ ਜਿੱਤ ਦਰਜ ਕਰਦਿਆਂ 5 ਇੱਕ ਰੋਜ਼ਾ ਮੈਚਾਂ ਦੀ ਲੜੀ ਜਿੱਤ ਲਈ ਹੈ। ਇਸ ਤੀਜੇ  ਇੱਕ ਰੋਜ਼ਾ ਮੈਚ ਵਿੱਚ ,ਭਾਰਤ ਨੇ ਇੰਗਲੈਂਡ ਨੂੰ ਮਾਤ ਦਿੰਦਿਆਂ ਲੜੀ ਵਿੱਚ 3-0 ਦੀ ਅਗੇਤ ਹਾਸਲ ਕਰ ਲਈ । ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 298/4 ਸਕੋਰ ਕੀਤਾ,ਜਵਾਬ ਵਿੱਚ ਭਾਰਤ ਨੇ 300/5,49:4 ਓਵਰ ਖੇਡਦਿਆਂ ਇਹ ਮੈਚ ਜਿੱਤ ਲਿਆ। ਇਸ ਮੈਚ ਵਿੱਚ ਟਰੌਟ ਦੋ ਦੌੜਾਂ ਦੇ ਫ਼ਰਕ ਨਾਲ ਸੈਂਕੜਾ ਬਣਾਉਣ ਤੋਂ ਵਾਂਝਾ ਰਹਿ ਗਿਆ । ਹੁਣ 23 ਅਤੇ 25 ਅਕਤੂਬਰ ਦੇ ਮੈਚਾਂ ਤੋਂ ਬਿਨਾਂ 29 ਅਕਤੂਬਰ ਵਾਲਾ ਟੀ-20 ਹੀ ਬਾਕੀ ਹੈ।
23  ਅਕਤੂਬਰ ਐਤਵਾਰ ਚੌਥਾ ਵੰਨ ਡੇਅ;ਵਾਨਖੇੜੇ ਸਟੇਡੀਅਮ ਮੁੰਬਈ।
25  ਅਕਤੂਬਰ ਮੰਗਲਵਾਰ ਪੰਜਵਾਂ ਵੰਨ ਡੇਅ;ਈਡਨ ਗਾਰਡਨ, ਕੋਲਕਾਤਾ
ਜਦੋਂ ਕਿ ਟੂਰ ਦਾ ਆਖ਼ਰੀ ਮੈਚ 29 ਅਕਤੂਬਰ ਨੂੰ ਈਡਨ ਗਾਰਡਨ ਕੋਲਕਾਤਾ ਵਿੱਚ ਹੋਣਾ ਹੈ। ਇੰਗਲੈਂਡ ਦਾ ਪਲੜਾ ਆਪਣੇ ਮੁਲਕ ਵਿੱਚ ਭਾਰੀ ਰਹਿੰਦਾ ਆ ਰਿਹਾ ਹੈ,ਪਰ ਭਾਰਤੀ ਟੀਮ ਨੇ ਆਪਣੀ ਸਰ ਜ਼ਮੀ ‘ਤੇ ਕਈ ਕੌਤਿਕ ਕਰ ਵਿਖਾਏ ਹਨ,ਹੁਣ ਵੀ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਅਧੀਨ ਭਾਰਤੀ ਟੀਮ ਕਲੀਨ ਸਵੀਪ ਵੱਲ ਵਧ ਰਹੀ ਹੈ। ਪਰ ਫਿਰ ਵੀ ਤਿਲਕਣਬਾਜ਼ੀ ਦੀ ਇਸ ਖੇਡ ਵਿੱਚ ਭਵਿੱਖਬਾਣੀ ਕਰਨਾਂ ਜੇ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ । ਭਾਰਤ ਨੂੰ ਮੇਜ਼ਬਾਨੀ ਦਾ ਵੀ ਲਾਹਾ ਵੀ ਮਿਲ ਰਿਹਾ ਹੈ। ਤਾਂ ਆਓ  ਅੱਗੇ ਵੇਖੀਏ ਊਠ ਕਿਸ ਕਰਵਟ ਬਹਿੰਦਾ ਹੈ।

 

Translate »