ਫਤਹਿਗੜ੍ਹ ਸਾਹਿਬ – ਜ਼ਿਲ੍ਹਾ ਯੋਜਨਾ ਕਮੇਟੀ ਦੀ ਮੀਟਿਗ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਮੈਂਬਰ ਸ: ਇੰਦਰਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਬੱਚਤ ਭਵਨ ਵਿਖੇ ਹੋਈ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਯੋਜਨਾ ਕਮੇਟੀ ਵੱਲੋਂ ਜ਼ਿਲ੍ਹੇ ਵਿੱਚ ਵੱਖ ਵੱਖ ਵਿਕਾਸ ਅਤੇ ਭਲਾਈ ਸਕੀਮਾਂ ਤੇ 5 ਕਰੋੜ 40 ਲੱਖ 85 ਹਜ਼ਾਰ ਰੁਪਏ ਖਰਚ ਕੀਤੇ ਗਏ ਹਨ ਜਿਸ ਵਿੱਚੋਂ 87 ਲੱਖ 33 ਹਜ਼ਾਰ ਰੁਪਏ ਦੀ ਰਾਸ਼ੀ ਰਾਸ਼ਟਰੀ ਬੁਢਾਪਾ ਪੈਨਸ਼ਨ, ਨਿਊਟਰੀਸ਼ਨ, ਸਵਰਨ ਜੈਅੰਤੀ ਸਵੈ ਰੋਜ਼ਗਾਰ ਯੋਜਨਾ, ਇੰਦਰਾ ਆਵਾਸ ਯੋਜਨਾ ਅਤੇ ਹੋਰ ਵਿਕਾਸ ਕਾਰਜਾਂ ਤੇ ਖਰਚ ਕੀਤੀ ਗਈ, ਜਿਹਨਾਂ ਦੀ ਕਮੇਟੀ ਵੱਲੋਂ ਸਰਵ ਸੰਮਤੀ ਨਾਲ ਕਾਰਜ ਬਾਅਦ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ ਪਿੰਡਾਂ ਦੇ ਯੂਥ ਕਲੱਬਾਂ ਨੂੰ ਜਿੰਮ ਦਾ ਸਮਾਨ ਮੁਹੱਈਆ ਕਰਵਾਉਣ ਅਤੇ ਮਹਿਲਾ ਮੰਡਲਾਂ ਨੂੰ ਬਰਤਨ ਖਰੀਦਣ ਲਈ ਜਾਰੀ ਕੀਤੀ 22 ਲੱਖ 08 ਹਜ਼ਾਰ ਰੁਪਏ ਦੀ ਰਾਸ਼ੀ ਦੀ ਵੀ ਕਾਰਜ ਬਾਅਦ ਪ੍ਰਵਾਨਗੀ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚਾਲੂ ਵਿੱਤੀ ਵਰ੍ਹੇ ਦੌਰਾਨ ਬੰਧਨ ਮੁਕਤ ਫੰਡ ਅਧੀਨ ਯੋਜਨਾਬੰਦੀ ਵਿਭਾਗ ਵੱਲੋ 60 ਲੱਖ 73 ਹਜ਼ਾਰ ਰੁਪਏ ਦੀ ਰਾਸ਼ੀ ਜ਼ਿਲ੍ਹੇ ਨੂੰ ਅਲਾਟ ਹੋਈ ਹੈ ਜਿਸ ਵਿੱਚੋਂ ਜਾਰੀ ਕੀਤੀ ਗਈ 33 ਲੱਖ 13 ਹਜ਼ਾਰ ਰੁਪਏ ਦੀ ਰਾਸ਼ੀ ਨੂੰ ਕਮੇਟੀ ਵੱਲੋਂ ਕਾਰਜ ਬਾਅਦ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ ਇਸ ਫੰਡ ਦੀ ਦੂਸਰੀ ਕਿਸ਼ਤ 27 ਲੱਖ 60 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਗਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਯੋਜਨਾ ਕਮੇਟੀ ਬਣਾਉਣ ਦਾ ਮੁੱਖ ਮੰਤਵ ਇਹ ਹੈ ਕਿ ਹੇਠਲੇ ਪੱਧਰ ਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਮ ਲੋਕਾਂ ਦੀਆਂ ਜਰੂਰਤਾਂ ਅਨੁਸਾਰ ਯੋਜਨਾਵਾਂ ਉਲੀਕੀਆਂ ਜਾ ਸਕਣ। ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹੇਠਲੇ ਪੱਧਰ ਤੇ ਯੋਜਨਾਵਾਂ ਬਣਾਉਣ ਸਮੇਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਰਾਇ ਅਨੁਸਾਰ ਆਮ ਲੋਕਾਂ ਦੀ ਸ਼ਮੂਲੀਅਤ ਨਾਲ ਯੋਜਨਾਵਾਂ ਬਣਾਈਆਂ ਜਾਣ। ਉਨ੍ਹਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਹੇਠਲੇ ਪੱਧਰ ਤੇ ਵਿਕਾਸ ਸਕੀਮਾਂ ਦੀ ਯੋਜਨਾਬੰਦੀ ਲਈ ਆਪਣੀ ਪੂਰੀ ਤਰ੍ਹਾਂ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਤਾਂ ਜੋ ਸਰਕਾਰ ਦੁਆਰਾ ਜਾਰੀ ਕੀਤੀਆਂ ਗਰਾਟਾਂ ਦਾ ਸਹੀ ਇਸਤੇਮਾਲ ਹੋ ਸਕੇ। ਉਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਨੂੰ ਇਹ ਵੀ ਸੁਝਾਅ ਦਿੱਤਾ ਕਿ ਉਹ ਚੱਲ ਰਹੇ ਵਿਕਾਸ ਕਾਰਜਾਂ ਦੀ ਗੁਣਵੱਤਾ ਨੂੰ ਕਾਇਮ ਰੱਖਣ ਲਈ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਦੀ ਸਮੇਂ ਸਮੇਂ ਸਿਰ ਨਿਗਰਾਨੀ ਵੀ ਕਰਨ।
ਸ੍ਰੀ ਮਹਾਜਨ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਵਿੱਚ ਚੱਲ ਰਹੇ ਸਾਰੇ ਵਿਕਾਸ ਕਾਰਜ ਨਿਸ਼ਚਿਤ ਸਮੇਂ ਵਿੱਚ ਮੁਕੰਮਲ ਕੀਤੇ ਜਾਣ ਅਤੇ ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਆਮ ਲੋਕਾਂ ਨੂੰ ਪਹੁੰਚਾਉਣ ਲਈ ਸਮਰਪਣ ਦੀ ਭਾਵਨਾ ਨਾਲ ਕੰਮ ਕੀਤਾ ਜਾਵੇ। ਸ: ਸੰਧੂ ਵੱਲੋਂ ਸਰਹਿੰਦ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਪੀਣ ਵਾਲੇ ਪਾਣੀ ਅਤੇ ਜੀ.ਟੀ. ਰੋਡ ਤੋਂ ਫਤਹਿਗੜ੍ਹ ਸਾਹਿਬ ਤੱਕ ਨਿਰਧਾਰਤ ਸੀਮਾਂ ਤੋਂ ਜਿਆਦਾ ਗਤੀ ਨਾਲ ਬੱਸਾਂ ਚੱਲਣ ਕਾਰਨ ਹੋਣ ਵਾਲੇ ਹਾਦਸਿਆਂ ਦਾ ਮਸਲਾ ਧਿਆਨ ਵਿੱਚ ਲਿਆਂਦਾ ਗਿਆ ਜਿਸ ਸਬੰਧੀ ਡਿਪਟੀ ਕਮਿਸ਼ਨਰ ਨੇ ਸਰਹਿੰਦ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਸਾਰੇ ਹਿੱਸਿਆਂ ਵਿੱਚ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਜ਼ਿਲ੍ਹਾ ਟਰਾਂਸਪੋਰਟ ਅਫਸਰ ਨੂੰ ਵੀ ਸ਼ਹਿਰ ਵਿੱਚ ਚੱਲਣ ਵਾਲੀਆਂ ਬੱਸਾਂ ਦੀ ਗਤੀ ਸੀਮਾ ਨਿਰਧਾਰਤ ਕਰਨ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਦੇ ਚਾਲਕਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੀਟਿੰਗ ਵਿੱਚ ਐਸ.ਡੀ.ਐਮ. ਅਮਲੋਹ ਸ: ਤੇਜਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਫਤਹਿਗੜ੍ਹ ਸਾਹਿਬ ਸ: ਅਰਵਿੰਦਰ ਪਾਲ ਸਿੰਘ ਸੰਧੂ, ਐਸ.ਡੀ.ਐਮ. ਬਸੀ ਪਠਾਣਾਂ ਸ੍ਰੀਮਤੀ ਨਵਜੋਤ ਕੌਰ, ਮੈਂਬਰ ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀਮਤੀ ਸਰਬਜੀਤ ਕੌਰ, ਸ: ਅਜੈਬ ਸਿੰਘ, ਸ੍ਰੀਮਤੀ ਸੁਰਜੀਤ ਕੌਰ ਨੂਰਪੁਰਾ, ਸ: ਜਗਮੀਤ ਸਿੰਘ ਸਹੋਤਾ, ਸ: ਤੇਜਿੰਦਰ ਸਿੰਘ ਤੋਂ ਇਲਾਵਾ ਹੋਰ ਜ਼ਿਲ੍ਹਾ ਅਧਿਕਾਰੀ ਸ਼ਾਮਲ ਹੋਏ।