October 22, 2011 admin

ਵਿਰਾਸਤੀ ਮੇਲਾ ਧੀਆਂ ਦਾ’ ਸਰਕਾਰੀ ਕਾਲਜ ਫ਼ਾਰ ਵੋਮੈਨ ਵਿਖੇ ਧੂਮ-ਧੜੱਕੇ ਨਾਲ ਸ਼ੁਰੂ

*ਡਾ: ਉਪਿੰਦਰਜੀਤ ਕੌਰ ਵਿੱਤ ਮੰਤਰੀ ਪੰਜਾਬ ਨੇ ਕੀਤਾ ਉਦਘਾਟਨ
*ਪੰਜਾਬ ਸਰਕਾਰ ਪੁਰਾਤਨ ਤੇ ਅਮੀਰ ਵਿਰਸੇ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ

ਲੁਧਿਆਣਾ – ਨਾਰੀ ਸਤੁੰਤਰਤਾ ਅਤੇ ਨਾਰੀ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ਅਤੇ ਧੀਆਂ ਨੂੰ ਅਮੀਰ ਪੁਰਾਤਨ ਵਿਰਸੇ ਬਾਰੇ ਜਾਗਰੂਕ ਕਰਕੇ ਸਮਾਜ ਵਿੱਚੋਂ ਬੁਰਾਈਆਂ ਖਤਮ ਕਰਨ ਲਈ ‘ ਵਿਰਾਸਤੀ ਮੇਲੇ ‘ ਅਤੀ ਸਹਾਈ ਸਿੱਧ ਹੁੰਦੇ ਹਨ। ਇਹ ਪ੍ਰਗਟਾਵਾ ਡਾ: ਉਪਿੰਦਰਜੀਤ ਕੌਰ ਵਿੱਤ ਮੰਤਰੀ ਪੰਜਾਬ ਨੇ ਅੱਜ ਸਰਕਾਰੀ ਕਾਲਜ ਫ਼ਾਰ ਵੋਮੈਨ ਵਿਖੇ ਆਯੋਜਿਤ ਕੀਤੇ ਜਾ ਰਹੇ ਦੋ-ਰੋਜ਼ਾ ‘ ਵਿਰਾਸਤੀ ਮੇਲਾ ਧੀਆਂ ਦਾ ‘ ਦੇ  ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ। ਡਾ. ਉਪਿੰਦਰਜੀਤ ਕੌਰ ਨੇ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੁਰਾਤਨ ਸੱਭਿਆਚਾਰਕ ਤੇ ਅਮੀਰ ਵਿਰਸੇ ਨੂੰ ਪ੍ਰਫੁੱਲਤ ਕਰਨ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ ਅਤੇ ਧੀਆਂ ਨੂੰ ਸਮਾਜ ਵਿੱਚ ਮਾਣ-ਸਨਮਾਨ ਦੇਣ ਲਈ ਹਰ ਸਾਲ ਵਿਰਾਸਤੀ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਾਨੂੰ ਆਪਣੇ ਗੌਰਵਮਈ ਵਿਰਸੇ ਨੁੰ ਸੰਭਾਲਣ ਦਾ ਸੁਨੇਹਾ ਘਰ-ਘਰ ਪਹੁੰਚਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਾਵੇਂ ਸਾਡੀ ਨਵੀਂ ਪੀੜ੍ਹੀ ਪੱਛਮੀ ਸੱਭਿਅਤਾ ਤੋਂ ਪ੍ਰਭਾਵਿਤ ਹੋ ਰਹੀ ਹੈ,ਪਰੰਤੂ ਸਾਨੂੰ ਆਪਣੇ ਅਮੀਰ ਵਿਰਸੇ ਨੂੰ ਪਛਾਣ ਕੇ ਉਸ ਉੱਤੇ ਮਾਣ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਅਜਿਹੇ ਮੇਲੇ ਲੜਕੀਆਂ ਨੂੰ ਪੁਰਾਤਨ ਵਿਰਸੇ ਪ੍ਰਤੀ ਜਾਣੂ ਕਰਵਾਉਣ ਦੇ ਨਾਲ-ਨਾਲ ਉਹਨਾਂ ਵਿੱਚ ਨਾਰੀ ਚੇਤਨਾ ਵੀ ਪੈਦਾ ਕਰਦੇ ਹਨ ਅਤੇ ਇਸ ਨਾਰੀ ਚੇਤਨਾਂ ਨੁੰ ਅਜਿਹਾ ਰੂਪ ਦੇਣਾ ਚਾਹੀਦਾ ਹੈ ਕਿ ਇਹ ਇੱਕ ਲੋਕ ਲਹਿਰ ਬਣ ਜਾਵੇ। ਉਹਨਾਂ ਕਿਹਾ ਕਿ ਅੱਜ ਲੜਕੀਆਂ ਹਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਹੀਆਂ ਹਨ, ਜਿਸ ਸਦਕਾ ਸਾਡਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਬਹਾਦਰ, ਉੱਚੇ-ਸੁੱਚੇ ਵਿਚਾਰਾਂ ਦੇ ਧਾਰਨੀ ਅਤੇ ਮਿਹਨਤ-ਕਸ਼ ਲੋਕ ਵੀ ਪੁਰਾਤਨ ਵਿਰਸੇ ਨੂੰ ਸੰਭਾਲਣ ਲਈ ਯਤਨਸ਼ੀਲ ਹਨ, ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਉਹਨਾਂ ਕਿਹਾ ਕਿ ਔਰਤ ਅਤੇ ਮਰਦ ਦੋਵੇਂ ਸਮਾਜ ਦੇ ਅਨਿਖੜਵੇਂ ਅੰਗ ਹਨ ਅਤੇ ਸਮਾਜ ਦੀ ਤਰੱਕੀ ਲਈ ਦੋਵਾਂ ਦੀ ਅਹਿਮੀਅਤ ਹੈ। ਉਹਨਾਂ ਕਿਹਾ ਕਿ ਦੋਹਾਂ ਨੂੰ ਸਮਾਨਤਾ ਦੇ ਅਵਸਰ ਪ੍ਰਦਾਨ ਕਰਨ ਨਾਲ ਹੀ ਸਮਾਜ ਨੂੰ ਬਲ ਮਿਲਦਾ ਹੈ ਅਤੇ ਪੰਜਾਬ ਸਰਕਾਰ ਇਹ ਸਮਾਨਤਾ ਪੈਦਾ ਕਰਨ ਲਈ ਭਰਪੂਰ ਯਤਨਸ਼ੀਲ ਹੈ।
               ਵਿੱਤ ਮੰਤਰੀ ਨੇ ਸ. ਹੀਰਾ ਸਿੰਘ ਗਾਬੜੀਆ ਜੇਲ੍ਹਾਂ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਪੰਜਾਬ ਦਾ ਧੀਆਂ ਨੂੰ ਸਮਾਜ ਵਿੱਚ ਮਾਣ-ਸਨਮਾਨ ਦੇਣ ਲਈ ਵਿਰਾਸਤੀ ਮੇਲੇ ਆਯੋਜਿਤ ਕਰਨ ਤੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਰਾਜ ਪੱਧਰੀ ਮੇਲੇ ਵੱਡੇ ਯਤਨਾਂ ਅਤੇ ਪ੍ਰਬੰਧਾਂ ਦੀ ਮੰਗ ਕਰਦੇ ਹਨ ਅਤੇ ਸ. ਗਾਬੜੀਆ ਦੇ ਉਚੇਚੇ ਯਤਨਾਂ ਸਦਕਾ ਹੀ ਇਹ ਸੰਭਵ ਹੋਇਆ ਹੈ। ਉਹਨਾਂ ਕਿਹਾ ਕਿ ਹਰ ਲੜਕੀ ਵਿੱਚ ਨਿਮਰਤਾ, ਸ਼ਹਿਨਸ਼ੀਲਤਾ, ਸਾਦਗੀ ਅਤੇ ਪ੍ਰੀਵਾਰ ਨੂੰ ਇੱਕ ਸੂਤਰ ਵਿੱਚ ਪ੍ਰੋਣ ਵਰਗੇ ਗੁਣ ਹੋਣੇ ਚਾਹੀਦੇ ਹਨ ਤਾਂ ਂੋ ਇੱਕ ਨਰੋਏ ਸਮਾਜ ਦੀ ਸਿਰਜਣਾ ਅਤੇ ਸਮਾਜਿਕ ਕੁਰੀਤੀਆਂ ਦੂਰ ਕਰਨ ਲਈ ਮਹੱਤਵ-ਪੂਰਣ ਰੋਲ ਨਿਭਾ ਸਕਣ।
               ਇਸ ਤੋਂ ਪਹਿਲਾਂ ਵਿੱਤ ਮੰਤਰੀ ਨੇ ਸਮ੍ਹਾਂ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਉਹਨਾਂ ਕਾਲਜ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
               ਸ੍ਰ. ਗਾਬੜੀਆ ਜੇਲ੍ਹਾਂ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਪੰਜਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਸਾਲ ‘ ਵਿਰਾਸਤੀ ਮੇਲਾ ਧੀਆਂ ਦਾ’ ਆਯੋਜਿਤ ਕਰਨ ਨਾਲ ਸਮਾਜਿਕ ਬੁਰਾਈਆਂ ਖਤਮ ਕਰਨ ਵਿੱਚa ਕਾਫ਼ੀ ਸਫ਼ਲਤਾ ਮਿਲੀ ਹੈ ਅਤੇ ਆਸ ਹੈ ਕਿ ਸਾਨੂੰ ਭਰੂਣ ਹੱਤਿਆ, ਦਹੇਂਜ ਅਤੇ ਨਸ਼ਿਆਂ ਵਰਗੀਆਂ ਲਾਹਨਤਾਂ ਨੂੰ ਖਤਮ ਕਰਨ ਲਈ ਹੋਰ ਸਫ਼ਲਤਾ ਮਿਲੇਗੀ। ਉਹਨਾਂ ਕਿਹਾ ਕਿ ਮੇਲਾ ਧੀਆਂ ਦਾ ਲੜਕੀਆਂ ਨੂੰ ਲੋਕ ਵਿਰਸੇ ਨਾਲ ਜੋੜਨ ਦਾ ਮਹੱਤਵ-ਪੂਰਣ ਉਪਰਾਲਾ ਹੈ। ਉਹਨਾਂ ਕਿਹਾ ਕਿ ਵਿਰਸੇ ਦੀ ਸੰਭਾਲ ਤੇ ਪਹਿਰਾ ਦੇ ਕੇ ਹੀ ਨੌਜਵਾਨਾਂ ਵਿੱਚ ਵਿਰਸੇ ਦੇ ਵਿਸਰ ਰਹੇ ਰੁਝਾਨ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ।     ਉਹਨਾਂ ਕਿਹਾ ਕਿ ਪਹਿਲੀ ਵਾਰ ਇਸ ਮੇਲੇ ਵਿੱਚ ਲੜਕੀਆਂ ਦੇ ਖੇਡ ਮੁਕਾਬਲੇ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਮੇਲੇ ਵਿੱਚ ਲਗਭੱਗ 1 ਲੱਖ ਬੀਬੀਆਂ ਸ਼ਾਮਲ ਹੋਣਗੀਆਂ।
               ਮੇਲੇ ਵਿੱਚ ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਅਲੋਪ ਹੋ ਰਹੀਆਂ ਵਿਰਾਸਤੀ ਕਲਾ ਵਸਤਾਂ ਦੀ ਲੋਕ ਕਲਾ ਪ੍ਰਦਰਸ਼ਨੀ ਲਗਾਈ ਗਈ ਅਤੇ ਮੇਲੇ ਨੂੰ ਇੱਕ ਪਿੰਡ ਦਾ ਰੂਪ ਦਿੱਤਾ ਗਿਆ।           
               ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਪ੍ਰੇਮ ਮਿੱਤਲ ਰਾਜਸੀ ਸਲਾਹਕਾਰ ਉਪ ਮੁੱਖ ਮੰਤਰੀ ਪੰਜਾਬ, ਸ. ਰਣਜੋਧ ਸਿੰਘ ਪ੍ਰਧਾਨ ਪੰਜਾਬ ਲਲਿਤ ਕਲਾ ਅਕੈਡਮੀ, ਸ. ਜਗਦੇਵ ਸਿੰਘ ਗੋਹਲਵੜੀਆ, ਸ. ਅਮਰਜੀਤ ਸਿੰਘ ਭਾਟੀਆ, ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਮਿੰਦਰ ਕੌਰ, ਸ੍ਰੀਮਤੀ ਕੁਲਦੀਪ ਕੌਰ ਟਿਵਾਣਾ ਸਕੱਤਰ ਪੰਜਾਬ ਆਰਟ ਕੌਂਸਲ, ਬੀਬੀ ਹਰਜਿੰਦਰ ਕੌਰ, ਬੀਬੀ ਸੁਰਿੰਦਰ ਕੌਰ ਦਿਆਲ, ਸ੍ਰੀ ਬਲਜਿੰਦਰ ਸਿੰਘ ਪਨੇਸਰ, ਸ੍ਰੀ ਰਾਵਿੰਦਰ ਵਰਮਾ, ਸ੍ਰੀ ਸੋਹਣ ਸਿੰਘ ਗੋਗਾ, ਸ੍ਰੀਮਤੀ ਪ੍ਰਵੀਨ ਚਾਵਲਾ ਪ੍ਰਿੰਸੀਪਲ ਮਾਸਟਰ ਤਾਰਾ ਸਿੰਘ ਕਾਲਜ, ਸ੍ਰੀਮਤੀ ਨਰਿੰਦਰ ਕੌਰ ਸੰਧੂ ਪ੍ਰਿੰਸੀਪਲ ਰਾਮਗੜ੍ਹੀਆ ਗਰਲਜ਼ ਕਾਲਜ, ਪ੍ਰੋ.ਰਾਜਪਾਲ ਸਿੰਘ, ਸ੍ਰੀਮਤੀ ਮਨਦੀਪ ਕੌਰ ਸੰਧੂ ਆਦਿ ਹਾਜ਼ਰ ਸਨ।

Translate »