October 22, 2011 admin

ਡੀ.ਜੀ.ਪੀ.ਪੰਜਾਬ ਵਲੋਂ ਸ਼ਹੀਦੀ ਦਿਵਸ ਮੌਕੇ ਸ਼ਹੀਦਾਂ ਨੂੰ ਸਰਧਾਂਜਲੀਆਂ

ਪੰਜਾਬ ਪੁਲਿਸ ਚੋਣਾਂ ਦੀ ਸੁਰੱਖਿਆ ਲਈ ਤਿਆਰ ਬਰ ਤਿਆਰ – ਕੌਸ਼ਿਕ
ਜਲੰਧਰ – ਦੇਸ਼ ਦੀ ਏਕਤਾ, ਅਖੰਡਤਾਂ ਅਤੇ ਸ਼ਾਂਤੀ ਕਾਇਮ ਰੱਖਣ ਵਾਸਤੇ ਸ਼ਹਾਦਤਾਂ ਦੇਣ ਵਾਲੇ ਪੰਜਾਬ ਪੁਲਿਸ ਦੇ ਜਵਾਨਾਂ ਦੇ ਵਾਰਸ਼ਾਂ ਨੂੰ ਪੈਨਸ਼ਨ,ਨੌਕਰੀ ਅਤੇ ਸਮੇਂ-ਸਮੇਂ ਤੇ ਦਿੱਤੀਆਂ ਜਾਣ ਵਾਲੀਆਂ ਹੋਰ ਸਹੂਲਤਾਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ ਅਤੇ ਸਹੀਦਾਂ ਦੀਆਂ ਲੜਕੀਆਂ ਦੇ ਵਿਆਹ ਤੇ ਦਿੱਤੀ ਜਾਣ ਵਾਲੀ ਰਾਸ਼ੀ 7000 ਰੁਪਏ ਤੋਂ ਵਧਾ ਕੇ 50000 ਰੁਪਏ ਕੀਤੀ ਗਈ ਹੈ । ਇਹ ਜਾਣਕਾਰੀ ਸ਼੍ਰੀ ਅਨਿਲ ਕੌਸਿਕ ਡੀ ਜੀ ਪੀ ਪੰਜਾਬ ਨੇ  ਅੱਜ ਇੱਥੇ ਰਾਸ਼ਟਰੀ ਪੱਧਰ ਦੇ ਮਨਾਏ ਜਾ ਰਹੇ ਸ਼ਹੀਦੀ ਪੁਲਿਸ ਦਿਵਸ ਦੇ ਮੌਕੇ ਤੇ ਪੰਜਾਬ ਪੁਲਿਸ ਵੱਲੋ  ਪੀ ਏ ਪੀ ਕੰਪਲੈਕਸ ਜਲੰਧਰ ਵਿਖੇ ਆਯੋਜਿਤ  ਰਾਜ ਪੱਧਰੀ ਸਮਾਗਮ ਮੌਕੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ 2468 ਅਫਸਰਾਂ ਅਤੇ ਜਵਾਨਾਂ ਨੇ ਅਤਿਵਾਦ ਵਿਰੁੱਧ ਲੜਾਈ ਲੜਦਿਆਂ ਦੇਸ਼ ਦੀ ਏਕਤਾ ਅਖੰਡਤਾ ਲਈ ਅਪਣੀਆਂ ਸ਼ਹਾਦਤਾਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਸਮੁੱਚੇ ਭਾਰਤ ਵਰਸ਼ ਵਿੱਚ 693 ਪੁਲਿਸ ਅਫਸਰਾਂ ਤੇ ਜਵਾਨਾਂ ਨੇ ਦੇਸ਼ ਵਾਸਤੇ ਅਪਣੀਆਂ ਸ਼ਹਾਦਤਾਂ ਦਿੱਤੀਆਂ ਹਨ ਜਿੰਨਾਂ ਵਿੱਚ ਪੰਜਾਬ ਪੁਲਿਸ ਦੇ 59 ਬਹਦਾਰ ਜਵਾਨ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਪੈਰਾ ਮਿਲਟਰੀ ਫੋਰਸਸ ਦੇ ਜਵਾਨਾਂ ਨੇ ਜਿਸ ਬਹਾਦਰੀ ਅਤੇ ਹੌਸਲੇ ਨਾਲ ਦੇਸ਼ ਲਈ ਅਪਣੀਆਂ ਕੁਰਬਾਨੀਆਂ ਦਿੱਤੀਆਂ ਹਨ ਉਹ ਭਵਿੱਖ ਵਿੱਚ ਵੀ ਇਨ੍ਹਾਂ ਰਵਾਇਤਾਂ ਨੂੰ ਕਾਇਮ ਰੱਖਣਗੇ।
ਸ੍ਰੀ ਕੌਸ਼ਿਕ ਨੇ ਚਮਨ ਗਰਾਊਂਡ ਵਿੱਚ ਸ਼ਹੀਦੀ ਸਮਾਰਕ ਤੇ ਫੁੱਲ ਮਾਲਾਂ ਭੇਂਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸ੍ਰੀ ਸ਼ਸੀ ਕਾਂਤ ਡੀ.ਜੀ.ਪੀ ਪੀਏਪੀ ਜਲੰਧਰ, ਸ੍ਰੀ ਐਸ.ਐਮ.ਸ਼ਰਮਾਂ ਏ.ਡੀ.ਜੀ.ਪੀ.,ਸ੍ਰੀ ਜਤਿੰਦਰ ਕੁਮਾਰ ਜੈਨ ਆਈਪੀਐਸ ਆਈ. ਜੀ.ਪੀ. ਪੀਏਪੀ ਅਤੇ ਆਈ.ਆਰ.ਬੀ, ਸ੍ਰੀ ਆਰ.ਪੀ.ਮੀਨਾ ਆਈ.ਜੀ.ਪੀ.,ਸ੍ਰੀ ਹਰਦੀਪ ਸਿੰਘ ਢਿਲੋਂ ਆਈ.ਪੀ.ਐਸ., ਸ੍ਰੀਮਤੀ ਗੁਰਪ੍ਰੀਤ ਕੌਰ ਦਿਉ ਆਈ.ਪੀ.ਐਸ. ਆਈ.ਜੀ.ਪੀ., ਸ੍ਰੀ ਗੌਰਵ ਯਾਦਵ ਕਮਿਸ਼ਨਰ ਪੁਲਿਸ ਜਲੰਧਰ, ਸ੍ਰੀ ਸ਼ਸੀ ਪ੍ਰਭਾ ਦਿਵੇਦੀ ਆਈ.ਪੀ.ਐਸ. ਡੀ.ਆਈ.ਜੀ., ਸ੍ਰੀ ਆਰ.ਐਲ.ਭਗਤ ਆਈ.ਪੀ.ਐਸ. ਡੀ.ਆਈ.ਜੀ.,ਸ੍ਰੀ ਸੁਰਿੰਦਰ ਸਿੰਘ ਸੋਢੀ ਆਈ.ਪੀ.ਐਸ. ਡੀ.ਆਈ.ਜੀ. ਪ੍ਰਸਾਸ਼ਨ ਪੀਏਪੀ, ਸ੍ਰੀ ਅਰੁਣਪਾਲ ਸਿੰਘ ਆਈ.ਪੀ.ਐਸ.ਡੀਂਆਈਜੀ, ਸ੍ਰੀ ਦਵਿੰਦਰ ਸਿੰਘ ਗਰਚਾ ਆਈ.ਪੀ.ਐਸ. ਡੀ.ਆਈ.ਜੀ., ਸ੍ਰੀ ਲੋਕ ਨਾਥ ਆਂਗਰਾ ਆਈ.ਪੀ.ਐਸ. ਡੀ.ਆਈ.ਜੀ. ਅਤੇ ਹੋਰ ਸੀਨੀਅਰ ਅਫਸਰ ਸਾਹਿਬਾਨ ਨੇ ਵੀ ਸ਼ਹੀਦੀ ਸਮਾਰਕ ਤੇ ਅਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਤੇ ਸ੍ਰੀ ਸੁਖਦੇਵ ਸਿੰਘ ਕਮਾਂਡੈਂਟ ਸਪੋਰਟਸ ਵਿੰਗ ਪੀਏਪੀ ਨੇ ਪਿਛਲੇ ਸਾਲ ਸਮੁੱਚੇ ਭਾਰਤ ਵਿਚ ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ 693 ਪੁਲਿਸ ਅਫਸਰਾਂ ਤੇ ਜਵਾਨਾਂ ਦੇ ਨਾਂਅ ਪੜ੍ਹੇ ਅਤੇ ਸ੍ਰੀ ਪਵਨ ਕੁਮਾਰ ਉੱਪਲ ਕਮਾਂਡੰਟ ਪੀ.ਏ.ਪੀ.ਟਰੈਨਿੰਗ ਸੈਂਟਰ ਨੇ ਆਏ ਹੋਏ ਮਹਿਮਾਨਾਂ ਨੂੰ ਪ੍ਰੋਗਰਾਮ ਦੇ ਵੇਰਵਿਆਂ ਤੋਂ ਜਾਣੂ ਕਰਵਾਇਆ।
ਇਸ ਤੋਂ ਬਾਅਦ ਉਨ੍ਹਾਂ ਜਲੰਧਰ ਪੁਲਿਸ ਕਮਿਸ਼ਨਰੇਟ ਦੇ ਥਾਣਾ ਨੰਬਰ 3 ਵਿਚ ਜਲੰਧਰ ਪੁਲਿਸ ਫੇਸ ਬੁੱਕ ਤੇ ਸੁਵਿਧਾ ਦਾ ਉਦਘਾਟਨ ਕੀਤਾ।ਉਨ੍ਹਾਂ ਕਿਹਾ ਕਿ ਹੁਣ ਲੋਕ ਫੇਸ ਬੁੱਕ ਤੇ ਪੁਲਿਸ ਨੂੰ ਅਪਣੀਆਂ ਸਮੱਸਿਆਵਾਂ ਦੱਸ ਸਕਣਗੇ ਅਤੇ ਪੁਲਿਸ ਵਲੋਂ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਸਬੰਧੀ ਫੇਸ ਬੁੱਕ ਤੇ ਸੂਚਿਤ ਕੀਤਾ ਜਾਵੇਗਾ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਜੀ.ਪੀ.ਪੰਜਾਬ ਪੁਲਿਸ ਨੇ ਕਿਹਾ ਕਿ ਆਉਂਦੀਆਂ ਪੰਜਾਬ ਵਿਧਾਨਸਭਾ ਚੋਣਾਂ ਵਿਚ ਪੰਜਾਬ ਪੁਲਿਸ ਚੋਣਾਂ ਦੌਰਾਨ ਸੁਰੱਖਿਆ ਦੀ ਅਗਵਾਈ ਕਰੇਗੀ ਅਤੇ ਕੇਂਦਰ ਤੋਂ ਬੁਲਾਏ ਗਏ ਹੋਰ ਸੁਰੱਖਿਆ ਬੱਲ ਚੋਣਾਂ ਦੀ ਸੁਰੱਖਿਆ ਵਿੱਚ ਉਨ੍ਹਾਂ ਦਾ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਸੁਰੱਖਿਆ ਲਈ ਜਿੰਨੀਆਂ ਸੁਰੱਖਿਆ ਬੱਲਾਂ ਦੀਆਂ ਟੁਕੜੀਆਂ ਦੀ ਲੋੜ ਹੋਵੇਗੀ ਕੇਂਦਰ ਤੋਂ ਉੱਨੀ ਪੁਲਿਸ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਚੋਣਾਂ ਵਾਸਤੇ ਬਿਲਕੁਲ ਤਿਆਰ ਹੈ ਅਤੇ ਪੰਜਾਬ ਵਿੱਚ ਚੋਣਾਂ ਅਮਨ ਅਮਾਨ ਨਾਲ ਕਰਵਾਈਆਂ ਜਾਣਗੀਆਂ। ਇਸ ਮੌਕੇ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਦਾਗੀ ਪੁਲਿਸ ਅਫਸਰਾਂ ਨੂੰ ਕੱਢੇ ਜਾਣ ਸਬੰਧੀ ਦਿੱਤੇ ਗਏ ਹੁਕਮਾਂ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਪੂਰੀ ਤਰ੍ਹਾਂ ਕਾਨੂੰਨੀ ਤੌਰ ਤੇ ਘੋਖਿਆ ਜਾ ਰਿਹਾ ਹੈ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਪਿਛਲੇ ਦਿਨੀ ਅੰਬਾਲਾ ਵਿਖੇ ਭਾਰੀ ਮਾਤਰਾ ਵਿਚ ਫੜੀ ਆਰ.ਡੀ.ਐਕਸ ਦੇ ਸਬੰਧ ਵਿਚ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ  ਪੰਜਾਬ ਪੁਲਿਸ ਦੇ ਨਾਲ ਨਾਲ ਹਰਿਆਣਾ ਅਤੇ ਦਿੱਲੀ ਪੁਲਿਸ ਪੂਰੀ ਤਰ੍ਹਾਂ ਚੌਕਸ ਹੈਅਤੇ ਜਿਸ ਦੇ ਸਿੱਟੇ ਵਜੋਂ ਇਹ ਭਾਰੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਫੜੀ ਗਈ ਹੈ। 

Translate »