ਅੰਮ੍ਰਿਤਸਰ – ਰੂਹਾਨੀਅਤ ਨੂੰ ਕੇਂਦਰ ‘ਚ ਰੱਖਕੇ ਮਨੁੱਖੀ ਜ਼ਿੰਦਗੀ ਦੇ ਵਿਭਿੰਨ ਪਹਿਲੂਆਂ ਲਈ ਗਿਆਨ ਦਾ ਪਰਿਪੇਖ ਤਲਾਸ਼ ਰਹੀ ਸੰਸਥਾ ਨਾਦ ਪ੍ਰਗਾਸੁ ਵੱਲੋਂ ਅੱਜ ਇਥੇ ਦਸਮੇਸ਼ ਐਵਿਨਿਊ ਸਥਿਤ ਆਪਣੇ ਦਫ਼ਤਰ ਵਿਖੇ ‘ਵਿਸ਼ਵ ਧਰਮਾਂ ਦੀ ਨੁਹਾਰ’ ਭੂਮਿਕਾ ਅਤੇ ਦਿਸ਼ਾ ਸਬੰਧੀ ਇਕ ਗਿਆਨ ਗੋਸ਼ਟੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਬੁਲਾਰਿਆਂ ਨੇ ਇਸ ਗੱਲ ‘ਤੇ ਜ਼ੋਰ ਦਿਤਾ ਕਿ ਆਪਣੀ ਸੱਭਿਅਤਾ ਦੇ ਨਕਸ਼ ਨਿਗਾਰ ਘੜਨ ਲਈ ਸ਼ਬਦ ਦੀ ਰੌਸ਼ਨੀ ਵਿਚ ਪੱਛਮੀ ਸੰਸਕ੍ਰਿਤੀ ਦੇ ਅਧਾਰਾਂ ਨਾਲ ਸੰਬਾਦ ਰਚਾਇਆ ਜਾਣਾ ਚਾਹੀਦਾ ਹੈ।
ਹਰਿਦੁਆਰ ਤੋਂ ਪੁੱਜੇ ‘ਵੇਦਾਂਤ ਦਰਸ਼ਨ’ ਦੇ ਪ੍ਰਮੁੱਖ ਵਿਆਖਿਆਕਾਰ ਸਵਾਮੀ ਅਖੰਡਾਨੰਦ ਗਿਰੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਇਹ ਕਿਹਾ ਕਿ ਜੇਕਰ ਵੇਦਾਂਤ ਦਰਸ਼ਨ ਦਾ ਸੰਖੇਪ ਨਿਚੋੜ ਕੱਢਣਾ ਹੋਵੇ ਤਾਂ ਇਹ ਵਿਰੋਧਾਂ ਤੋਂ ਮੁਕਤੀ ਹੈ। ਉਨ੍ਹਾਂ ਕਿਹਾ ਕਿ ਵੇਦਾਂਤ ਅਨੁਸਾਰ ਜਦੋਂ ਸਭ ਕੁਝ ਹੀ ਬ੍ਰਹਮ ਹੈ ਤਾਂ ਫਿਰ ਕੋਈ ਵੀ ਦਵੰਦਾਤਮਿਕਤਾ ਸਦੀਵੀ ਸਤਿ ‘ਤੇ ਕਦੇ ਵੀ ਗਾਲਿਬ ਨਹੀਂ ਹੋ ਸਕਦੀ। ਉਨ੍ਹਾਂ ਨੇ ਵਿਸ਼ਵ ਧਰਮਾਂ ਦੀ ਮੂਲ ਆਤਮਾ ਨੂੰ ਆਧਾਰ ਬਣਾ ਕੇ ਜ਼ਿੰਦਗੀ ਦੇ ਵਿਭਿੰਨ ਸਰੋਕਾਰਾਂ ਅਤੇ ਪਾਸਾਰਾਂ ਵਾਸਤੇ ਗਿਆਨ ਦਾ ਵਿਸਮਾਦੀ ਪਰਿਪੇਖ ਸਿਰਜਣ ਲਈ ਵਿਸ਼ਵ ਧਰਮਾਂ ਦੇ ਤੁਲਨਾਤਮਕ ਅਧਿਐਨ ਵੱਲ ਰੁਚਿਤ ਹੋਣ ਦਾ ਸੱਦਾ ਦਿੰਦਿਆਂ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਸੁੰਦਰ ਨਗਰ ਵਿਖੇ ਜਲਦ ਹੀ ਆਪਣੇ ਨਿਜੀ ਵਿੱਤੀ ਸੋਮਿਆਂ ਰਾਹੀਂ ਇਕ ‘ਕੰਪੈਰੇਟਿਵ ਸਟੱਡੀ ਸੈਂਟਰ ਆਫ਼ ਵਰਲਡ ਰੀਲਿਜਨਜ਼’ ਦੀ ਸਥਾਪਨਾ ਦਾ ਐਲਾਨ ਵੀ ਕੀਤਾ ।
‘ਨਾਦ ਪ੍ਰਗਾਸੁ’ ਸੰਸਥਾ ਦੇ ਡਾਇਰੈਕਟਰ ਪ੍ਰੋ: ਜਗਦੀਸ਼ ਸਿੰਘ ਨੇ ਆਪਣੀ ਭਾਵਪੂਰਤ ਤਕਰੀਰ ਵਿਚ ਕਿਹਾ ਕਿ ਵੱਖ ਵੱਖ ਧਰਮਾਂ ਦੇ ਪੈਰੋਕਾਰਾਂ ਵਿਚ ਅੱਜ ਉਭਰ ਰਹੇ ਮਜ਼੍ਹਬੀ ਸੰਕੀਰਣਤਾ ਦੇ ਵਰਤਾਰੇ ਪਿਛੇ ਦਰਅਸਲ ਬਸਤੀਵਾਦੀ ਚਿੰਤਨ ਦੇ ਰਾਜਸੀ ਅਤੇ ਸਾਜ਼ਿਸ਼ੀ ਮਨਸ਼ੇ ਕੰਮ ਰਹੇ ਵਰਤਾਰੇ ਅਤੇ ਇਸ ਨੂੰ ‘ਸ਼ਬਦ’ ਦੀ ਰੌਸ਼ਨੀ ਵਿਚ ਪਛਾਣ ਕੇ ਹੀ ਮਨੁੱਖੀ ਜ਼ਿਦੰਗੀ ਦੀ ਅਸਲ ਸੁਤੰਤਰ ਬਣਤਰ ਢੂੰਡੀ ਜਾ ਸਕਦੀ ਹੈ । ਉਨ੍ਹਾਂ ਕਿਹਾ ਕਿ ਭਾਰਤੀ ਸਭਿਅਤਾ ਨੇ ‘ਸ਼ਬਦ’ ਦੀ ਲੋਅ ਵਿਚ ਮਨੁੱਖੀ ਜੀਵਨ ਦੇ ਵਿਭਿੰਨ ਪਾਸਾਰਾਂ ਨੂੰ ਸਭਿਅਤਾ ਦਾ ਰੂਪ ਦਿੱਤਾ ਹੈ ਜਦਕਿ ਪੱਛਮ ਨੇ ਸਮਾਜ ਸ਼ਾਸਤਰੀ ਅਤੇ ਮਨੋਵਿਗਿਆਨਕ ਨਜ਼ਰੀਏ ਤੋਂ ਆਰਥਿਕ, ਰਾਜਸੀ ਅਤੇ ਫ਼ੌਜੀ ਬਲ ਦੇ ਵਿਧਾਨ ਦੀ ਸਭਿਅਤਾ ਦੀ ਸਿਰਜਣਾ ਕੀਤੀ ਹੈ । ਇਸ ਕਰਕੇ ਸਾਨੂੰ ਆਪਣੀ ਸਭਿਅਤਾ ਦੇ ਨਕਸ਼ ਘੜਨ ਲਈ ਪੱਛਮੀ ਸੰਸਕ੍ਰਿਤੀ ਦੇ ਇਨ੍ਹਾਂ ਆਧਾਰਾਂ ਨਾਲ ਸੰਬਾਦ ਰਚਾਉਣਾ ਹੋਵੇਗਾ । ਸੂਫੀ ਸੰਵਾਦ ਸੰਸਥਾ (ਰਜਿ:) ਪੰਜਾਬ ਦੇ ਪ੍ਰਧਾਨ ਸ੍ਰੀ ਹਰਕੰਵਲ ਕੋਰਪਾਲ ਨੇ ਅਨੁਭਵ ਦੇ ਪੱਧਰ ‘ਤੇ ਗੁਰਮਤਿ, ਸੂਫ਼ੀਵਾਦ ਅਤੇ ਵੇਦਾਂਤ ਦੀ ਡੂੰਘੀ ਸਾਂਝ ਦੀ ਚਰਚਾ ਕਰਦਿਆਂ ਕਿਹਾ ਕਿ ਵਜੂਦ ਦੀ ਤਿਲਾਵਤ ਕੀਤੇ ਬਗ਼ੈਰ ਵਿਸ਼ਵ ਧਰਮਾਂ ਦੀ ਮੂਲ ਆਤਮਾ ਬਾਰੇ ਪ੍ਰਵਚਨ ਬੇਮਾਅਨਾ ਹੈ ਅਤੇ ਸੂਫ਼ੀਆਂ ਨੇ ‘ਵਹਦਤ-ਉਲ-ਵਜੂਦ’ (ਸਭ ਕੁਝ ਖ਼ੁਦਾ ਹੈ) ਦਾ ਹੋਕਾ ਦੇਕੇ ਸੁਗਿਆਨ ਦਾ ਠੋਸ ਪਰਿਪੇਖ ਦਿਤਾ ਹੈ।
ਨੌਜੁਆਨ ਸਾਰੰਗੀ ਵਾਦਕ ਬਲਜਿੰਦਰ ਸਿੰਘ ਵੱਲੋਂ ਵਜਾਈ ਸਾਰੰਗੀ ਦੀ ਮਧੁਰ ਤਾਨ ਸ਼ੁਰੂ ਹੋਈ ਇਸ ਗਿਆਨ ਗੋਸ਼ਟੀ ਤੋਂ ਪਹਿਲਾਂ ਰੂਹਾਨੀ ਰੰਗ ਦੀ ਸ਼ਾਇਰੀ ਵਾਲੇ ਕਵੀ ਦਰਬਾਰ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਤੋਂ ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਸੁਖਵਿੰਦਰ ਸਿੰਘ ( ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ), ਹਰਪ੍ਰੀਤ ਸਿੰਘ, ਹਰਕੰਵਲ ਸਿੰਘ ਕੋਰਪਾਲ, ਜੋਗਿੰਦਰ ਸਿੰਘ ਅਤੇ ਵਰਿੰਦਰਪਾਲ ਸਿੰਘ ਨੇ ਆਪਣੀਆਂ ਕਵਿਤਾਵਾਂ ਦੀ ਛਹਿਬਰ ਲਾਈ। ਮੰਚ ਸੰਚਾਲਕ ਪ੍ਰੋ. ਸੁਖਵਿੰਦਰ ਸਿਂੰਘ ਨੇ ਸੰਸਥਾ ਦੇ ਦ੍ਰਿਸ਼ਟੀਕੋਣ, ਮੰਤਵ ਅਤੇ ਸਰਗਰਮੀਆਂ ਬਾਰੇ ਚਰਚਾ ਕਰਦਿਆ ਕਿਹਾ ਕਿ ਵਿਸ਼ਵ ਧਰਮਾਂ ਦੀ ਸ਼ੁਧ ਆਤਮਾ ‘ਚ ਪਏ ਸ਼ਬਦ ਦੇ ਨਿਰਮਲ ਪ੍ਰਕਾਸ਼ ਹੇਠ ਅਜੋਕੇ ਯੁੱਗ ਦੀ ਦਾਰਸ਼ਨਿਕ ਪਰੰਪਰਾਵਾਂ ਦੇ ਅਧਾਰਾਂ ਦਾ ਸੂਖਮਤਾ ਨਾਲ ਅਧਿਐਨ ਕਰ ਰਹੀ ਹੈ। ਇਹ ਸੰਸਥਾ ਸ਼ਬਦ ਨੂੰ ਕੇਂਦਰ ‘ਚ ਰੱਖਕੇ ਜ਼ਿੰਦਗੀ ਦੇ ਵਿਭਿੰਨ ਪਹਿਲੂਆਂ ਲਈ ਗਿਆਨ ਦਾ ਸਤਿ ਪਰਿਪੇਖ ਲੱਭਣ ਦੇ ਯਤਨ ਵਿਚ ਹੈ। ਉਨ੍ਹਾਂ ਨੇ ਗਿਆਨ ਗੋਸ਼ਟੀ ਵਿਚ ਵਿਚਾਰ ਚਰਚਾ ਦੌਰਾਨ ਸਿੱਖਾਂ ਵਿਚਲੇ ਨਿਰਮਲ ਪੰਥ ਦੇ ਮੂਲ ਆਸ਼ੇ ਤੋਂ ਲਾਭ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਤ੍ਰਾਸਦੀ ਇਹ ਹੈ ਕਿ ਸਿੱਖਾਂ ਨੇ ਇਸ ਵਿਚ ਸੁਧਾਰ ਲਿਆਉਣ ਦੀ ਬਜਾਇ ਗੁਰੂ ਗੋਬਿੰਦ ਸਿੰਘ ਵੱਲੋਂ ਸਾਜੇ ਨਿਰਮਲ ਪੰਥ ਨੂੰ ਦਰਕਿਨਾਰ ਕਰ ਦਿੱਤਾ ਹੈ। ਗੋਸ਼ਟੀ ਅਤੇ ਕਵੀ ਦਰਬਾਰ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਹੋਰਨਾਂ ਤੋਂ ਇਲਾਵਾ ‘ਦੈਨਿਕ ਭਾਸਕਰ’ ਦੇ ਸਾਬਕਾ ਨਿਊਜ਼ ਐਡੀਟਰ ਸੰਮੀ ਸਰੀਨ ਸਮੇਤ ‘ਓਸ਼ੋਧਾਰਾ’ ਦੇ ਸਵਾਮੀ ਓਸ਼ੋ ਅੰਮ੍ਰਿਤ, ਪ੍ਰੋ. ਗੁਰਬਖ਼ਸ਼ ਸਿੰਘ (ਖਾਲਸਾ ਕਾਲਜ), ਪ੍ਰੋ. ਪਰਮਜੀਤ ਸਿੰਘ, ਰਾਕੇਸ਼ ਸਰਮਾ, ਠੇਕੇਦਾਰ ਸੁਦਰਸ਼ਨ ਭੱਲਾ, ਸ੍ਰੀ ਮਾਨ ਪੂਰਨ ਚੰਦ ਸਮੇਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜਾਰਥੀ ਵੀ ਸ਼ਾਮਿਲ ਸਨ।